ਹਲਕੇ ’ਚ ਭਾਜਪਾ ਦੀ ਟਿਕਟ ਨੂੰ ਲੈ ਕੇ ਸਰਗਰਮੀਆਂਤੇਜ਼
ਸ਼੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਭਾਜਪਾ ਅੰਦਰ ਟਿਕਟ ਨੂੰ ਲੈ ਕੇ ਸਰਗਰਮੀਆਂ ਹੋਈਆਂ ਤੇਜ਼
Publish Date: Tue, 17 Feb 2026 06:57 PM (IST)
Updated Date: Tue, 17 Feb 2026 07:00 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ਼੍ਰੀ ਆਨੰਦਪੁਰ ਸਾਹਿਬ : ਵਿਧਾਨ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਵਿਚ 2027 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਅੰਦਰ ਸਿਆਸੀ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਟਿਕਟ ਨੂੰ ਲੈ ਕੇ ਪਾਰਟੀ ਆਗੂਆਂ ਵੱਲੋਂ ਖੁੱਲ੍ਹ ਕੇ ਦਾਅਵੇਦਾਰੀਆਂ ਜਤਾਉਣ ਨਾਲ ਹਲਕੇ ਵਿਚ ਪਾਰਟੀ ਅੰਦਰੂਨੀ ਖਿੱਚਤਾਣ ਸਾਹਮਣੇ ਆ ਰਹੀ ਹੈ। ਨਗਰ ਕੌਂਸਲ ਨੰਗਲ ਦੇ ਸਾਬਕਾ ਪ੍ਰਧਾਨ ਰਾਜੇਸ਼ ਚੌਧਰੀ ਨੇ ਵਿਧਾਨ ਸਭਾ ਟਿਕਟ ਲਈ ਆਪਣੀ ਦਾਅਵੇਦਾਰੀ ਖੁੱਲ੍ਹੇ ਤੌਰ ‘ਤੇ ਜਤਾਈ ਹੈ। ਉਨ੍ਹਾਂ ਕਿਹਾ ਕਿ ਉਹ ਕਰੀਬ 20 ਸਾਲਾਂ ਤੋਂ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਤਿੰਨ ਵਾਰ ਕੌਂਸਲਰ ’ਤੇ ਇਕ ਵਾਰ ਨਗਰ ਕੌਂਸਲ ਨੰਗਲ ਦੇ ਪ੍ਰਧਾਨ ਵੱਜੋਂ ਸੇਵਾ ਕਰ ਚੁੱਕੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਜੇ ਪਾਰਟੀ ਹਾਈਕਮਾਂਡ ਉਨ੍ਹਾਂ ਨੂੰ ਮੌਕਾ ਦਿੰਦੀ ਹੈ ਤਾਂ ਉਹ ਇਹ ਸੀਟ ਜਿੱਤ ਕੇ ਭਾਜਪਾ ਦੇ ਖਾਤੇ ਵਿਚ ਪਾਉਣਗੇ। ਉਨ੍ਹਾਂ ਦੇ ਇਸ ਬਿਆਨ ਨੂੰ ਹਲਕੇ ਵਿਚ ਸਿੱਧੀ ਦਾਅਵੇਦਾਰੀ ਵਜੋਂ ਦੇਖਿਆ ਜਾ ਰਿਹਾ ਹੈ। ਦੂਜੇ ਪਾਸੇ, ਪਾਰਟੀ ਦੇ ਮੌਜੂਦਾ ਹਲਕਾ ਇੰਚਾਰਜ ਤੇ ਦੋ ਵਾਰ ਭਾਜਪਾ ਦੀ ਟਿਕਟ ’ਤੇ ਵਿਧਾਨ ਸਭਾ ਚੋਣਾਂ ਲੜ੍ਹ ਚੁੱਕੇ ਡਾ. ਪਰਮਿੰਦਰ ਸ਼ਰਮਾ ਨੇ ਕਿਹਾ ਕਿ ਭਾਜਪਾ ਵਿਚ ਟਿਕਟ ਸਿਰਫ਼ ਦਾਅਵੇਦਾਰੀ ਦੇ ਆਧਾਰ ‘ਤੇ ਨਹੀਂ ਮਿਲਦੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਟਿਕਟ ਉਸ ਵਰਕਰ ਨੂੰ ਦਿੱਤੀ ਜਾਂਦੀ ਹੈ ਜੋ ਮੈਦਾਨ ਵਿੱਚ ਸਰਗਰਮ ਤੌਰ ‘ਤੇ ਕੰਮ ਕਰਦਾ ਹੈ ਅਤੇ ਅੰਤਿਮ ਫੈਸਲਾ ਹਾਈਕਮਾਂਡ ਵੱਲੋਂ ਹੀ ਕੀਤਾ ਜਾਂਦਾ ਹੈ। ਡਾ. ਸ਼ਰਮਾ ਨੇ ਇਹ ਵੀ ਕਿਹਾ ਕਿ ਪਾਰਟੀ ਅਨੁਸ਼ਾਸਨ ਅਨੁਸਾਰ ਹਰ ਕਿਸੇ ਨੂੰ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਹੈ। ਇਸ ਤਰ੍ਹਾਂ ਦੋਨੋਂ ਧੜਿਆਂ ਦੇ ਬਿਆਨਾਂ ਨਾਲ ਹਲਕੇ ਵਿਚ ਭਾਜਪਾ ਅੰਦਰ ਗੁੱਟਬੰਦੀ ਦੀ ਚਰਚਾ ਤੇਜ਼ ਹੋ ਗਈ ਹੈ। ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਜੇ ਇਹ ਗੁੱਟਬਾਜ਼ੀ ਜਾਰੀ ਰਹੀਆਂ ਤਾਂ ਇਸ ਦਾ ਲਾਭ ਵਿਰੋਧੀ ਪਾਰਟੀਆਂ ਨੂੰ ਹੋ ਸਕਦਾ ਹੈ। ਕਿਸੇ ਸਮੇਂ ਭਾਜਪਾ ਦਾ ਕਿਲ੍ਹਾ ਮੰਨੀ ਜਾਂਦੀ ਵਿਧਾਨ ਸਭਾ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾਕਟਰ ਪਰਮਿੰਦਰ ਸ਼ਰਮਾਂ ਪਿਛਲੀਆਂ ਦੋ ਚੋਣਾਂ ਹਾਰ ਚੁੱਕੇ ਹਨ ’ਤੇ ਮੌਜੂਦਾ ਸਮੇਂ ਧੜ੍ਹਿਆਂ ‘ਚ ਵੰਡੀ ਭਾਜਪਾ ਦੇ ਇਕੱਲਿਆਂ ਪੈਰ ਲੱਗਣੇ ਸੌਖੇ ਨਹੀਂ ਲਗਦੇ। ਇਸੇ ਹੀ ਹਲਕੇ ਤੋਂ ਭਾਜਪਾ ਦੇ ਕੈਬਨਿਟ ਮੰਤਰੀ ਰਹੇ ਮਦਨ ਮੋਹਨ ਮਿੱਤਲ ਦੇ ਸਪੁੱਤਰ ਐਡਵੋਕੇਟ ਅਰਵਿੰਦ ਮਿੱਤਲ ਸਮੇਤ ਲਗਭਗ ਅੱਧੀ ਦਰਜਨ ਤੋਂ ਵੱਧ ਟਿਕਟ ਦੇ ਚਾਹਵਾਨਾਂ ਵੱਲੋਂ ਆਪਣੇ ਸੀਨੀਅਰ ਨੇਤਾਵਾਂ ਨਾਲ ਤਾਰਾ ਜੋੜੀਆਂ ਜਾ ਰਹੀਆਂ ਹਨ ਚੋਣਾਂ ਨੇੜੇ ਆਉਣ ਨਾਲ ਸਿਆਸੀ ਤਾਪਮਾਨ ਹੋਰ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।