ਰੋਪੜ ਭਾਜਪਾ ਜ਼ਿਲ੍ਹਾ ਪ੍ਰਧਾਨ ਦਾ ਐਲਾਨ ਹੋਇਆ ਧੜੇਬਾਜ਼ੀ ਦਾ ਸ਼ਿਕਾਰ
ਰੋਪੜ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਐਲਾਨ ਨਾ ਹੋਣ ਕਾਰਨ ਧੜੇਬਾਜੀ ਆਈ ਸਾਹਮਣੇ
Publish Date: Fri, 23 Jan 2026 04:06 PM (IST)
Updated Date: Fri, 23 Jan 2026 04:06 PM (IST)

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਆਨੰਦਪੁਰ ਸਾਹਿਬ, ਭਾਰਤੀ ਜਨਤਾ ਪਾਰਟੀ ਵਿਚ ਰੋਪੜ ਜ਼ਿਲ੍ਹੇ ਵਿੱਚ ਵੱਖ ਵੱਖ ਧੜਿਆਂ ਵਿੱਚ ਆਪਸੀ ਗੁੱਟਬੰਦੀ ਸਾਫ਼ ਨਜ਼ਰ ਆ ਰਹੀ ਹੈ ਕਿਉ ਕਿ ਜ਼ਿਲ੍ਹਾ ਰੋਪੜ ਦੇ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਲਈ ਚੋਣ ਪ੍ਰਕਿਰਿਆ ਪੂਰੀ ਹੋਣ ਦੇ ਬਾਵਜੂਦ ਅਜੇ ਤੱਕ ਕਿਸੇ ਇੱਕ ਨਾਮ ’ਤੇ ਮੋਹਰ ਨਾ ਲੱਗਣਾ ਪਾਰਟੀ ਅੰਦਰ ਮੌਜੂਦ ਗੁੱਟਬਾਜ਼ੀ ਨੂੰ ਬੇਨਕਾਬ ਕਰ ਰਿਹਾ ਹੈ ਤੇ ਇਸ ਦੇ ਚੱਲਦਿਆਂ ਭਾਜਪਾ ਦੇ ਜਮੀਨੀ ਵਰਕਰਾਂ ਵਿੱਚ ਨਿਰਾਸ਼ਾ ਅਤੇ ਬੇਚੈਨੀ ਲਗਾਤਾਰ ਵਧ ਰਹੀ ਹੈ। ਪਾਰਟੀ ਸੂਤਰਾਂ ਮੁਤਾਬਕ, ਇਸ ਵੇਲੇ ਰੋਪੜ ਜ਼ਿਲ੍ਹਾ ਪ੍ਰਧਾਨੀ ਦੀ ਦੌੜ ਵਿੱਚ ਤਿੰਨ ਨੇਤਾ ਪ੍ਰਮੁੱਖ ਹਨ। ਇਨ੍ਹਾਂ ਵਿੱਚ ਮੌਜੂਦਾ ਜ਼ਿਲ੍ਹਾ ਪ੍ਰਧਾਨ ਅਜੇਵੀਰ ਸਿੰਘ ਲਾਲਪੁਰਾ, ਐਡਵੋਕੇਟ ਅਰਵਿੰਦ ਮਿੱਤਲ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਸ਼ਾਮਲ ਹਨ। ਤਿੰਨਾਂ ਦੇ ਆਪਣੇ-ਆਪਣੇ ਸਮਰਥਕ ਗੁੱਟ ਸਰਗਰਮ ਹਨ, ਤੇ ਇਸਦੇ ਨਾਲ ਹੀ ਦੱਸਣਯੋਗ ਹੈ ਕਿ ਅਜੇਵੀਰ ਸਿੰਘ ਲਾਲਪੁਰਾ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤੇ ਭਾਜਪਾ ਦੇ ਸੀਨੀਅਰ ਆਗੂ ਇਕਬਾਲ ਸਿੰਘ ਲਾਲਪੁਰਾ ਦੇ ਪੁੱਤਰ ਹਨ, ਇਸੇ ਤਰ੍ਹਾਂ ਅਰਵਿੰਦ ਮਿੱਤਲ ਪੰਜਾਬ ਕੈਬਨਿਟ ਦੇ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਦੇ ਪੁੱਤਰ ਹਨ ਤੇ ਦੂਜੇ ਪਾਸੇ ਜਤਿੰਦਰ ਸਿੰਘ ਅਠਵਾਲ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਦੇ ਬੇਹੱਦ ਕਰੀਬੀ ਵਜੋਂ ਜਾਣੇ ਜਾਂਦੇ ਹਨ। ਇਹੀ ਕਾਰਨ ਹੈ ਕਿ ਪਾਰਟੀ ਅੰਦਰ ਪ੍ਰਧਾਨ ਦੀ ਚੋਣ ਲਈ ਕਿਸੇ ਇੱਕ ਦੇ ਨਾਂ ਤੇ ਸਹਿਮਤੀ ਬਣਾਉਣਾ ਔਖਾ ਸਾਬਤ ਹੋ ਰਿਹਾ ਹੈ। ਮੌਜੂਦਾ ਪ੍ਰਧਾਨ ਅਜੇਵੀਰ ਸਿੰਘ ਲਾਲਪੁਰਾ ਦਾ ਤਿੰਨ ਸਾਲਾਂ ਦਾ ਕਾਰਜਕਾਲ ਪਹਿਲਾਂ ਹੀ ਪੂਰਾ ਹੋ ਚੁੱਕਾ ਹੈ। ਜ਼ਿਲ੍ਹਾ ਪ੍ਰਧਾਨ ਦੇ ਨਾਮ ਤੇ ਸਹਿਮਤੀ ਬਣਾਉਣ ਲਈ ਬਠਿੰਡਾ ਤੋਂ ਸਾਬਕਾ ਵਿਧਾਇਕ ਹਰਮਿੰਦਰ ਜੱਸੀ ਅਤੇ ਚੋਣ ਇੰਚਾਰਜ ਐਡਵੋਕੇਟ ਐਨ.ਕੇ. ਵਰਮਾ ਵੱਲੋਂ ਕਈ ਬੈਠਕਾਂ ਕੀਤੀਆਂ ਗਈਆਂ, ਪਰ ਇਹ ਬੈਠਕਾਂ ਵੀ ਕਿਸੇ ਨਤੀਜੇ ’ਤੇ ਨਹੀਂ ਪਹੁੰਚ ਸਕੀਆਂ ਤੇ ਇਸ ਨਾਲ ਪਾਰਟੀ ਦੀ ਅੰਦਰੂਨੀ ਇਕਜੁਟਤਾ ’ਤੇ ਸਵਾਲ ਖੜੇ ਹੋ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਭਾਜਪਾ ਇੱਕ ਪਾਸੇ ਹੋਰ ਸਿਆਸੀ ਪਾਰਟੀਆਂ ਦੇ ਵੱਡੇ ਆਗੂਆਂ ਨੂੰ ਆਪਣੇ ਵਿੱਚ ਸ਼ਾਮਲ ਕਰਵਾ ਕੇ ਸੂਬੇ ਅੰਦਰ ਆਪਣੀ ਤਾਕਤ ਵਧਣ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾ ਰਹੀ ਹੈ, ਪਰ ਦੂਜੇ ਪਾਸੇ ਪਾਰਟੀ ਦੇ ਆਪਣੇ ਹੀ ਵਰਕਰਾਂ ਵਿੱਚ ਅੰਦਰੂਨੀ ਗੁੱਟਬਾਜ਼ੀ ਕਾਰਨ ਬੇਚੈਨੀ ਬਣੀ ਹੋਈ ਹੈ। ਭਾਜਪਾ ਨਾਲ ਲੰਬੇ ਸਮੇਂ ਤੋਂ ਜੁੜੇ ਕਾਰਕੁੰਨ ਆਪਣੇ ਆਪ ਨੂੰ ਹਾਸ਼ੀਏ ’ਤੇ ਮਹਿਸੂਸ ਕਰ ਰਹੇ ਹਨ, ਜਿਸ ਦੀ ਚਰਚਾ ਖੁੱਲ੍ਹ ਕੇ ਸੋਸ਼ਲ ਮੀਡੀਆ ਅਤੇ ਅੰਦਰੂਨੀ ਮੀਟਿੰਗਾਂ ਵਿੱਚ ਹੋ ਰਹੀ ਹੈ। ਇਸਦੇ ਨਾਲ ਹੀ ਪਾਰਟੀ ਦੀ ਮੰਡਲ ਪੱਧਰੀ ਚੋਣਾਂ ਦੌਰਾਨ ਵੀ ਜਮੀਨੀ ਵਰਕਰਾਂ ਦੀ ਅਣਦੇਖੀ ਦੇ ਦੋਸ਼ ਸਾਹਮਣੇ ਆਏ ਸਨ। ਇਸ ਅੰਦਰੂਨੀ ਖਿੱਚਤਾਣ ਦਾ ਅਸਰ ਪਿਛਲੀਆਂ ਚੋਣਾਂ ਵਿੱਚ ਵੀ ਵੇਖਿਆ ਗਿਆ। ਇੱਕ ਸਮੇਂ ਭਾਜਪਾ ਦਾ ਮਜ਼ਬੂਤ ਗੜ੍ਹ ਮੰਨੇ ਜਾਂਦੇ ਰੋਪੜ ਜ਼ਿਲ੍ਹੇ, ਖ਼ਾਸਕਰ ਸ੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਵਿੱਚ, ਪਾਰਟੀ ਕਈ ਥਾਵਾਂ ’ਤੇ ਸਿਰਫ਼ ਅੱਧੀਆਂ ਸੀਟਾਂ ’ਤੇ ਹੀ ਚੋਣ ਲੜ ਸਕੀ ਅਤੇ ਕਈ ਬੂਥਾਂ ’ਤੇ ਆਪਣੀ ਪਕੜ ਕਾਇਮ ਨਾ ਰੱਖ ਸਕੀ। ਜ਼ਿਕਰਯੋਗ ਹੈ ਕਿ ਇਹ ਹਾਲਾਤ ਕੇਵਲ ਰੋਪੜ ਤੱਕ ਸੀਮਿਤ ਨਹੀਂ ਹਨ। ਪੰਜਾਬ ਦੇ ਲਗਭਗ 12 ਜ਼ਿਲ੍ਹਿਆਂ ਵਿੱਚ ਅਜੇ ਤੱਕ ਭਾਜਪਾ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ ਨਹੀਂ ਕਰ ਸਕੀ। ਇਸ ਸਬੰਧੀ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਨੇ ਕਿਹਾ ਕਿ ਬਾਕੀ ਜ਼ਿਲ੍ਹਿਆਂ ਦੇ ਪ੍ਰਧਾਨਾਂ 12 ਜਿਲ੍ਹਿਆਂ ਦੇ ਪ੍ਰਧਾਨਾਂ ਬਾਰੇ ਫ਼ੈਸਲਾ ਜਲਦੀ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਭਾਜਪਾ ਬੇਹੱਦ ਮਜ਼ਬੂਤ ਹੈ ਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਸਾਹਮਣੇ ਹੈਰਾਨ ਕਰਨ ਵਾਲੇ ਨਤੀਜੇ ਆਉਣਗੇ। ਪ੍ਰੰਤੂ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਪਾਰਟੀ ਦੇ ਵਰਕਰਾਂ ਅੰਦਰ ਗੁੱਟਬਾਜ਼ੀ ਦੇ ਚਲਦਿਆਂ ਵਧ ਰਹੀ ਬੇਚੈਨੀ ਇਸ ਗੱਲ ਦਾ ਸੰਕੇਤ ਹੈ ਕਿ ਭਾਜਪਾ ਲਈ 2027 ਦੀ ਸਿਆਸੀ ਰਾਹ ਫੁੱਲਾਂ ਦੀ ਸੇਜ ਨਹੀਂ ਹੋਵੇਗੀ।