ਗੁਰੂ ਕਾ ਲਾਹੋਰ ਵਿਖੇ ਦੋ ਦਿਨਾਂ ਸਾਲਾਨਾ ਜੌੜ ਮੇਲਾ ਜਾਹੋ-ਜਲਾਲ ਨਾਲ ਹੋਇਆ ਸੰਪਨ
ਗੁਰੂ ਕਾ ਲਾਹੋਰ ਵਿਖੇ ਦੋ ਦਿਨਾਂ ਸਲਾਨਾ ਜੌੜ ਮੇਲਾ ਜਾਹੋ-ਜਲਾਲ ਨਾਲ ਹੋਇਆ ਸੰਪਨ
Publish Date: Sat, 24 Jan 2026 04:53 PM (IST)
Updated Date: Sat, 24 Jan 2026 04:55 PM (IST)

ਭਾਰੀ ਬਾਰਿਸ਼ ਦੇ ਬਾਵਜੂਦ ਵੱਡੀ ਗਿਣਤੀ ਵਿਚ ਸੰਗਤਾਂ ਗੁਰੂ ਘਰ ਹੋਈਆਂ ਨਤਮਸਤਕ ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ਼੍ਰੀ ਆਨੰਦਪੁਰ ਸਾਹਿਬ, ਕਲਗੀਧਰ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਜੀਤ ਕੌਰ ਜੀ ਦੇ ਅਨੰਦਕਾਰਜ ਵਿਆਹ ਪੁਰਬ ਦੇ ਦੋ ਰੋਜ਼ਾ ਸਮਾਗਮ ਅੱਜ ਜੈਕਾਰਿਆਂ ਦੀ ਗੂੰਜ ਦੇ ਨਾਲ ਸਮਾਪਤ ਹੋ ਗਏ। ਅੱਜ ਜੋੜ ਮੇਲੇ ਦੇ ਦੂਸਰੇ ਦਿਨ ਭਾਰੀ ਬਾਰਿਸ਼ ਦੇ ਬਾਵਜੂਦ ਭਾਰੀ ਗਿਣਤੀ ਵਿਚ ਸੰਗਤਾਂ ਗੁਰੂ ਘਰ ਨਤਮਸਤਕ ਹੋਈਆਂ। ਇਸ ਮੌਕੇ ’ਤੇ ਗੁਰਦੁਆਰਾ ਸ੍ਰੀ ਅਨੰਦ ਕਾਰਜ ਸਾਹਿਬ, ਗੁਰੂ ਕਾ ਲਾਹੌਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਵਿਸ਼ਾਲ ਦੀਵਾਨ ਸਜਾਏ ਗਏ ਜਿਸ ਵਿਚ ਵੱਖ-ਵੱਖ ਰਾਗੀ ਅਤੇ ਢਾਡੀ ਜਥਿਆਂ ਵੱਲੋਂ ਹਾਜ਼ਰੀ ਭਰੀ ਗਈ। ਇਸ ਮੋਕੇ ਵਿਸ਼ੇਸ਼ ਤੋਰ ’ਤੇ ਪਹੁੰਚੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਮੂਹ ਸੰਗਤਾਂ ਨੂੰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਦੀਆਂ ਵਧਾਈਆਂ ਦਿੰਦਿਆਂ ਦਸਵੇਂ ਪਾਤਸ਼ਾਹ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ। ਉਹਨਾਂ ਸੰਗਤ ਨੂੰ ਸਾਬਤ ਸੂਰਤ ਹੋਣ ਅਤੇ ਬਾਣੀ-ਬਾਣੇ ਦੇ ਧਾਰਨੀ ਹੋਣ ਲਈ ਵੀ ਪ੍ਰੇਰਿਤ ਕੀਤਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਹੋ ਕੇ ਗੁਰੂ ਸਾਹਿਬ ਦੇ ਲੜ ਲੱਗਣ ਲਈ ਪ੍ਰੇਰਿਆ। ਨਾਲ ਹੀ ਉਹਨਾਂ ਨੇ ਮਾਂ ਬਾਪ ਨੂੰ ਸੁਨੇਹਾ ਦਿੱਤਾ ਕਿ ਆਪਣੇ ਨੌਜਵਾਨ ਹੋਏ ਧੀਆਂ ਪੁੱਤਰਾਂ ਦੇ ਸਮੇਂ ਸਿਰ ਅਨੰਦ ਕਾਰਜ ਕਰਵਾਉਣ। ਸਿੰਘ ਸਾਹਿਬ ਨੇ ਕਿਹਾ ਕਿ ਸਿੱਖਾਂ ਦੀ ਆਬਾਦੀ ਪਹਿਲਾਂ ਹੀ ਘੱਟ ਹੈ ਇਸ ਲਈ ਸੱਚੇ ਪਾਤਸ਼ਾਹ ਅੱਗੇ ਕੌਮ ਦੇ ਵਾਧੇ ਲਈ ਅਰਦਾਸ ਕੀਤੀ । ਇਸ ਮੌਕੇ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਬਾਬਾ ਸਤਨਾਮ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਸ਼੍ਰੋਮਣੀ ਕਮੇਟੀ ਦੇ ਐਗਜੈਕਟਿਵ ਮੈਂਬਰ ਦਲਜੀਤ ਸਿੰਘ ਭਿੰਡਰ ਨੇ ਵੀ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ। ਸਮਾਗਮਾਂ ਦੀ ਸਮਾਪਤੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਜੀ ਵੱਲੋਂ ਅਰਦਾਸ ਕਰਕੇ ਕੀਤੀ ਗਈ। ਇਸ ਦੌਰਾਨ ਕਿਲ੍ਹਾ ਅਨੰਦਗੜ੍ਹ ਸਾਹਿਬ ਵੱਲੋਂ ਵੱਖ-ਵੱਖ ਪ੍ਰਕਾਰ ਦੀਆਂ ਦੇਸੀ ਘਿਓ ਦੀਆਂ ਮਠਿਆਈਆਂ ਦੇ ਲੰਗਰ ਲਗਾਏ ਗਏ ਜਿੱਥੇ ਸੰਗਤਾਂ ਦਾ ਭਾਰੀ ਠਾਠਾਂ ਮਾਰਦਾ ਇਕੱਠ ਵੇਖਿਆ ਗਿਆ। ਇਸ ਮੌਕੇ ’ਤੇ ਇਲਾਕੇ ਦੇ ਪਿੰਡਾਂ ਦੇ ਲੋਕਾਂ ਵੱਲੋਂ ਸੰਗਤਾਂ ਦੇ ਲਈ ਲਗਾਏ ਗਏ ਵੱਖ-ਵੱਖ ਪ੍ਰਕਾਰ ਦੇ ਲੰਗਰਾਂ ਦੀ ਮੁੱਖ ਭੂਮਿਕਾ ਰਹੀ ਇਹਨਾਂ ਲੰਗਰਾਂ ਦੇ ਵਿਚ ਸੰਗਤਾਂ ਦਾ ਭਾਰੀ ਇਕੱਠ ਵੇਖਿਆ ਗਿਆ। ਦਸਮੇਸ਼ ਵਿਆਹ ਪੁਰਬ ਸਮਾਗਮਾਂ ਦੀ ਸਫਲਤਾ ਦੇ ਵਿੱਚ ਲਗਾਏ ਗਏ ਲੰਗਰਾਂ ਦੀ ਅਹਿਮ ਭੂਮਿਕਾ ਰਹੀ। ਇਸ ਮੌਕੇ ਕਾਰ ਸੇਵਾ ਕਿਲ੍ਹਾਂ ਅਨੰਦਗੜ੍ਹ ਸਾਹਿਬ ਬਾਬਾ ਸਤਨਾਮ ਸਿੰਘ, ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਸ਼੍ਰੋਮਣੀ ਕਮੇਟੀ ਦੇ ਐਗਜੈਕਟਿਵ ਮੈਂਬਰ ਦਲਜੀਤ ਸਿੰਘ ਭਿੰਡਰ, ਮੈਨੇਜਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਮਲਕੀਤ ਸਿੰਘ, ਵਧੀਕ ਮੈਨੇਜਰ ਐਡਵੋਕੇਟ ਹਰਦੇਵ ਸਿੰਘ, ਸੰਦੀਪ ਸਿੰਘ ਕਲੋਤਾ ਸਮੇਤ ਵੱਡੀ ਗਿਣਤੀ ਸੰਗਤ ਨੇ ਇਹਨਾਂ ਸਮਾਗਮਾਂ ’ਚ ਸ਼ਿਰਕਤ ਕੀਤੀ।