- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਕੌਂਸਲ ਦੇ ਈਓ ਵਿਕਾਸ ਉੱਪਲ ਵੱਲੋਂ ਚਾਰਜ ਸੰਭਾਲਦਿਆਂ ਹੀ ਕਬਜ਼ੇ ਹਟਾਉਣ ਦੀ ਕਾਰਵਾਈ ਕੀਤੀ ਸ਼ੁਰੂ

ਅਮਰਜੀਤ ਧੀਮਾਨ, ਪੰਜਾਬੀ ਜਾਗਰਣ
ਮੋਰਿੰਡਾ : ਨਗਰ ਕੌਂਸਲ ਰਾਏਕੋਟ ਤੋਂ ਬਦਲ ਕੇ ਆਏ ਕਾਰਜ ਸਾਧਕ ਅਫਸਰ ਵਿਕਾਸ ਉੱਪਲ ਵੱਲੋਂ ਮੋਰਿੰਡਾ ਵਿਖੇ ਨਗਰ ਕੌਂਸਲ ਦਾ ਚਾਰਜ ਸੰਭਾਲਦਿਆਂ ਹੀ ਸ਼ਹਿਰ ਦੇ ਹਾਲਾਤ ਦਾ ਜਾਇਜ਼ਾ ਲਿਆ ਗਿਆ ਅਤੇ ਸ਼ਹਿਰ ਵਿਚ ਘੁੰਮ ਕੇ ਦੁਕਾਨਦਾਰਾਂ ਨੂੰ ਕਬਜ਼ੇ ਹਟਾਉਣ ਦੀ ਅਪੀਲ ਕੀਤੀ ਗਈ, ਜਿਸ ਲਈ ਉਨ੍ਹਾਂ ਵੱਲੋਂ ਦੁਕਾਨਦਾਰਾਂ ਨੂੰ ਦੋ ਦਿਨ ਦਾ ਸਮਾਂ ਵੀ ਦਿੱਤਾ ਗਿਆ। ਕਾਰਜ ਸਾਧਕ ਅਫਸਰ ਨੇ ਕਿਹਾ ਕਿ ਕਿਸੇ ਵੀ ਦੁਕਾਨਦਾਰ ਨੂੰ ਨਾਜਾਇਜ਼ ਕਬਜ਼ੇ ਨਹੀਂ ਕਰਨ ਦਿੱਤੇ ਜਾਣਗੇ। ਇਸ ਸਬੰਧੀ ਕਾਰਜ ਸਾਧਕ ਅਫਸਰ ਵਿਕਾਸ ਉੱਪਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਸ਼ਹਿਰ ਦਾ ਦੌਰਾ ਕੀਤਾ ਗਿਆ ਤੇ ਉਨ੍ਹਾਂ ਨੇ ਦੇਖਿਆ ਹੈ ਕਿ ਦੁਕਾਨਦਾਰਾਂ ਵੱਲੋਂ ਸੜਕਾਂ ’ਤੇ ਦੂਰ-ਦੂਰ ਤੱਕ ਕਬਜ਼ੇ ਕੀਤੇ ਹੋਏ ਹਨ। ਜਿਸ ਨਾਲ ਸ਼ਹਿਰ ਦੇ ਬਾਜ਼ਾਰਾਂ ਵਿਚ ਲੋਕਾਂ ਲਈ ਆਵਾਜਾਈ ਵਿਚ ਵਿਘਨ ਪੈਂਦਾ ਹੈ। ਉੱਪਲ ਨੇ ਕਿਹਾ ਕਿ ਉਨ੍ਹਾਂ ਸ਼ਹਿਰ ਵਿਚ ਦੇਖਿਆ ਹੈ ਕਿ ਦੁਕਾਨਦਾਰਾਂ ਵੱਲੋਂ ਦੂਰ-ਦੂਰ ਤੱਕ ਕਬਜ਼ੇ ਕੀਤੇ ਹੋਏ ਹਨ, ਜਿਸ ਨਾਲ ਜਿੱਥੇ ਆਵਾਜਾਈ ਵਿਚ ਵਿਘਨ ਪੈਂਦਾ ਹੈ ਉੱਥੇ ਹੀ ਲੋਕਾਂ ਦੇ ਆਉਣ-ਜਾਣ ਅਤੇ ਖਾਸ ਕਰ ਕੇ ਮਰੀਜ਼ਾਂ ਵਾਲੀਆਂ ਗੱਡੀਆਂ ਜਾਂ ਐਂਬੂਲੈਂਸ ਦੇ ਆਰਾਮ ਨਾਲ ਬਾਜ਼ਾਰ ਵਿੱਚੋਂ ਨਿਕਲਣ ਲਈ ਭਾਰੀ ਦਿੱਕਤ ਹੁੰਦੀ ਹੈ। ਇਸ ਕਾਰਨ ਨਾਜਾਇਜ਼ ਕਬਜ਼ਿਆਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਬਾਜ਼ਾਰਾਂ ਵਿਚ ਦੁਕਾਨਦਾਰਾਂ ਵੱਲੋਂ ਕੀਤੇ ਗਏ ਕਬਜ਼ੇ ਹਟਾਉਣ ਲਈ ਦੁਕਾਨਦਾਰਾਂ ਨੂੰ ਦੋ ਦਿਨ ਦਾ ਸਮਾਂ ਵੀ ਦਿੱਤਾ ਗਿਆ ਹੈ। ਪਰ ਇਸ ਤੋਂ ਬਾਅਦ ਜੇਕਰ ਕਿਸੇ ਦਾ ਵੀ ਕੋਈ ਨਾਜਾਇਜ਼ ਕਬਜ਼ਾ ਦਿਖਾਈ ਦਿੱਤਾ ਤਾਂ ਨਗਰ ਕੌਂਸਲ ਵੱਲੋਂ ਸਖਤ ਐਕਸ਼ਨ ਲੈਂਦਿਆਂ ਕਬਜ਼ਾ ਧਾਰਕਾਂ ਦਾ ਸਾਮਾਨ ਜ਼ਬਤ ਕਰ ਲਿਆ ਜਾਵੇਗਾ। ਜੋ ਪਨੈਲਟੀ ਤੋਂ ਬਾਅਦ ਹੀ ਵਾਪਸ ਕੀਤਾ ਜਾਵੇਗਾ ਅਤੇ ਇਹ ਵੀ ਹੋ ਸਕਦਾ ਹੈ ਕਿ ਉਹ ਸਾਮਾਨ ਵਾਪਸ ਹੀ ਨਾ ਕੀਤਾ ਜਾਵੇ, ਇਸ ਗੱਲ ਦਾ ਦੁਕਾਨਦਾਰ ਧਿਆਨ ਰੱਖਣ। ਈਓ ਨੇ ਕਿਹਾ ਕਿ ਦੁਕਾਨਦਾਰਾਂ ਨੂੰ ਦੋ ਦਿਨ ਦਾ ਸਮਾਂ ਦਿੱਤਾ ਗਿਆ ਹੈ ਅਤੇ ਜੇਕਰ ਦੁਕਾਨਦਾਰਾਂ ਵੱਲੋਂ ਨਾਜਾਇਜ਼ ਕਬਜ਼ੇ ਨਾ ਹਟਾਏ ਗਏ ਤਾਂ ਨਗਰ ਕੌਂਸਲ ਵੱਲੋਂ ਆਉਣ ਵਾਲੇ ਸੋਮਵਾਰ ਤੋਂ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਨਾਜਾਇਜ਼ ਕਬਜ਼ਿਆਂ ਸਬੰਧੀ ਅੱਗੇ ਗੱਲ ਕਰਦਿਆਂ ਈਓ ਨੇ ਕਿਹਾ ਕਿ ਜੋ ਨਗਰ ਕੌਂਸਲ ਵੱਲੋਂ ਦੁਕਾਨਾਂ ਦੇ ਬਾਹਰ ਇੱਕ ਯੈਲੋ ਲਾਈਨ ਲਗਾਈ ਗਈ ਹੈ ਕਿਸੇ ਵੀ ਦੁਕਾਨਦਾਰ ਨੂੰ ਯੈਲੋ ਲਾਈਨ ਤੋਂ ਅੱਗੇ ਸਾਮਾਨ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਰੂਪਨਗਰ ਅਤੇ ਐੱਸਐੱਸ ਪੀ ਰੂਪਨਗਰ ਦੇ ਧਿਆਨ ਵਿਚ ਲਿਆ ਕੇ ਉਨ੍ਹਾਂ ਤੋਂ ਪੁਲਿਸ ਹੈਲਪ ਲੈ ਕੇ ਅਤੇ ਟੋਇੰਗ ਵ੍ਹੀਕਲ ਲੈ ਕੇ ਕਬਜ਼ੇ ਹਟਾਏ ਜਾਣਗੇ ਅਤੇ ਪੱਕੇ ਤੌਰ ’ਤੇ ਖੜ੍ਹੀਆਂ ਗੱਡੀਆਂ ਵੀ ਕਬਜ਼ੇ ਵਿਚ ਲਈਆਂ ਜਾ ਸਕਦੀਆਂ ਹਨ।
- ਨਗਰ ਕੌਂਸਲ ਦੀ ਟੀਮ ਵੱਲੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਅਮਲ ਸ਼ੁਰੂ
ਉਧਰ ਦੂਸਰੇ ਪਾਸੇ ਨਗਰ ਕੌਂਸਲ ਦੇ ਸੈਨੇਟਰੀ ਵਿੰਗ ਵੱਲੋਂ ਅਧਿਕਾਰੀ ਦਾ ਰੁੱਖ ਦੇਖਦਿਆਂ ਹੀ ਰਾਤ ਸਮੇਂ ਹੀ ਸ਼ਹਿਰ ਵਿੱਚ ਨਾਜਾਇਜ਼ ਕਬਜ਼ੇ ਹਟਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਨੇਟਰੀ ਇੰਸਪੈਕਟਰ ਰਣਜੀਤ ਕੁਮਾਰ ਅਤੇ ਅਧਿਕਾਰੀ ਅਮੀਰ ਹਸਨ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਸ੍ਰੀ ਚਮਕੌਰ ਸਾਹਿਬ ਵਿਖੇ ਸਥਾਈ ਟਿਕਾਣਾ ਬਣਾਈ ਬੈਠੇ ਅਤੇ ਮੀਟ ਮੱਛੀ ਦਾ ਕੰਮ ਕਰਦੇ ਇੱਕ ਪ੍ਰਵਾਸੀ ਵੱਲੋਂ ਸ੍ਰੀ ਚਮਕੌਰ ਸਾਹਿਬ ਚੌਕ ਵਿਚ ਕੀਤਾ ਗਿਆ ਕਬਜ਼ਾ ਹਟਾਇਆ ਅਤੇ ਉਸ ਦਾ ਸਾਮਾਨ ਜ਼ਬਤ ਕਰ ਲਿਆ ਗਿਆ। ਉਨ੍ਹਾਂ ਸਮੂਹ ਰੇਹੜੀ ਫੜੀ ਮਾਲਕਾਂ ਨੂੰ ਵੀ ਅਪੀਲ ਕੀਤੀ ਕਿ ਸ਼ਹਿਰ ਵਿਚ ਕਿਸੇ ਵੀ ਥਾਂ ’ਤੇ ਰੇਹੜੀਆਂ ਫੜੀਆਂ ਨਾਲ ਨਾਜਾਇਜ਼ ਕਬਜ਼ੇ ਨਾ ਕੀਤੇ ਜਾਣ।