52 ਕਰੋੜ ਦੇ ਡੰਗੇ ਬਣਨਗੇ ਪਿੰਡਾਂ ਦੀ ਢਾਲ : ਹਰਜੋਤ ਸਿੰਘ ਬੈਂਸ
ਹੜ੍ਹਾਂ ਤੋਂ ਬਚਣਗੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਦਰਜਨਾਂ ਪਿੰਡ, 52 ਕਰੋੜ ਦੇ ਡੰਗੇ
Publish Date: Sat, 14 Feb 2026 06:56 PM (IST)
Updated Date: Sat, 14 Feb 2026 07:00 PM (IST)

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ਼੍ਰੀ ਅਨੰਦਪੁਰ ਸਾਹਿਬ : ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਹਲਕਾ ਵਾਸੀਆਂ ਨਾਲ ਵੱਡੀ ਖੁਸ਼ਖਬਰੀ ਸਾਂਝੀ ਕਰਦਿਆਂ ਦੱਸਿਆ ਕਿ ਦਰਿਆ ਨਜ਼ਦੀਕ ਵੱਸਦੇ ਦਰਜਨਾਂ ਪਿੰਡਾਂ ਨੂੰ ਬਰਸਾਤਾਂ ਦੌਰਾਨ ਹੜ੍ਹਾਂ ਤੋਂ ਬਚਾਉਣ ਲਈ ਲਗਭਗ 52 ਕਰੋੜ ਰੁਪਏ ਦੀ ਲਾਗਤ ਨਾਲ ਡੰਗੇ ਲਗਾਉਣ ਦੇ ਇਤਿਹਾਸਿਕ ਪ੍ਰੋਜੈਕਟ ਦੀ ਜਲਦ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਹਰ ਸਾਲ ਬਰਸਾਤਾਂ ਦੌਰਾਨ ਸਵਾਂ ਨਦੀ ਅਤੇ ਭਾਖੜਾ ਡੈਮ ਵਿਚੋਂ ਸਤਲੁਜ ਦਰਿਆ ਵਿਚ ਵਾਧੂ ਪਾਣੀ ਛੱਡੇ ਜਾਣ ਕਾਰਨ ਦਰਜਨਾਂ ਪਿੰਡ ਪ੍ਰਭਾਵਿਤ ਹੁੰਦੇ ਹਨ, ਜਿਸ ਨਾਲ ਹੜ੍ਹਾਂ ਵਰਗੀ ਸਥਿਤੀ ਬਣ ਜਾਂਦੀ ਹੈ ਅਤੇ ਲੋਕਾਂ ਨੂੰ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਝੱਲਣਾ ਪੈਂਦਾ ਹੈ। ਬੈਸ ਨੇ ਦੱਸਿਆ ਕਿ ਪਿਛਲੇ ਸਾਲ ਵੀ ਲਗਭਗ 20 ਕਰੋੜ ਰੁਪਏ ਦੀ ਲਾਗਤ ਨਾਲ ਕਈ ਪਿੰਡਾਂ ਵਿਚ ਡੰਗੇ ਲਗਾਏ ਗਏ ਸਨ, ਜਿਸ ਨਾਲ ਹੜ੍ਹਾਂ ਕਾਰਨ ਹੋਣ ਵਾਲੇ ਵੱਡੇ ਨੁਕਸਾਨ ਤੋਂ ਕਾਫੀ ਹੱਦ ਤੱਕ ਬਚਾਅ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਸਮਾਂ ਰਹਿੰਦਿਆਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣਗੇ ਤਾਂ ਜੋ ਪਿੰਡਾਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਇਆ ਜਾ ਸਕੇ। ਕੈਬਨਿਟ ਮੰਤਰੀ ਨੇ ਦੱਸਿਆ ਕਿ 1 ਕਰੋੜ ਰੁਪਏ ਦੀ ਲਾਗਤ ਨਾਲ ਦਸਗਰਾਈਂ ਅਤੇ ਮਹੈਣ ਪਿੰਡ ਵਿੱਚ 9 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਹਰਸਾਬੇਲਾ ਵਿੱਚ 2200 ਫੁੱਟ ਲੰਬਾ ਡੰਗਾ, ਮਹਿੰਦਲੀ ਕਲਾਂ ਵਿੱਚ ਪੋਣੇ 9 ਕਰੋੜ ਰੁਪਏ ਦੀ ਲਾਗਤ ਨਾਲ 1800 ਫੁੱਟ ਲੰਬਾ ਡੰਗਾ, ਪਿੰਡ ਅਗੰਮਪੁਰ ਵਿੱਚ 12 ਕਰੋੜ ਰੁਪਏ ਦੀ ਲਾਗਤ ਨਾਲ 3200 ਫੁੱਟ ਲੰਬਾ ਡੰਗਾ, ਪਿੰਡ ਬੁਰਜ਼ ਵਿੱਚ 7 ਕਰੋੜ ਰੁਪਏ ਦੀ ਲਾਗਤ ਨਾਲ 700 ਫੁੱਟ ਲੰਬਾ ਡੰਗਾ, ਪਿੰਡ ਅਜੋਲੀ ਵਿੱਚ 3.5 ਕਰੋੜ ਰੁਪਏ ਦੀ ਲਾਗਤ ਨਾਲ 750 ਫੁੱਟ ਲੰਬਾ ਡੰਗਾ ਅਤੇ ਪਿੰਡ ਲੋਧੀਪੁਰ ਵਿੱਚ 9 ਕਰੋੜ ਰੁਪਏ ਦੀ ਲਾਗਤ ਨਾਲ 2000 ਫੁੱਟ ਲੰਬਾ ਡੰਗਾ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਲਗਭਗ 32 ਕਰੋੜ ਰੁਪਏ ਦੇ ਹੋਰ ਪ੍ਰੋਜੈਕਟਾਂ ਦੀ ਕਾਗਜ਼ੀ ਕਾਰਵਾਈ ਜਾਰੀ ਹੈ ਤੇ ਜਲਦ ਹੀ ਸ਼ੁਰੂ ਕੀਤੇ ਜਾਣਗੇ। ਇਹ ਸਾਰੇ ਪ੍ਰੋਜੈਕਟ ਪੂਰੇ ਹੋਣ ਉਪਰੰਤ ਹਲਕੇ ਵਿੱਚ ਡੰਗੇ ਲਗਾਉਣ ਦਾ ਕੰਮ ਕੁੱਲ 82 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋ ਜਾਵੇਗਾ।ਕੈਬਨਿਟ ਮੰਤਰੀ ਨੇ ਦੱਸਿਆ ਕਿ ਪਿੰਡ ਥਲੂਹ, ਨਾਨਗਰਾਂ, ਤ੍ਰਿਵੈਣੀ ਮੰਦਿਰ, ਭਲਾਣ, ਦੋਲਾ ਬਸਤੀ ਸਮੇਤ ਦਰਜਨਾਂ ਹੋਰ ਪਿੰਡਾਂ ਵਿੱਚ ਵੀ ਇਸੇ ਪ੍ਰੋਜੈਕਟ ਤਹਿਤ ਡੰਗਿਆਂ ਦਾ ਨਿਰਮਾਣ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਦੇ ਲੋਕਾਂ ਨਾਲ ਜੋ ਵਾਅਦਾ ਕੀਤਾ ਗਿਆ ਸੀ, ਉਹ ਹੁਣ ਪੂਰੀ ਤਰ੍ਹਾਂ ਨਿਭਾਇਆ ਜਾ ਰਿਹਾ ਹੈ। ਪਿਛਲੀਆਂ ਸਰਕਾਰਾਂ ਵੱਲੋਂ ਇਨ੍ਹਾਂ ਪਿੰਡਾਂ ਨੂੰ ਸਿਰਫ਼ ਵੋਟਾਂ ਤੱਕ ਹੀ ਸੀਮਿਤ ਰੱਖਿਆ ਗਿਆ ਸੀ , ਪ੍ਰੰਤੂ ਮੌਜੂਦਾ ਸਰਕਾਰ ਇਨ੍ਹਾਂ ਇਲਾਕਿਆਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਇੱਕ ਪਾਸੇ 82 ਕਰੋੜ ਰੁਪਏ ਦੇ ਡੰਗਿਆਂ ਦੇ ਕੰਮ ਸ਼ੁਰੂ ਹੋ ਰਹੇ ਹਨ, ਉੱਥੇ ਹੀ 100 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬੇਲਿਆਂ ਦੇ ਪਿੰਡਾਂ ਵਿੱਚ 3 ਨਵੇਂ ਪੁੱਲਾਂ ਦਾ ਨਿਰਮਾਣ ਕਾਰਜ ਵੀ ਜੰਗੀ ਪੱਧਰ ’ਤੇ ਜਾਰੀ ਹੈ, ਜਿਸ ਨਾਲ ਹੜ੍ਹਾਂ ਦੌਰਾਨ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।