ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਪ੍ਰਗਟ ਸਿੰਘ ਪਰਿਵਾਰ ਸਮੇਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਪ੍ਰਗਟ ਸਿੰਘ ਪਰਿਵਾਰ ਸਮੇਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ
Publish Date: Sun, 11 Oct 2026 04:08 PM (IST)
Updated Date: Sun, 11 Oct 2026 04:11 PM (IST)
ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਆਨੰਦਪੁਰ ਸਾਹਿਬ : ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਪ੍ਰਗਟ ਸਿੰਘ ਅੱਜ ਆਪਣੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਅੰਮ੍ਰਿਤ ਵੇਲੇ ਪਰਿਵਾਰ ਸਮੇਤ ਸ੍ਰੀ ਆਨੰਦਪੁਰ ਸਾਹਿਬ ਪਹੁੰਚੇ ਜਿਥੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਨੇ ਗੁਰੂ ਚਰਨਾਂ ’ਚ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦਾ ਸੰਕਲਪ ਪ੍ਰਗਟਾਇਆ। ਉਨ੍ਹਾਂ ਨੇ ਗੁਰੂ ਸਾਹਿਬ ਅੱਗੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਅਤੇ ਸਮੁੱਚੀ ਮਨੁੱਖਤਾ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਉਨ੍ਹਾਂ ਵੱਲੋ ਅੱਜ ਸਵੇਰੇ 11 ਵਜੇ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਚੰਡੀਗੜ੍ਹ ਵਿਖੇ ਆਪਣੇ ਦਫ਼ਤਰ ਦੀ ਜ਼ਿੰਮੇਵਾਰੀ ਸੰਭਾਲਣੀ ਹੋਵੇਗੀ ਤੇ ਉਸਤੋ ਪਹਿਲਾਂ ਅੱਜ ਅੰਮ੍ਰਿਤ ਵੇਲੇ ਉਹ ਗੁਰੂ ਘਰ ਨਤਮਸਤਕ ਹੋਣ ਪੁੱਜੇ। ਇਸ ਮੌਕੇ ਗੱਲਬਾਤ ਕਰਦਿਆਂ ਪ੍ਰਗਟ ਸਿੰਘ ਨੇ ਕਿਹਾ ਕਿ ਉਹ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦੀ ਕੋਸ਼ਿਸ਼ ਕਰਨਗੇ। ਗੁਰੂ ਸਾਹਿਬ ਦੀਆਂ ਸਿੱਖਿਆਵਾਂ ਮਨੁੱਖਤਾ ਦੀ ਭਲਾਈ, ਸੇਵਾ, ਸੱਚ ਅਤੇ ਨਿਆਂ ਦੇ ਰਾਹ ’ਤੇ ਚੱਲਣ ਦੀ ਪ੍ਰੇਰਨਾ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਚਰਨਾਂ ’ਚ ਨਤਮਸਤਕ ਹੋ ਕੇ ਉਨ੍ਹਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ। ਇਸ ਦੌਰੇ ਸੰਬੰਧੀ ਕਿਸੇ ਵੀ ਸਥਾਨਕ ਕਾਂਗਰਸੀ ਨੂੰ ਜਾਣਕਾਰੀ ਨਹੀਂ ਸੀ ਤੇ ਪ੍ਰਗਟ ਸਿੰਘ ਨੇ ਕੇਵਲ ਆਪਣੇ ਪਰਿਵਾਰ ਸਮੇਤ ਇੱਥੇ ਪੁੱਜ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਤੇ ਕਿਸੇ ਤਰ੍ਹਾਂ ਦੀ ਕੋਈ ਰਾਜਨੀਤਿਕ ਟਿੱਪਣੀ ਨਹੀਂ ਕੀਤੀ। ਇਸ ਮੌਕੇ ਪ੍ਰਗਟ ਸਿੰਘ ਦੀ ਧਰਮ ਪਤਨੀ ਵਰਿੰਦਰ ਪ੍ਰੀਤ ਕੌਰ ਤੋਂ ਇਲਾਵਾ ਹਲਕਾ ਮਜੀਠਾ ਤੋਂ ਭਗਵੰਤ ਪਾਲ ਸਿੰਘ ਸੱਚਰ, ਮਹਿੰਦਰ ਸਿੰਘ ਗਿਲਜੀਆਂ ਤੋਂ ਇਲਾਵਾ ਹਰਕੀਰਤ ਸਿੰਘ ਮਿਨਹਾਸ , ਚਰਨ ਸਿੰਘ ਤੇ ਲਾਲ ਸਿੰਘ ਵੀ ਹਾਜ਼ਰ ਸਨ। ਉਹਨਾਂ ਵੱਲੋਂ ਲਗਭਗ ਇੱਕ ਘੰਟਾ ਗੁਰਬਾਣੀ ਦਾ ਮਨੋਹਰ ਕੀਰਤਨ ਵੀ ਸਰਵਣ ਕੀਤਾ ਗਿਆ।