ਚਨੌਲੀ ਬਸੀ ਸਕੂਲ ਦੀ ਕੰਪਿਊਟਰ ਫੈਕਲਟੀ ਅਧਿਆਪਕਾ ਦੀ ਮੁੜ ਡੈਪੂਟੇਸ਼ਨ ’ਤੇ ਭੜਕੇ ਲੋਕ
ਚਨੌਲੀ ਬਸੀ ਸਕੂਲ ਦੀ ਕੰਪਿਊਟਰ ਫੈਕਲਟੀ ਅਧਿਆਪਕਾ ਦੀ ਮੁੜ ਡੈਪੂਟੇਸ਼ਨ ’ਤੇ ਭੜਕੇ ਲੋਕ,ਹੁਕਮ ਰੱਦ ਨਾ ਹੋਏ ਤਾਂ ਸਕੂਲ ਅੱਗੇ ਪੱਕਾ
Publish Date: Thu, 22 Jan 2026 05:32 PM (IST)
Updated Date: Thu, 22 Jan 2026 05:33 PM (IST)

ਹੁਕਮ ਰੱਦ ਨਾ ਹੋਏ ਤਾਂ ਸਕੂਲ ਅੱਗੇ ਪੱਕਾ ਧਰਨਾ ਲਗਾਉਣ ਦੀ ਚੇਤਾਵਨੀ ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚਨੌਲੀ ਬਸੀ ਦੀ ਇੱਕ ਕੰਪਿਊਟਰ ਫੈਕਲਟੀ ਅਧਿਆਪਕਾ ਨੂੰ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਮੁੜ ਡੈਪੂਟੇਸ਼ਨ ’ਤੇ ਹੋਰ ਸਕੂਲ ਭੇਜੇ ਜਾਣ ਦੇ ਫ਼ੈਸਲੇ ਖ਼ਿਲਾਫ਼ ਪਿੰਡ ਚਨੌਲੀ ਬਸੀ ਵਿਚ ਭਾਰੀ ਰੋਸ ਦੇਖਣ ਨੂੰ ਮਿਲਿਆ। ਗ੍ਰਾਮ ਪੰਚਾਇਤ, ਸਕੂਲ ਪ੍ਰਬੰਧਕੀ ਕਮੇਟੀ ਅਤੇ ਬੱਚਿਆਂ ਦੇ ਮਾਤਾ-ਪਿਤਾ ਨੇ ਸਕੂਲ ਦੇ ਮੁੱਖ ਗੇਟ ਅੱਗੇ ਇਕੱਠੇ ਹੋ ਕੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕਰਦਿਆਂ ਆਪਣਾ ਗੁੱਸਾ ਜਾਹਿਰ ਕੀਤਾ। ਰੋਸ ਪ੍ਰਗਟ ਕਰ ਰਹੇ ਪਿੰਡ ਵਾਸੀਆਂ ਨੇ ਸਕੂਲ ਦੀ ਪ੍ਰਿੰਸੀਪਲ ਨਾਲ ਵੀ ਮੁਲਾਕਾਤ ਕਰਕੇ ਮੰਗ ਕੀਤੀ ਕਿ ਉਕਤ ਕੰਪਿਊਟਰ ਫੈਕਲਟੀ ਮੈਡਮ ਨੂੰ ਸਕੂਲ ਤੋਂ ਰਲੀਵ ਨਾ ਕੀਤਾ ਜਾਵੇ। ਲੋਕਾਂ ਦਾ ਕਹਿਣਾ ਸੀ ਕਿ ਅਧਿਆਪਕਾ ਦੀ ਮੁੜ ਡੈਪੂਟੇਸ਼ਨ ਨਾਲ ਸਕੂਲ ਦੀ ਪੜ੍ਹਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਇਸ ਮੌਕੇ ਰੋਸ ਕਰ ਰਹੇ ਲੋਕਾਂ ਨੇ ਸਾਂਝੇ ਤੌਰ ’ਤੇ ਮੰਗ ਕੀਤੀ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਤੁਰੰਤ ਉਕਤ ਕੰਪਿਊਟਰ ਫੈਕਲਟੀ ਮੈਡਮ ਦੇ ਡੈਪੂਟੇਸ਼ਨ ਦੇ ਹੁਕਮ ਰੱਦ ਕਰਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਹੁਕਮ ਵਾਪਸ ਨਾ ਲਏ ਗਏ ਤਾਂ ਸਮੂਹ ਪਿੰਡਾਂ ਦੇ ਵਸਨੀਕ ਸਕੂਲ ਅੱਗੇ ਬੈਠ ਕੇ ਪੱਕਾ ਰੋਸ ਧਰਨਾ ਲਗਾਉਣ ਲਈ ਮਜਬੂਰ ਹੋਣਗੇ। ਰੋਸ ਪ੍ਰਗਟ ਕਰਨ ਵਾਲਿਆਂ ਵਿਚ ਸਰਪੰਚ ਕੁਲਵਿੰਦਰ ਸਿੰਘ, ਸਾਬਕਾ ਸਰਪੰਚ ਭੁਪਿੰਦਰ ਸਿੰਘ, ਸਕੂਲ ਪ੍ਰਬੰਧਕੀ ਕਮੇਟੀ ਦੀ ਚੇਅਰਮੈਨ ਰਾਜ ਕੁਮਾਰੀ, ਗੁਰਵਿੰਦਰ ਸਿੰਘ ਨੰਬਰਦਾਰ, ਸ਼ਿੰਗਾਰਾ ਸਿੰਘ, ਜਸਵੰਤ ਸਿੰਘ, ਧਰਮਿੰਦਰ ਸਿੰਘ, ਕੁਲਦੀਪ ਸਿੰਘ ਕਾਲਾ, ਅਸ਼ੋਕ ਕੁਮਾਰ, ਰਵੀਪਾਲ ਬਸੀ, ਅੰਕੂ ਪੰਡਿਤ, ਕਮਲ ਠੇਕੇਦਾਰ, ਗੁਰਮੇਲ ਸਿੰਘ, ਜਸਵੀਰ ਸਿੰਘ ਜੱਸੀ ਆਦਿ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਕੰਪਿਊਟਰ ਅਧਿਆਪਕਾ ਪਿਛਲੇ ਚਾਰ ਸਾਲਾਂ ਤੋਂ ਐਸ.ਏ.ਐਸ. ਨਗਰ (ਮੋਹਾਲੀ) ਦੇ ਇੱਕ ਸਕੂਲ ਵਿੱਚ ਡੈਪੂਟੇਸ਼ਨ ’ਤੇ ਚੱਲ ਰਹੀ ਹੈ, ਜਦਕਿ ਉੱਥੇ ਕੰਪਿਊਟਰ ਫੈਕਲਟੀ ਦੀ ਕੋਈ ਵੀ ਖਾਲੀ ਅਸਾਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਚਨੌਲੀ ਬਸੀ ਸਕੂਲ ਵਿਚ ਕੰਪਿਊਟਰ ਫੈਕਲਟੀ ਦੀਆਂ ਸਿਰਫ ਦੋ ਅਸਾਮੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਅਧਿਆਪਕਾ ਦੇ ਲੰਬੇ ਸਮੇਂ ਤੋਂ ਡੈਪੂਟੇਸ਼ਨ ’ਤੇ ਜਾਣ ਕਾਰਨ ਅਸਾਮੀ ਖਾਲੀ ਪਈ ਹੈ। ਨਤੀਜੇ ਵਜੋਂ ਇੱਕੋ ਅਧਿਆਪਕ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਨੂੰ ਕੰਪਿਊਟਰ ਦੀ ਸਿੱਖਿਆ ਦੇਣ ਲਈ ਮਜਬੂਰ ਹੈ। ਰੋਸ ਪ੍ਰਗਟ ਕਰਨ ਵਾਲਿਆਂ ਨੇ ਦੱਸਿਆ ਕਿ ਜਦੋਂ ਵੀ ਉਕਤ ਅਧਿਆਪਕ ਦੀ ਚੋਣਾਂ ਜਾਂ ਹੋਰ ਸਰਕਾਰੀ ਡਿਊਟੀਆਂ ਲੱਗ ਜਾਂਦੀਆਂ ਹਨ, ਉਸ ਦੌਰਾਨ ਬੱਚਿਆਂ ਦੀ ਪੜ੍ਹਾਈ ਪੂਰੀ ਤਰ੍ਹਾਂ ਠੱਪ ਹੋ ਜਾਂਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਿੱਖਿਆ ਵਿਭਾਗ ਵੱਲੋਂ ਮਿਤੀ 6 ਜਨਵਰੀ 2026 ਨੂੰ ਆਰਜ਼ੀ ਐਡਜਸਟਮੈਂਟਾਂ ਰੱਦ ਕਰਨ ਦੇ ਹੁਕਮ ਜਾਰੀ ਕਰਨ ਦੇ ਬਾਵਜੂਦ, 14 ਜਨਵਰੀ ਨੂੰ ਜੁਆਇਨ ਕਰਨ ਵਾਲੀ ਅਧਿਆਪਕਾ ਨੂੰ ਸਿਰਫ ਕੁਝ ਦਿਨਾਂ ਬਾਅਦ ਹੀ 20 ਜਨਵਰੀ ਨੂੰ ਮੁੜ ਸ.ਸ.ਸ.ਸ. ਬਹਿਲੋਲਪੁਰ (ਐਸ.ਏ.ਐਸ. ਨਗਰ) ਡੈਪੂਟੇਸ਼ਨ ’ਤੇ ਭੇਜ ਦਿੱਤਾ ਗਿਆ। ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਚਨੌਲੀ ਬਸੀ ਸਕੂਲ ਵਿਚ ਇਸ ਸਮੇਂ ਸਾਇੰਸ, ਮੈਥ, ਡੀ.ਪੀ.ਈ. ਅਤੇ ਇਤਿਹਾਸ ਵਿਸ਼ੇ ਦੇ ਅਧਿਆਪਕਾਂ ਦੀਆਂ ਕਈ ਅਸਾਮੀਆਂ ਪਹਿਲਾਂ ਹੀ ਖਾਲੀ ਪਈਆਂ ਹਨ। ਉੱਪਰੋਂ ਇੱਕ ਹੋਰ ਅੰਗਰੇਜ਼ੀ ਅਧਿਆਪਕਾ ਵੱਲੋਂ ਵੀ ਡੈਪੂਟੇਸ਼ਨ ਲਈ ਅਰਜ਼ੀ ਦਿੱਤੇ ਜਾਣ ਦੀ ਜਾਣਕਾਰੀ ਮਿਲੀ ਹੈ, ਜਿਸ ਨਾਲ ਲੋਕਾਂ ਵਿਚ ਹੋਰ ਚਿੰਤਾ ਵਧ ਗਈ ਹੈ। ਪਿੰਡ ਵਾਸੀਆਂ ਨੇ ਸਿੱਖਿਆ ਵਿਭਾਗ ’ਤੇ ਦੋਹਰਾ ਮਾਪਦੰਡ ਅਪਣਾਉਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਇੱਕ ਪਾਸੇ ਸਰਕਾਰ ਸਰਕਾਰੀ ਸਕੂਲਾਂ ਵਿੱਚ ਗੁਣਵੱਤਾਪੂਰਨ ਸਿੱਖਿਆ ਦੇ ਦਾਅਵੇ ਕਰ ਰਹੀ ਹੈ, ਦੂਜੇ ਪਾਸੇ ਮਿਹਨਤੀ ਅਧਿਆਪਕਾਂ ਨੂੰ ਡੈਪੂਟੇਸ਼ਨ ’ਤੇ ਭੇਜ ਕੇ ਸਕੂਲਾਂ ਨੂੰ ਅਧਿਆਪਕਾਂ ਤੋਂ ਖਾਲੀ ਕੀਤਾ ਜਾ ਰਿਹਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਜੇਕਰ ਡੈਪੂਟੇਸ਼ਨ ਦੀ ਥਾਂ ਪੱਕੀ ਤਬਾਦਲੇ ਦੀ ਨੀਤੀ ਅਪਣਾਈ ਜਾਵੇ ਤਾਂ ਖਾਲੀ ਅਸਾਮੀਆਂ ਭਰੀਆਂ ਜਾ ਸਕਦੀਆਂ ਹਨ, ਪਰ ਮੌਜੂਦਾ ਫ਼ੈਸਲੇ ਨਾਲ ਬੱਚਿਆਂ ਦਾ ਭਵਿੱਖ ਦਾਅ ’ਤੇ ਲਾਇਆ ਜਾ ਰਿਹਾ ਹੈ। ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਪ੍ਰੇਮ ਕੁਮਾਰ ਮਿੱਤਲ ਨਾਲ ਸੰਪਰਕ ਕਰਨ ਦੀ ਬਾਰ-ਬਾਰ ਕੋਸ਼ਿਸ਼ ਕੀਤੀ ਗਈ ਪਰ ਫ਼ੋਨ ਕਾਲ ਜਾਂ ਮੈਸੇਜ ਦਾ ਕੋਈ ਜਵਾਬ ਨਹੀਂ ਮਿਲਿਆ। ਬਾਕਸ ਇੰਨ ਕੀ ਕਹਿਣਾ ਹੈ ਪ੍ਰਿੰਸੀਪਲ ਦਾ: ਸਕੂਲ ਦੀ ਪ੍ਰਿੰਸੀਪਲ ਸ਼ਰਨਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਸਕੂਲ ਵਿੱਚ ਦੋ ਕੰਪਿਊਟਰ ਫੈਕਲਟੀ ਦੀਆਂ ਅਸਾਮੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਅਧਿਆਪਕਾ ਪਿਛਲੇ ਚਾਰ ਸਾਲਾਂ ਤੋਂ ਡੈਪੂਟੇਸ਼ਨ ’ਤੇ ਹੈ। 14 ਜਨਵਰੀ ਨੂੰ ਜੁਆਇਨ ਕਰਨ ਤੋਂ ਬਾਅਦ ਵਿਭਾਗ ਵੱਲੋਂ ਮੁੜ ਡੈਪੂਟੇਸ਼ਨ ਦੇ ਹੁਕਮ ਆ ਗਏ ਹਨ, ਜਿਨ੍ਹਾਂ ਦੀ ਪਾਲਣਾ ਕਰਨਾ ਉਨ੍ਹਾਂ ਦੀ ਮਜਬੂਰੀ ਹੈ।