ਨੌਜਵਾਨਾਂ ’ਚ ਦੇਸ਼ ਭਗਤੀ ਭਰਨ ਲਈ ਐੱਨਸੀਸੀ ਕੈਂਪ ਜ਼ਰੂਰੀ : ਕੰਗ ਨੌਜਵਾਨਾਂ ਵਿਚ ਦੇਸ਼ ਸੇਵਾ ਦੀ ਭਾਵਨਾ ਪੈਦਾ ਕਰਨ ਲਈ ਐਨਐਨਸੀ ਸਿਖਲਾਈ ਕੈਂਪ ਅਹਿਮ:ਕੰਗ
Publish Date: Thu, 26 Nov 2026 03:56 PM (IST)
Updated Date: Thu, 26 Nov 2026 03:58 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਇੱਕ ਪੰਜਾਬ ਨੇਵਲ ਯੂਨਿਟ ਐੱਨਸੀਸੀ, ਨਯਾ ਨੰਗਲ ਵੱਲੋਂ ਐੱਨਸੀਸੀ ਅਕੈਡਮੀ ਰੋਪੜ ਵਿਖੇ 24 ਨਵੰਬਰ ਤੋਂ 03 ਦਸੰਬਰ 2026 ਤੱਕ ਲਗਾਏ ਜਾ ਰਹੇ ਦਸ ਰੋਜ਼ਾ ਸੀਨੀਅਰ ਡਿਵੀਜ਼ਨ ਸਾਂਝੇ ਸਾਲਾਨਾ ਸਿਖਲਾਈ ਕੈਂਪ (106) ਦੇ ਦੂਜੇ ਦਿਨ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਕੈਂਪ ਦਾ ਦੌਰਾ ਕਰਦਿਆਂ ਕੈਡਿਟਾਂ ਨੂੰ ਦਿੱਤੀ ਜਾ ਰਹੀ ਸਿਖਲਾਈ, ਵੱਖ-ਵੱਖ ਗਤੀਵਿਧੀਆਂ ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਕੈਂਪ ਵਿਖੇ ਪਹੁੰਚਣ ’ਤੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਤੇ ਹੋਰ ਪਤਵੰਤੇ ਸੱਜਣਾਂ ਦਾ ਸਵਾਗਤ ਐੱਨਸੀਸੀ. ਪਟਿਆਲਾ ਗਰੁੱਪ ਦੇ ਗਰੁੱਪ ਕਮਾਂਡਰ ਬ੍ਰਿਗੇਡੀਅਰ ਐੱਚ.ਐੱਸ. ਸੰਧੂ, 1 ਪੰਜਾਬ ਨੇਵਲ ਯੂਨਿਟ ਐੱਨ.ਸੀ.ਸੀ. ਨਯਾ ਨੰਗਲ ਦੇ ਕਮਾਂਡਿੰਗ ਅਫ਼ਸਰ ਕੈਪਟਨ ਐੱਚਐੱਸ. ਦਿਓਲ ਤੇ ਉਪ ਕੈਂਪ ਕਮਾਂਡੈਂਟ ਲੈਫਟੀਨੈਂਟ ਕਮਾਂਡਰ ਸ਼ਿਵਮ ਅਗਰਵਾਲ ਵੱਲੋਂ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੂੰ ਕੈਂਪ ਦੇ ਉਦੇਸ਼ਾਂ, ਸਿਖਲਾਈ ਪ੍ਰੋਗਰਾਮਾਂ ਤੇ ਕੈਡਿਟਾਂ ਦੇ ਸਰਵਪੱਖੀ ਵਿਕਾਸ ਲਈ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਕੈਂਪ ਦਾ ਦੌਰਾ ਕਰਨ ਉਪਰੰਤ ਸੰਸਦ ਮੈਂਬਰ ਕੰਗ ਨੇ ਐੱਨ.ਸੀ.ਸੀ. ਕੈਡਿਟਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਸਿਖਲਾਈ ਕੈਂਪ ਨੌਜਵਾਨਾਂ ਦੇ ਜੀਵਨ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ, ਅਗਵਾਈ ਕਰਨ ਦੀ ਯੋਗਤਾ ਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਰਾਹੀਂ ਨੌਜਵਾਨਾਂ ਨੂੰ ਨਾ ਸਿਰਫ਼ ਸਰੀਰਕ ਤੇ ਮਾਨਸਿਕ ਤੌਰ ’ਤੇ ਮਜ਼ਬੂਤ ਬਣਨ ਦਾ ਮੌਕਾ ਮਿਲਦਾ ਹੈ, ਸਗੋਂ ਉਨ੍ਹਾਂ ’ਚ ਸਮਾਜ ਪ੍ਰਤੀ ਜ਼ਿੰਮੇਵਾਰੀ ਤੇ ਦੇਸ਼ ਦੀ ਸੇਵਾ ਕਰਨ ਦਾ ਜਜ਼ਬਾ ਵੀ ਵਿਕਸਿਤ ਹੁੰਦਾ ਹੈ। ਇਸ ਮੌਕੇ ਐੱਨਸੀਸੀ. ਪਟਿਆਲਾ ਗਰੁੱਪ ਦੇ ਗਰੁੱਪ ਕਮਾਂਡਰ ਬ੍ਰਿਗੇਡੀਅਰ ਐੱਚਐੱਸ. ਸੰਧੂ ਤੇ 1 ਪੰਜਾਬ ਨੇਵਲ ਯੂਨਿਟ ਐੱਨ.ਸੀ.ਸੀ. ਨਯਾ ਨੰਗਲ ਦੇ ਕਮਾਂਡਿੰਗ ਅਫ਼ਸਰ ਕੈਪਟਨ ਐੱਚਐੱਸ. ਦਿਓਲ ਵੱਲੋਂ ਸੰਸਦ ਮੈਂਬਰ ਸ. ਮਲਵਿੰਦਰ ਸਿੰਘ ਕੰਗ ਤੇ ਹਾਜ਼ਰ ਪਤਵੰਤੇ ਸੱਜਣਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਐਸੋਸੀਏਟ ਐੱਨ.ਸੀ.ਸੀ. ਅਫ਼ਸਰ (ਏ.ਐੱਨ.ਓ.) ਪ੍ਰੋ. ਜਗਪਾਲ ਸਿੰਘ ਨੇ ਬਾਖ਼ੂਬੀ ਨਿਭਾਈ। ਐੱਨ.ਸੀ.ਸੀ. ਦੇ ਮੂਲ ਮੰਤਰ ‘ਏਕਤਾ ਤੇ ਅਨੁਸ਼ਾਸਨ’ ਨੂੰ ਸਮਰਪਿਤ ਇਸ ਦਸ ਰੋਜ਼ਾ ਸਿਖਲਾਈ ਕੈਂਪ ਦਾ ਮੁੱਖ ਉਦੇਸ਼ ਕੈਡਿਟਾਂ ’ਚ ਅਗਵਾਈ ਕਰਨ ਦੀ ਸਮਰੱਥਾ, ਸਰੀਰਕ ਤੇ ਮਾਨਸਿਕ ਤੰਦਰੁਸਤੀ, ਆਤਮ-ਨਿਰਭਰਤਾ, ਆਪਸੀ ਭਾਈਚਾਰਕ ਸਾਂਝ, ਕੌਮੀ ਏਕਤਾ ਤੇ ਦੇਸ਼ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਇਹ ਕੈਂਪ 03 ਦਸੰਬਰ 2026 ਤੱਕ ਜਾਰੀ ਰਹੇਗਾ, ਜਿਸ ਦੌਰਾਨ ਵੱਖ-ਵੱਖ ਸਿਖਲਾਈ ਗਤੀਵਿਧੀਆਂ ਰਾਹੀਂ ਕੈਡਿਟਾਂ ਦੀ ਸ਼ਖ਼ਸੀਅਤ, ਗਿਆਨ, ਹੁਨਰ ਤੇ ਲੀਡਰਸ਼ਿਪ ਯੋਗਤਾਵਾਂ ਨੂੰ ਹੋਰ ਨਿਖਾਰਿਆ ਜਾਵੇਗਾ। ਇਸ ਮੌਕੇ ਮੈਂਬਰ ਐੱਸਸੀ. ਕਮਿਸ਼ਨ ਪੰਜਾਬ ਕਮਿੱਕਰ ਸਿੰਘ ਡਾਢੀ, ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਕੇਸਰ ਸਿੰਘ ਸੰਧੂ, ਚੇਅਰਮੈਨ ਟਰੇਡ ਕਮਿਸ਼ਨ ਰੋਪੜ ਅਮਨਦੀਪ ਸਿੰਘ, ਤੇ ਚੇਅਰਮੈਨ ਟਰੇਡ ਕਮਿਸ਼ਨ ਸ੍ਰੀ ਅਨੰਦਪੁਰ ਸਾਹਿਬ ਗੁਰਪ੍ਰੀਤ ਸਿੰਘ ਅਰੋੜਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਤੋਂ ਇਲਾਵਾ ਸੀਟੀਓ. ਪ੍ਰਦੀਪ ਸਿੰਘ, ਸੀਟੀਓ. ਗਗਨਦੀਪ ਸਿੰਘ, ਜੀਸੀਆਈ. ਸੁਕਲੀਨ ਕੌਰ, ਸੀਟੀਓ. ਦਵਿੰਦਰ ਕੌਰ, ਪੀਆਈ. ਸਟਾਫ਼ ਦੇ ਪੈਟੀ ਅਫ਼ਸਰ ਵਿਸ਼ਾਲ ਜਰਿਆਲ, ਪੈਟੀ ਅਫ਼ਸਰ ਅਨੁਪਮ, ਯੂਨਿਟ ਦੇ ਹੋਰ ਪੀਆਈ. ਸਟਾਫ਼ ਮੈਂਬਰ ਤੇ ਵੱਡੀ ਗਿਣਤੀ ’ਚ ਐੱਨਸੀਸੀ. ਕੈਡਿਟ ਮੌਜੂਦ ਸਨ।