ਕੰਗ ਵੱਲੋਂ ਮੋਰਿੰਡਾ ਅਨਾਜ ਮੰਡੀ ਦਾ ਦੌਰਾ, ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਸੰਸਦ ਮੈਂਬਰ ਕੰਗ ਨੇ ਕੀਤਾ ਮੋਰਿੰਡਾ ਅਨਾਜ ਮੰਡੀ ਦਾ ਦੌਰਾ: ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ
Publish Date: Sat, 17 Oct 2026 05:56 PM (IST)
Updated Date: Sat, 17 Oct 2026 05:57 PM (IST)
ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ: ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਸ਼ਨੀਵਾਰ ਨੂੰ ਮੋਰਿੰਡਾ ਦੀ ਅਨਾਜ ਮੰਡੀ ਦਾ ਵਿਸ਼ੇਸ਼ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀ ਅਤੇ ਅਹੁਦੇਦਾਰ ਵੀ ਮੌਜੂਦ ਸਨ। ਦੌਰੇ ਦੌਰਾਨ ਸੰਸਦ ਮੈਂਬਰ ਕੰਗ ਨੇ ਝੋਨੇ ਦੀ ਖਰੀਦ, ਲਿਫਟਿੰਗ, ਬਾਰਦਾਨੇ ਅਤੇ ਮਾਲ ਦੀ ਅਲਾਟਮੈਂਟ ਸਮੇਤ ਹੋਰ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਮੋਰਿੰਡਾ ਇਸ ਖੇਤਰ ਦੀ ਇੱਕ ਬਹੁਤ ਹੀ ਮਹੱਤਵਪੂਰਨ ਮੰਡੀ ਹੈ, ਜਿੱਥੇ ਵੱਡੀ ਮਾਤਰਾ ’ਚ ਝੋਨੇ ਦੀ ਆਮਦ ਹੁੰਦੀ ਹੈ। ਇਸ ਲਈ ਮੰਡੀ ’ਚ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਆ ਰਹੀਆਂ ਸਮੱਸਿਆਵਾਂ ਦੀ ਸਮੀਖਿਆ ਕਰਨ ਲਈ ਇਹ ਦੌਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਥਾਨਕ ਐੱਮਐੱਲਏ. ਅਤੇ ਮੰਡੀ ਨਾਲ ਜੁੜੇ ਲੋਕਾਂ ਵੱਲੋਂ ਮਿਲੇ ਫੀਡਬੈਕ ਅਨੁਸਾਰ ਖਰੀਦ ਪ੍ਰਬੰਧ ਸੁਚਾਰੂ ਢੰਗ ਨਾਲ ਚੱਲ ਰਹੇ ਹਨ। ਰੋਲੂਮਾਜਰਾ ਮੰਡੀ ਦੀ ਖਰੀਦ ਸਬੰਧੀ ਸਪੱਸ਼ਟੀਕਰਨ: ਰੋਲੂਮਾਜਰਾ ਮੰਡੀ ਬਾਰੇ ਗੱਲ ਕਰਦਿਆਂ ਕੰਗ ਨੇ ਦੱਸਿਆ ਕਿ ਦੂਜੇ ਰਾਜਾਂ ਤੋਂ ਆਉਂਦੇ ਝੋਨੇ ਨੂੰ ਰੋਕਣ ਲਈ ਸਰਕਾਰ ਵੱਲੋਂ ਮੰਡੀਆਂ ਦਾ ਕੋਟਾ ਨਿਰਧਾਰਤ ਕਰਨ ਦਾ ਕ੍ਰਾਈਟੀਰੀਆ ਬਣਾਇਆ ਗਿਆ ਸੀ। ਰੋਲੂਮਾਜਰਾ ਮੰਡੀ ’ਚ ਖਰੀਦ ਬੰਦ ਹੋਣ ਦੀ ਸਮੱਸਿਆ ਧਿਆਨ ’ਚ ਆਉਣ ਤੇ ਹਲਕਾ ਵਿਧਾਇਕ ਵੱਲੋਂ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਤੁਰੰਤ ਗੱਲਬਾਤ ਕੀਤੀ ਗਈ। ਕਟਾਰੂਚੱਕ ਨੇ ਭਰੋਸਾ ਦਿੱਤਾ ਹੈ ਕਿ ਰੋਲੂਮਾਜਰਾ ਮੰਡੀ ’ਚ ਖਰੀਦ ਬੰਦ ਨਹੀਂ ਹੋਵੇਗੀ ਅਤੇ ਕਿਸਾਨਾਂ ਦੀ ਫਸਲ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ। ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਵਰਿੰਦਰ ਸਿੰਘ, ਚੇਅਰਮੈਨ ਐਨਪੀ.ਰਾਣਾ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਚਲਾਕੀ, ਸ਼ੂਗਰ ਮਿੱਲ ਮੋਰਿੰਡਾ ਦੇ ਚੇਅਰਮੈਨ ਸੁਖਜਿੰਦਰ ਸਿੰਘ ਸੋਹੀ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜੁਝਾਰ ਸਿੰਘ ਮਾਵੀ, ਜਨਰਲ ਸਕੱਤਰ ਗੁਰਮੀਤ ਸਿੰਘ ਸਿੱਧੂ, ਮਨਦੀਪ ਸਿੰਘ ਰੌਣੀ, ਪਰਮਿੰਦਰ ਸਿੰਘ ਖੱਟੜਾ, ਬਲਦੇਵ ਸਿੰਘ ਚੱਕਲ, ਜਸਵੀਰ ਸਿੰਘ ਕਜੌਲੀ, ਗੁਰਮੇਲ ਸਿੰਘ ਰੰਗੀ, ਮਨਪ੍ਰੀਤ ਸਿੰਘ ਮੰਨਾ ਮਾਵੀ, ਸਰਬਜਿੰਦਰ ਸਿੰਘ ਮੜੌਲੀ, ਕੇਸਰ ਸਿੰਘ ਸਮਾਣਾ, ਹਰਬੰਸ ਸਿੰਘ ਕਾਲਾ, ਊਧਮ ਸਿੰਘ ਰਾਣਾ, ਹਰੀਸ਼ ਸ਼ਰਮਾ, ਸਰਪੰਚ ਬਲਰਾਮ ਸਿੰਘ ਕੋਟਲੀ, ਨਿਰਮਲਪ੍ਰੀਤ ਸਿੰਘ ਮਿਹਰਬਾਨ, ਬਲਾਕ ਸਰਪੰਚ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਫੌਜੀ ਅਮਰਾਲੀ, ਨਿਰਪਾਲ ਸਿੰਘ ਮੰਡੇਰ, ਨਰਿੰਦਰ ਸਿੰਘ (ਐੱਮ.ਸੀ. ਘੜੂੰਆਂ) ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ। ਖੇਤੀਬਾੜੀ ਵਿਭਿੰਨਤਾ ਅਤੇ ਕੇਂਦਰ ਸਰਕਾਰ ਦੇ ਰਵੱਈਏ ’ਤੇ ਚਰਚਾ: ਪੰਜਾਬ ਦੀ ਖੇਤੀਬਾੜੀ ’ਚ ਵਿਭਿੰਨਤਾ (ਡਾਇਵਰਸੀਫਿਕੇਸ਼ਨ) ਲਿਆਉਣ ਅਤੇ ਵਿਸ਼ੇਸ਼ ਪੈਕੇਜ ਦੀ ਮੰਗ ਸਬੰਧੀ ਗੱਲ ਕਰਦਿਆਂ ਸੰਸਦ ਕੰਗ ਨੇ ਕਿਹਾ ਕਿ ਜਦੋਂ ਵੀ ਦੇਸ਼ ਨੂੰ ਅਨਾਜ ਦੀ ਲੋੜ ਪਈ, ਪੰਜਾਬ ਨੇ ਕੇਂਦਰੀ ਅਨਾਜ ਭੰਡਾਰ ਭਰ ਕੇ ਦੇਸ਼ ਦਾ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਹਰ ਸਾਲ ਲਗਭਗ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਖਾਣ ਵਾਲਾ ਤੇਲ ਅਤੇ ਦਾਲਾਂ ਬਾਹਰਲੇ ਮੁਲਕਾਂ ਤੋਂ ਮੰਗਵਾਉਂਦੀ ਹੈ। ਜੇਕਰ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਵਿਸ਼ੇਸ਼ ਪੈਕੇਜ ਦੇ ਕੇ ਦਾਲਾਂ ਅਤੇ ਤੇਲਬੀਜਾਂ ਦੀ ਖਰੀਦ ਦੀ ਗਾਰੰਟੀ ਦੇਵੇ, ਤਾਂ ਕਿਸਾਨ ਫਸਲੀ ਚੱਕਰ ਚੋਂ ਨਿਕਲ ਸਕਦੇ ਹਨ। ਇਸ ਨਾਲ ਦੇਸ਼ ਦੀ ਦੂਜੇ ਮੁਲਕਾਂ ਤੇ ਨਿਰਭਰਤਾ ਖ਼ਤਮ ਹੋਵੇਗੀ, ਪਰ ਕੇਂਦਰ ਸਰਕਾਰ ਦਾ ਰਵੱਈਆ ਇਸ ਪ੍ਰਤੀ ਹਾਂ-ਪੱਖੀ ਨਹੀਂ ਹੈ। ਧਰਤੀ ਹੇਠਲੇ ਪਾਣੀ ਅਤੇ ਮੌਸਮ ਦੀ ਮਾਰ ’ਤੇ ਫਿਕਰਮੰਦੀ: ਉਨ੍ਹਾਂ ਚਿੰਤਾ ਪ੍ਰਗਟਾਈ ਕਿ ਪੰਜਾਬ ਦਾ ਲਗਭਗ 70 ਫੀਸਦੀ ਰਕਬਾ ‘ਡਾਰਕ ਜ਼ੋਨ’ ’ਚ ਜਾ ਚੁੱਕਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਨਹਿਰੀ ਪਾਣੀ ਦੇ ਨੈੱਟਵਰਕ ਦਾ ਵਿਸਥਾਰ ਕੀਤਾ ਹੈ, ਜਿਸ ਨਾਲ ਧਰਤੀ ਹੇਠਲਾ ਪਾਣੀ ਸਥਿਰ ਹੋਇਆ ਹੈ ਅਤੇ ਕਿਸਾਨਾਂ ਦੀ ਲਾਗਤ ਵੀ ਘਟੀ ਹੈ। ਬੇਮੌਸਮੀ ਬਰਸਾਤ ਕਾਰਨ ਹੋਏ ਨੁਕਸਾਨ ਬਾਰੇ ਉਨ੍ਹਾਂ ਆਸ ਜਤਾਈ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਲਈ ਜਲਦ ਹੀ ਪੁਖ਼ਤਾ ਯੋਜਨਾ ਤਿਆਰ ਕਰੇਗੀ।