ਨਵਜੰਮੇ ਬੱਚੇ ਲਈ ਮਾਂ ਦਾ ਪਹਿਲਾ ਦੁੱਧ ਬਹੁਤ ਕੀਮਤੀ : ਡਾ. ਸਾਰਿਕਾ ਸਿਹਤ ਵਿਭਾਗ ਰੂਪਨਗਰ ਵੱਲੋਂ 15 ਤੋਂ 21 ਨਵੰਬਰ ਤੱਕ ਰਾਸ਼ਟਰੀ ਟੀਕਾਕਰਨ ਹਫ਼ਤਾ ਮਨਾਇਆ ਜਾ ਰਿਹਾ
Publish Date: Tue, 17 Nov 2026 04:45 PM (IST)
Updated Date: Tue, 17 Nov 2026 04:45 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਸਿਹਤ ਵਿਭਾਗ ਰੂਪਨਗਰ ਵੱਲੋਂ 15 ਨਵੰਬਰ ਤੋਂ 21 ਨਵੰਬਰ ਤੱਕ ਰਾਸ਼ਟਰੀ ਟੀਕਾਕਰਨ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਹਫ਼ਤੇ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਸਿਹਤ ਕੇਂਦਰਾਂ, ਸਬ-ਸੈਂਟਰਾਂ ਤੇ ਸਿਹਤ ਤੇ ਤੰਦਰੁਸਤੀ ਕੇਂਦਰਾਂ ਵਿਖੇ ਲੋਕਾਂ ਨੂੰ ਟੀਕਾਕਰਨ ਦੀ ਮਹੱਤਤਾ ਤੇ ਨਵਜੰਮੇ ਬੱਚਿਆਂ ਦੀ ਵਿਸ਼ੇਸ਼ ਦੇਖਭਾਲ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸਾਰਿਕਾ ਨੇ ਦੱਸਿਆ ਕਿ ਸਮੇਂ ਤੋਂ ਪਹਿਲਾਂ ਜਨਮ ਲੈਣ ਵਾਲੇ ਬੱਚਿਆਂ, ਘੱਟ ਵਜ਼ਨ ਵਾਲੇ ਬੱਚਿਆਂ ਤੇ ਬਿਮਾਰ ਬੱਚਿਆਂ ਦੀ ਵਿਸ਼ੇਸ਼ ਦੇਖਭਾਲ ਦੀ ਲੋੜ ਹੁੰਦੀ ਹੈ। ਅਜਿਹੇ ਬੱਚਿਆਂ ਦਾ ਸਿਹਤ ਵਿਭਾਗ ਵੱਲੋਂ ਨਿਰਧਾਰਤ ਸਮੇਂ ਅਨੁਸਾਰ ਨਿਯਮਤ ਫਾਲੋਅੱਪ ਕਰਵਾਉਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਦੇ ਵਾਧੇ, ਵਿਕਾਸ, ਪੋਸ਼ਣ ਤੇ ਸਿਹਤ ਸਬੰਧੀ ਕਿਸੇ ਵੀ ਸਮੱਸਿਆ ਦੀ ਸਮੇਂ ਸਿਰ ਪਛਾਣ ਕੀਤੀ ਜਾ ਸਕੇ। ਡਾ. ਸਾਰਿਕਾ ਨੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਨਵਜੰਮੇ ਬੱਚੇ ਲਈ ਮਾਂ ਦਾ ਪਹਿਲਾ ਗਾੜ੍ਹਾ ਪੀਲਾ ਦੁੱਧ (ਕੋਲੋਸਟ੍ਰਮ) ਬਹੁਤ ਕੀਮਤੀ ਹੁੰਦਾ ਹੈ, ਕਿਉਂਕਿ ਇਸ ਵਿੱਚ ਬੱਚੇ ਨੂੰ ਬਿਮਾਰੀਆਂ ਤੋਂ ਬਚਾਉਣ ਵਾਲੇ ਤੱਤ ਮੌਜੂਦ ਹੁੰਦੇ ਹਨ। ਬੱਚੇ ਨੂੰ ਜਨਮ ਤੋਂ ਪਹਿਲੇ ਇੱਕ ਘੰਟੇ ਦੇ ਅੰਦਰ ਮਾਂ ਦਾ ਦੁੱਧ ਪਿਲਾਉਣਾ ਚਾਹੀਦਾ ਹੈ ਤੇ ਪਹਿਲੇ ਛੇ ਮਹੀਨਿਆਂ ਤੱਕ ਸਿਰਫ਼ ਮਾਂ ਦਾ ਦੁੱਧ ਹੀ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕੰਗਾਰੂ ਮਦਰ ਕੇਅਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਘੱਟ ਜਨਮ ਵਜ਼ਨ ਤੇ ਸਮੇਂ ਤੋਂ ਪਹਿਲਾਂ ਜਨਮੇ ਬੱਚਿਆਂ ਲਈ ਇਹ ਬਹੁਤ ਲਾਭਦਾਇਕ ਤਰੀਕਾ ਹੈ। ਇਸ ’ਚ ਬੱਚੇ ਨੂੰ ਮਾਂ ਜਾਂ ਪਿਤਾ ਦੀ ਛਾਤੀ ਨਾਲ ਚਮੜੀ ਦੇ ਸੰਪਰਕ ’ਚ ਰੱਖਿਆ ਜਾਂਦਾ ਹੈ, ਜਿਸ ਨਾਲ ਬੱਚੇ ਦੇ ਸਰੀਰ ਦਾ ਤਾਪਮਾਨ ਬਰਕਰਾਰ ਰੱਖਣ, ਦੁੱਧ ਪਿਲਾਉਣ ਤੇ ਸਿਹਤਮੰਦ ਵਿਕਾਸ ’ਚ ਮਦਦ ਮਿਲਦੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਸਹੀ ਵਿਕਾਸ ਲਈ ਉਮਰ ਅਨੁਸਾਰ ਪੌਸ਼ਟਿਕ ਖੁਰਾਕ, ਸਫ਼ਾਈ, ਸਮੇਂ ਸਿਰ ਟੀਕਾਕਰਨ ਤੇ ਨਿਯਮਤ ਸਿਹਤ ਜਾਂਚ ਬਹੁਤ ਜ਼ਰੂਰੀ ਹਨ। ਮਾਪਿਆਂ ਨੂੰ ਬੱਚੇ ਦੇ ਵਜ਼ਨ, ਲੰਬਾਈ ਤੇ ਵਿਕਾਸ ਦੀ ਨਿਗਰਾਨੀ ਕਰਵਾਉਂਦੇ ਰਹਿਣਾ ਚਾਹੀਦਾ ਹੈ ਤੇ ਸਿਹਤ ਕਰਮਚਾਰੀਆਂ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਬਿਮਾਰ ਬੱਚਿਆਂ ’ਚ ਖ਼ਤਰੇ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਬੱਚਾ ਦੁੱਧ ਪੀਣਾ ਬੰਦ ਕਰ ਦੇਵੇ, ਸਾਹ ਲੈਣ ’ਚ ਤਕਲੀਫ਼ ਹੋਵੇ, ਸਾਹ ਬਹੁਤ ਤੇਜ਼ ਚੱਲੇ, ਛਾਤੀ ਅੰਦਰ ਧਸੇ, ਬੱਚਾ ਬਹੁਤ ਸੁਸਤ ਹੋਵੇ ਜਾਂ ਉਸ ਨੂੰ ਜਗਾਉਣ ’ਚ ਮੁਸ਼ਕਲ ਆਵੇ, ਦੌਰੇ ਪੈਣ, ਸਰੀਰ ਨੀਲਾ ਪੈਣ ਜਾਂ ਬੁਖ਼ਾਰ ਤੇ ਸਰੀਰ ਦਾ ਤਾਪਮਾਨ ਅਸਧਾਰਨ ਤੌਰ ਤੇ ਘੱਟ ਹੋਵੇ ਤਾਂ ਤੁਰੰਤ ਨੇੜਲੇ ਸਿਹਤ ਕੇਂਦਰ ਜਾਂ ਹਸਪਤਾਲ ਵਿੱਚ ਲਿਜਾਣਾ ਚਾਹੀਦਾ ਹੈ। ਅਜਿਹੇ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਡਾ. ਸਾਰਿਕਾ ਨੇ ਕਿਹਾ ਕਿ ਬੱਚੇ ਦੀ ਸਿਹਤ ਸੰਭਾਲ ਸਿਰਫ਼ ਮਾਂ ਦੀ ਹੀ ਨਹੀਂ, ਸਗੋਂ ਪਿਤਾ, ਪਰਿਵਾਰ ਤੇ ਸਮੁੱਚੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਪਰਿਵਾਰਕ ਮੈਂਬਰਾਂ ਨੂੰ ਮਾਂ ਤੇ ਬੱਚੇ ਦੀ ਦੇਖਭਾਲ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ, ਤਾਂ ਜੋ ਹਰ ਬੱਚੇ ਨੂੰ ਸਿਹਤਮੰਦ ਜੀਵਨ ਦੀ ਸ਼ੁਰੂਆਤ ਮਿਲ ਸਕੇ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਚਲਾਏ ਜਾ ਰਹੇ ਸਰਵ ਵਿਆਪੀ ਟੀਕਾਕਰਨ ਪ੍ਰੋਗਰਾਮ ਤਹਿਤ ਬੱਚਿਆਂ ਨੂੰ ਟੀ.ਬੀ., ਪੋਲੀਓ, ਹੈਪੇਟਾਈਟਸ-ਬੀ, ਡਿਪਥੀਰੀਆ, ਕਾਲੀ ਖੰਘ, ਟੈਟਨਸ, ਖਸਰਾ, ਰੁਬੈਲਾ ਤੇ ਹੋਰ ਗੰਭੀਰ ਬਿਮਾਰੀਆਂ ਤੋਂ ਬਚਾਅ ਲਈ ਮੁਫ਼ਤ ਟੀਕੇ ਲਗਾਏ ਜਾਂਦੇ ਹਨ। ਗਰਭਵਤੀ ਔਰਤਾਂ ਨੂੰ ਵੀ ਨਿਰਧਾਰਤ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ। ਇਸ ਮੌਕੇ ਡਾਕਟਰ ਗੁਰਸੇਵਕ ਬੱਚਿਆਂ ਦੇ ਰੋਗਾਂ ਦੇ ਮਾਹਰ ਤੇ ਪੈਰਾਮੈਡੀਕਲ ਸਟਾਫ ਹਾਜ਼ਰ ਸੀ।