ਨਵੇਂ ਕਾਨੂੰਨ ਨਾਲ ਕਿਸਾਨਾਂ ਦਾ ਸਹਿਕਾਰੀ ਸਭਾਵਾਂ ਨਾਲ ਲੈਣ-ਦੇਣ ਹੋਇਆ ਔਖਾ ਪੰਜਾਬ ਸਰਕਾਰ ਦੇ ਨਵੇਂ ਕਾਨੂੰਨ ਨਾਲ ਕਿਸਾਨਾਂ ਦਾ ਸਹਿਕਾਰੀ ਸਭਾਵਾਂ ਨਾਲ ਲੈਣ ਦੇਣ ਹੋਇਆ ਔਖਾ
Publish Date: Sat, 31 Oct 2026 05:48 PM (IST)
Updated Date: Sat, 31 Oct 2026 05:50 PM (IST)
ਸੰਯੁਕਤ ਕਿਸਾਨ ਮੋਰਚਾ 2 ਨੂੰ ਰੋਸ ਪ੍ਰਦਰਸ਼ਨ ਕਰਕੇ ਜ਼ਿਲ੍ਹਾ ਰਜਿਸਟਰਾਰ ਨੂੰ ਦੇਵੇਗਾ ਮੰਗ ਪੱਤਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਸੰਯੁਕਤ ਕਿਸਾਨ ਮੋਰਚਾ ਰੂਪਨਗਰ ਦੀ ਅਹਿਮ ਮੀਟਿੰਗ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਦਲਜੀਤ ਸਿੰਘ ਚਲਾਕੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਮਿਤੀ 1 ਨਵੰਬਰ 2026 ਤੋ ਨਵੀ ਕਰਜ਼ਾ ਪਾਲਸੀ ਲਾਗੂ ਕੀਤੀ ਗਈ ਹੈ , ਜਿਸ ’ਚ ਹੇਠ ਲਿਖੇ ਅਨੁਸਾਰ ਮੁੱਖ ਸੋਧਾਂ ਮੁਤਾਬਿਕ ਪਹਿਲਾਂ ਕਿਸਾਨ ਮੈਂਬਰ ਆਪਣੀ ਹਿੱਸੇਦਾਰੀ 5 ਕਿੱਲੇ ਤੱਕ 1 ਲੱਖ ਕਰਜੇ ਦੇ ਲਈ 3300 ਰੁਪਏ ਜਮ੍ਹਾਂ ਕਰਾਉਂਦਾ ਸੀ ਪਰ ਹੁਣ ਇਹ 6000 ਰੁਪਏ ਕਰ ਦਿੱਤੀ ਹੈ, 5 ਕਿੱਲੇ ਤੋਂ ਉੱਪਰ ਵਾਲੇ ਕਿਸਾਨ ਲਈ 5000 ਤੋ ਵਧਾ ਕੇ 9000 ਰੁਪਏ ਹੋ ਗਈ ਹੈ। ਪਹਿਲਾਂ ਹਿੱਸੇਦਾਰੀ ਦੀ ਅੱਧੀ ਰਕਮ ਸੁਸਾਇਟੀ ’ਚ ਤੇ ਬਾਕੀ ਅੱਧੀ ਬੈਕ ’ਚ ਜਮ੍ਹਾਂ ਹੁੰਦੀ ਸੀ ਹੁਣ ਸਾਰੀ ਰਕਮ ਬੈਂਕ ’ਚ ਜਮ੍ਹਾਂ ਹੋਵੇਗੀ। ਉਨ੍ਹਾਂ ਕਿਹਾ ਕਿ ਜਿਸ ਨਾਲ ਮੈਂਬਰ ਨੂੰ ਹਿੱਸੇਦਾਰੀ ਵਾਪਸ ਲੈਣ ’ਚ ਬਹੁਤ ਮੁਸ਼ਕਿਲ ਆਵੇਗੀ, ਤੇ ਮੈਂਬਰ ਨੂੰ ਵੱਧ ਰਕਮ ਦੇਣੀ ਪਵੇਗੀ। ਪਹਿਲਾਂ ਕਿਸਾਨ ਮੈਂਬਰ ਨੂੰ ਕੋਈ ਜ਼ਮੀਨ ਸੁਸਾਇਟੀ ਦੇ ਕਰਜ਼ੇ ਲਈ ਗਿਰਵੀ ਨਹੀਂ ਕਰਨੀ ਪੈਦੀ ਸੀ ਹੁਣ ਨਵੀਂ ਪਾਲਸੀ ਅਨੁਸਾਰ ਜਿਸ ਕਿਸਾਨ ਦਾ ਹੱਦ ਕਰਜ਼ਾ 2 ਲੱਖ ਤੋ 1 ਰੁਪਏ ਵੀ ਵੱਧ ਹੈ ਤਾਂ ਉਸ ਨੂੰ ਪੂਰੀ ਰਕਮ ਦੇ ਬਰਾਬਰ ਆਪਣੀ ਜ਼ਮੀਨ ਡੀਸੀ ਰੇਟ ਅਨੁਸਾਰ ਸੁਸਾਇਟੀ ਦੇ ਹੱਕ ’ਚ ਪਹਿਲਾਂ ਗਿਰਵੀ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮੈਂਬਰਾਂ ਨੇ ਕਿਸੇ ਵੀ ਹੋਰ ਬੈਂਕ ਤੋਂ ਕੇਸੀਸੀ ਲਿਮਟ ਬਣਵਾਈ ਹੈ ਉਨਾਂ ਨੂੰ 4% ਵੱਧ ਵਿਆਜ ਲੱਗੇਗਾ। ਇਨਾਂ ਕਿਸਾਨ ਮਾਰੂ ਫੈਸਲਿਆਂ ਖਿਲਾਫ ਸੰਯੁਕਤ ਕਿਸਾਨ ਮੋਰਚਾ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚ ਕਰਕੇ ਉਨਾਂ ਨੂੰ ਲਾਮਬੰਦ ਕਰੇਗਾ ਤੇ ਇਸ ਫੈਸਲੇ ਨੂੰ ਵਾਪਸ ਲੈਣ ਲਈ ਸਰਕਾਰ ਨੂੰ ਮਜਬੂਰ ਕਰਨ ਵਾਸਤੇ ਦੋ ਨਵੰਬਰ ਨੂੰ ਜ਼ਿਲ੍ਹਾ ਰਜਿਸਟਰਾਰ ਦੇ ਦਫਤਰ ਅੱਗੇ 11 ਵਜੇ ਤੋਂ ਦੋ ਵਜੇ ਤੱਕ ਰੋਸ ਧਰਨਾ ਦੇ ਕੇ ਜ਼ਿਲ੍ਰਾ ਰਜਿਸਟਰਾਰ ਨੂੰ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਭੇਜ ਕੇ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰੇਗਾ। ਉਨ੍ਹਾਂ ਕਿਹਾ ਕਿ ਚਰਚਾ ’ਚ ਇਹ ਵੀ ਗੱਲ ਸਾਹਮਣੇ ਆਈ ਕਿ ਕਣਕ ਦੀ ਬਜਾਈ ਜੋਰਾਂ ਸ਼ੋਰਾਂ ਨਾਲ ਸ਼ੁਰੂ ਹੋ ਚੁੱਕੀ ਹੈ ਪਰ ਬਿਜਾਈ ਲਈ ਲੋੜੀਂਦੀ ਡੀਏਪੀ ਖਾਦ ਲੈਣ ਲਈ ਕਿਸਾਨ ਭਟਕ ਰਹੇ ਹਨ ਸਰਕਾਰ ਤੋਂ ਮੰਗ ਕੀਤੀ ਗਈ ਕਿ ਜਰੂਰਤ ਅਨੁਸਾਰ ਕਿਸਾਨਾਂ ਨੂੰ ਡੀਏਪੀ ਖਾਦ ਮੁਹੱਈਆ ਕਰਵਾਈ ਜਾਵੇ। ਸੰਯੁਕਤ ਕਿਸਾਨ ਮੋਰਚਾ ਵੱਲੋਂ ਸਮੂਹ ਕਿਸਾਨਾਂ ਤੇ ਕਿਸਾਨੀ ਦੇ ਹਮਦਰਦਾਂ ਨੂੰ ਵੱਧ ਚੜ੍ਹ ਕੇ ਇਸ ਸੰਘਰਸ਼ ’ਚ ਹਿੱਸਾ ਲੈਣ ਦੀ ਅਪੀਲ ਕੀਤੀ ਗਈ ਤਾਂ ਜੋ ਪਹਿਲਾਂ ਹੀ ਵੱਡੇ ਹੱਲਿਆਂ ਦਾ ਸਾਹਮਣਾ ਕਰ ਰਹੀ ਕਿਸਾਨੀ ਨੂੰ ਬਚਾਇਆ ਜਾ ਸਕੇ। ਮੀਟਿੰਗ ’ਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੋਂ ਅਮਨਪ੍ਰੀਤ ਸਿੰਘ, ਜਮਹੂਰੀ ਕਿਸਾਨ ਸਭਾ ਤੋਂ ਮੋਹਨ ਸਿੰਘ ਧਮਾਣਾ, ਧਰਮਪਾਲ ਸੈਣੀ ਮਾਜਰਾ, ਕੁੱਲ ਹਿੰਦ ਕਿਸਾਨ ਸਭਾ ਵੱਲੋਂ ਸਾਥੀ ਸੁਰਜੀਤ ਸਿੰਘ ਢੇਰ, ਮਾਸਟਰ ਦਲੀਪ ਸਿੰਘ ਘਨੌਲਾ, ਕੁੱਲ ਹਿੰਦ ਕਿਸਾਨ ਸਭਾ ਅਜੇ ਭਵਨ ਵੱਲੋਂ ਸਾਥੀ ਦਵਿੰਦਰ ਨੰਗਲੀ,ਗੁਰਨਾਮ ਸਿੰਘ ਔਲਖ, ਕਿਰਤੀ ਕਿਸਾਨ ਮੋਰਚਾ ਵੱਲੋਂ ਜਰਨੈਲ ਸਿੰਘ ਮਗਰੋੜ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਬਲਾਕ ਪ੍ਰਧਾਨ ਮੋਹਰ ਸਿੰਘ ਖਾਬੜਾ ਆਦਿ ਹਾਜ਼ਰ ਸਨ।