ਜ਼ਿਲ੍ਹਾ ਪੱਧਰੀ ਨੈਸ਼ਨਲ ਚਿਲਡਰਨਜ਼ ਸਾਇੰਸ ਕਾਂਗਰਸ-2026 ਸਫ਼ਲਤਾਪੂਰਵਕ ਸੰਪੰਨ ਜ਼ਿਲ੍ਹਾ ਪੱਧਰੀ ਨੈਸ਼ਨਲ ਚਿਲਡਰਨਜ਼ ਸਾਇੰਸ ਕਾਂਗਰਸ-2026 ਸਫ਼ਲਤਾਪੂਰਵਕ ਸੰਪੰਨ
Publish Date: Sun, 25 Oct 2026 03:24 PM (IST)
Updated Date: Sun, 25 Oct 2026 03:25 PM (IST)
ਸਟਾਫ਼ ਰਿਪੋਰਟਰ,ਪੰਜਾਬੀ ਜਾਗਰਣ, ਰੂਪਨਗਰ : ਜ਼ਿਲ੍ਹਾ ਪੱਧਰੀ ਨੈਸ਼ਨਲ ਚਿਲਡਰਨਜ਼ ਸਾਇੰਸ ਕਾਂਗਰਸ (ਐਨਸੀਐਸਸੀ-2026) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਰੂਪਨਗਰ ਵਿਖੇ ਸਫ਼ਲਤਾਪੂਰਵਕ ਕਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋਗਰਾਮ ਦੇ ਮੀਡੀਆ ਕੋਆਰਡੀਨੇਟਰ ਦਿਸ਼ਾਂਤ ਮਹਿਤਾ ਨੇ ਦੱਸਿਆ ਕਿ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਕਰਵਾਏ ਗਏ ਇਸ ਮੁਕਾਬਲੇ ’ਚ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀਆਂ ਨੇ ਆਪਣੇ ਮੌਲਿਕ ਵਿਗਿਆਨਕ ਪ੍ਰੋਜੈਕਟਾਂ ਰਾਹੀਂ ਸਥਾਨਕ ਸਮੱਸਿਆਵਾਂ ਦੀ ਪਛਾਣ ਕਰਦਿਆਂ ਉਨ੍ਹਾਂ ਦੇ ਵਿਗਿਆਨਕ ਹੱਲ ਪੇਸ਼ ਕੀਤੇ ਅਤੇ ਆਪਣੀ ਵਿਗਿਆਨਕ ਸੋਚ, ਖੋਜੀ ਰੁਚੀ ਤੇ ਨਵੀਨਤਮ ਵਿਚਾਰਾਂ ਦਾ ਪ੍ਰਦਰਸ਼ਨ ਕੀਤਾ। ਇਹ ਸਮਾਗਮ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਪ੍ਰੇਮ ਕੁਮਾਰ ਮਿੱਤਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇੰਦਰਜੀਤ ਸਿੰਘ ਦੇ ਆਦੇਸ਼ਾਂ ਅਨੁਸਾਰ ਅਤੇ ਪ੍ਰਿੰਸੀਪਲ ਸੰਦੀਪ ਕੌਰ ਤੇ ਜ਼ਿਲ੍ਹਾ ਕੋਆਰਡੀਨੇਟਰ ਪ੍ਰਭਜੀਤ ਸਿੰਘ ਦੀ ਨਿਗਰਾਨੀ ਹੇਠ ਕਰਵਾਇਆ ਗਿਆ। ਮੁਕਾਬਲੇ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸੀਨੀਅਰ ਵਰਗ (14 ਤੋਂ 17 ਸਾਲ) ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਮਲਾਹ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਟੀਮ ’ਚ ਵਿਦਿਆਰਥੀ ਅਮਨਦੀਪ ਅਤੇ ਬੰਦਨਾ ਸ਼ਾਮਲ ਸਨ, ਜਿਨ੍ਹਾਂ ਦੀ ਗਾਈਡ ਅਧਿਆਪਕ ਧਰਮਿੰਦਰ ਕੌਰ, ਸਾਇੰਸ ਮਿਸਟ੍ਰੈੱਸ ਸਨ। ਦੂਜਾ ਸਥਾਨ ਜ਼ੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ, ਸੋਲਖੀਆਂ ਨੇ ਪ੍ਰਾਪਤ ਕੀਤਾ। ਇਸ ਟੀਮ ’ਚ ਸੀਰਤ ਪ੍ਰੀਤ ਕੌਰ ਅਤੇ ਤਨੀਆ ਧੀਮਾਨ ਸ਼ਾਮਲ ਸਨ ਅਤੇ ਉਨ੍ਹਾਂ ਦੇ ਗਾਈਡ ਅਧਿਆਪਕ ਮਹਿਤਾਬ ਸਿੰਘ ਖਾਲਸਾ ਸਨ। ਤੀਜਾ ਸਥਾਨ ਬਾਬਾ ਗੁਰਦਿੱਤਾ ਜੀ ਪਬਲਿਕ ਸਕੂਲ, ਜਿੰਦਵੜੀ ਨੇ ਹਾਸਲ ਕੀਤਾ। ਇਸ ਟੀਮ ’ਚ ਜਸਕਿਰਨ ਕੌਰ ਅਤੇ ਅਸ਼ਵਿੰਦਰ ਕੌਰ ਸ਼ਾਮਲ ਸਨ ਅਤੇ ਉਨ੍ਹਾਂ ਦੀ ਗਾਈਡ ਅਧਿਆਪਕ ਕਾਮਿਆ, ਟੀਜੀਟੀ. ਸਾਇੰਸ ਸਨ। ਜੂਨੀਅਰ ਵਰਗ (10 ਤੋਂ 14 ਸਾਲ) ’ਚ ਸਰਕਾਰੀ ਹਾਈ ਸਕੂਲ, ਦਸਗਰਾਂਈ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਟੀਮ ’ਚ ਵਿਦਿਆਰਥਣਾਂ ਮਨਪ੍ਰੀਤ ਕੌਰ ਅਤੇ ਹਰਨੀਤ ਕੌਰ ਸ਼ਾਮਲ ਸਨ ਅਤੇ ਉਨ੍ਹਾਂ ਦੀ ਗਾਈਡ ਅਧਿਆਪਕ ਅਮਰਜੀਤ ਕੌਰ, ਸਾਇੰਸ ਮਿਸਟ੍ਰੈੱਸ ਸਨ। ਦੂਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਹਫ਼ਿਜ਼ਾਬਾਦ ਨੇ ਹਾਸਲ ਕੀਤਾ। ਇਸ ਟੀਮ ’ਚ ਜਸ਼ਨਦੀਪ ਸਿੰਘ ਅਤੇ ਸਹਿਜਪ੍ਰੀਤ ਸਿੰਘ ਸ਼ਾਮਲ ਸਨ ਅਤੇ ਉਨ੍ਹਾਂ ਦੀ ਗਾਈਡ ਅਧਿਆਪਕ ਅਨੁਪਮ, ਸਾਇੰਸ ਮਿਸਟ੍ਰੈੱਸ ਸਨ। ਤੀਜਾ ਸਥਾਨ ਸਰਕਾਰੀ ਹਾਈ ਸਕੂਲ, ਬੜਵਾ ਨੇ ਪ੍ਰਾਪਤ ਕੀਤਾ। ਇਸ ਟੀਮ ’ਚ ਪੂਰਵੀ ਧੀਮਾਨ ਅਤੇ ਜਸਮੀਤ ਕੌਰ ਸ਼ਾਮਲ ਸਨ ਅਤੇ ਉਨ੍ਹਾਂ ਦੀ ਗਾਈਡ ਅਧਿਆਪਕ ਅਮਨਦੀਪ ਕੌਰ, ਸਾਇੰਸ ਮਿਸਟ੍ਰੈੱਸ ਸਨ। ਮੁਕਾਬਲੇ ’ਚ ਜ਼ਿਲ੍ਹੇ ਦੇ ਕਈ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ, ਜਿਨ੍ਹਾਂ ’ਚ ਜ਼ੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ, ਸਾਹਿਬਜ਼ਾਦਾ ਜੁਝਾਰ ਸਿੰਘ ਅਕੈਡਮੀ, ਡੀਏਵੀ., ਸੇਂਟ ਕਾਰਮਲ ਅਤੇ ਬਾਬਾ ਗੁਰਦਿੱਤਾ ਜੀ ਪਬਲਿਕ ਸਕੂਲ ਆਦਿ ਸ਼ਾਮਲ ਸਨ, ਦੇ ਵਿਦਿਆਰਥੀਆਂ ਨੇ ਭਾਗ ਲਿਆ। ਮੁਕਾਬਲੇ ’ਚ ਜੂਨੀਅਰ ਅਤੇ ਸੀਨੀਅਰ ਵਰਗਾਂ ਦੇ ਵਿਦਿਆਰਥੀਆਂ ਨੇ ਆਪਣੇ ਵਿਗਿਆਨਕ ਪ੍ਰੋਜੈਕਟ ਪੇਸ਼ ਕੀਤੇ। ਨਿਯਮਾਂ ਅਨੁਸਾਰ ਐਨਸੀਐਸਸੀ ਪੋਰਟਲ ਉੱਤੇ ਆਨਲਾਈਨ ਮਨਜ਼ੂਰ ਕੀਤੇ ਗਏ ਪ੍ਰੋਜੈਕਟਾਂ ਨੂੰ ਹੀ ਮੁਕਾਬਲੇ ’ਚ ਸ਼ਾਮਲ ਕੀਤਾ ਗਿਆ। ਹਰੇਕ ਟੀਮ ’ਚ ਵੱਧ ਤੋਂ ਵੱਧ ਦੋ ਬਾਲ ਵਿਗਿਆਨੀ ਅਤੇ ਇੱਕ ਗਾਈਡ ਅਧਿਆਪਕ ਸ਼ਾਮਲ ਸਨ। ਪ੍ਰੋਜੈਕਟਾਂ ਦਾ ਮੁਲਾਂਕਣ ਕਰਦਿਆਂ ਉਨ੍ਹਾਂ ਦੀ ਮੌਲਿਕਤਾ, ਸਥਾਨਕ ਸਮੱਸਿਆਵਾਂ ਦੇ ਹੱਲ ਦੀ ਉਪਯੋਗਤਾ, ਵਿਗਿਆਨਕ ਦ੍ਰਿਸ਼ਟੀਕੋਣ ਅਤੇ ਵਿਦਿਆਰਥੀਆਂ ਦੀ ਪੇਸ਼ਕਾਰੀ ਨੂੰ ਮੁੱਖ ਆਧਾਰ ਬਣਾਇਆ ਗਿਆ। ਜ਼ਿਲ੍ਹਾ ਪੱਧਰ ’ਤੇ ਚੁਣੇ ਗਏ ਪ੍ਰੋਜੈਕਟਾਂ ਨੂੰ ਅਗਲੇ ਪੜਾਅ ’ਚ ਰਾਜ ਪੱਧਰੀ ਮੁਕਾਬਲੇ ਲਈ ਭੇਜਿਆ ਜਾਵੇਗਾ। ਮੁਕਾਬਲੇ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਵਿਵੇਕ ਕੁਮਾਰ ਸ਼ਰਮਾ, ਐਸ.ਐਸ. ਮਾਸਟਰ, ਸਮਿਸ ਗੱਗੋਂ ਨੇ ਸੀਨੀਅਰ ਵਰਗ ਦੀ ਰਜਿਸਟ੍ਰੇਸ਼ਨ ਅਤੇ ਸਮਾਂ ਨਿਗਰਾਨ ਦੀ ਡਿਊਟੀ ਨਿਭਾਈ, ਜਦਕਿ ਸ੍ਰੀ ਰਮਨ ਕੁਮਾਰ, ਸਾਇੰਸ ਮਾਸਟਰ, ਸਸਸਸ ਫੂਲਪੁਰ ਗਰੇਵਾਲ ਨੇ ਜੂਨੀਅਰ ਵਰਗ ਦੀ ਰਜਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਸੰਭਾਲੀ। ਜੱਜਮੈਂਟ ਲਈ ਸਤਨਾਮ ਸਿੰਘ ਲੈਕਚਰਾਰ ਬਾਇਓਲੋਜੀ, ਸਸਸਸ ਤਖਤਗੜ੍ਹ, ਯਾਦਵਿੰਦਰ ਸਿੰਘ, ਲੈਕਚਰਾਰ ਕੈਮਿਸਟਰੀ, ਸਸਸਸ ਫੂਲਪੁਰ ਗਰੇਵਾਲ ਅਤੇ ਸ੍ਰੀਮਤੀ ਸੀਮਾ ਚੋਪੜਾ, ਲੈਕਚਰਾਰ ਫਿਜ਼ਿਕਸ, ਸ਼ਸਕਸ (ਕੰਨਿਆ), ਰੂਪਨਗਰ ਨੇ ਆਪਣੀਆਂ ਸੇਵਾਵਾਂ ਨਿਭਾਈਆਂ। ਇਸੇ ਤਰ੍ਹਾਂ ਸ੍ਰੀ ਸੰਜੀਵ ਕੁਮਾਰ, ਐਸ.ਐਸ. ਮਾਸਟਰ, ਸਮਿਸ ਠੌਣਾ ਨੇ ਰਿਫਰੈਸ਼ਮੈਂਟ, ਸ੍ਰੀ ਸੁਖਜੀਤ ਸਿੰਘ, ਐਸ.ਐਸ. ਮਾਸਟਰ, ਸਮਿਸ ਅਲੀਪੁਰ ਨੇ ਸਰਟੀਫਿਕੇਟਾਂ ਸਬੰਧੀ ਪ੍ਰਬੰਧਾਂ ਅਤੇ ਜਪਤਿੰਦਰ ਕੌਰ, ਲੈਕਚਰਾਰ ਬਾਇਓਲੋਜੀ, ਸਸਸਸ (ਕੰਨਿਆ), ਰੂਪਨਗਰ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ। ਇਸ ਤੋਂ ਇਲਾਵਾ ਦਿਸ਼ਾਂਤ ਮਹਿਤਾ, ਕੰਪਿਊਟਰ ਫੈਕਲਟੀ, ਸਸਸਸ (ਕੰਨਿਆ), ਨੰਗਲ ਵੱਲੋਂ ਮੀਡੀਆ ਕਵਰੇਜ ਦੀ ਜ਼ਿੰਮੇਵਾਰੀ ਨਿਭਾਈ ਗਈ।