ਮੋਰਿੰਡਾ-ਲੁਧਿਆਣਾ ਮੁੱਖ ਮਾਰਗ ’ਤੇ 20 ਦਿਨਾਂ ਤੋਂ ਹਨ੍ਹੇਰਾ, ਅਵਾਰਾ ਪਸ਼ੂ ਬਣ ਰਹੇ ਹਾਦਸਿਆਂ ਦਾ ਕਾਰਨ ਮੋਰਿੰਡਾ-ਲੁਧਿਆਣਾ ਮੁੱਖ ਮਾਰਗ ’ਤੇ 20 ਦਿਨਾਂ ਤੋਂ ਹਨੇਰਾ, ਅਵਾਰਾ ਪਸ਼ੂ ਬਣ ਰਹੇ ਹਾਦਸਿਆਂ ਦਾ ਕਾਰਨ
Publish Date: Thu, 10 Sep 2026 06:21 PM (IST)
Updated Date: Thu, 10 Sep 2026 06:22 PM (IST)
ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਮੋਰਿੰਡਾ-ਲੁਧਿਆਣਾ ਮੁੱਖ ਮਾਰਗ ’ਤੇ ਪਿਛਲੇ ਕਰੀਬ 15-20 ਦਿਨਾਂ ਤੋਂ ਸਟਰੀਟ ਲਾਈਟਾਂ ਬੰਦ ਹੋਣ ਕਾਰਨ ਰਾਤ ਸਮੇਂ ਪੂਰਾ ਇਲਾਕਾ ਹਨ੍ਹੇਰੇ ਵਿਚ ਡੁੱਬ ਜਾਂਦਾ ਹੈ। ਦਿਨ-ਰਾਤ ਭਾਰੀ ਆਵਾਜਾਈ ਵਾਲੇ ਇਸ ਮਾਰਗ ’ਤੇ ਰੌਸ਼ਨੀ ਦੀ ਘਾਟ ਕਾਰਨ ਵਾਹਨ ਚਾਲਕਾਂ ਅਤੇ ਰਾਹਗੀਰਾਂ ਲਈ ਹਾਦਸਿਆਂ ਦਾ ਖ਼ਤਰਾ ਬਣਿਆ ਹੋਇਆ ਹੈ। ਖ਼ਾਸ ਕਰਕੇ ਸੜਕ ’ਤੇ ਘੁੰਮਦੇ ਅਵਾਰਾ ਪਸ਼ੂ ਹਨ੍ਹੇਰੇ ਵਿਚ ਨਜ਼ਰ ਨਾ ਆਉਣ ਕਾਰਨ ਸਥਿਤੀ ਹੋਰ ਗੰਭੀਰ ਹੋ ਜਾਂਦੀ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੀਏਸੀ ਮੈਂਬਰ ਜੁਗਰਾਜ ਸਿੰਘ ਮਾਨਖੇੜੀ, ਹਲਕਾ ਪ੍ਰਧਾਨ ਸੁਰਜੀਤ ਸਿੰਘ ਤਾਜਪੁਰਾ, ਪਰਮਿੰਦਰ ਸਿੰਘ ਬਿੱਟੂ ਕੰਗ, ਯੂਥ ਆਗੂ ਲੱਖੀ ਸ਼ਾਹ ਅਤੇ ਠੇਕੇਦਾਰ ਸਿਕੰਦਰ ਸਿੰਘ ਕਾਕਾ ਨੇ ਕਿਹਾ ਕਿ ਹਨ੍ਹੇਰੇ ਕਾਰਨ ਅਚਾਨਕ ਸਾਹਮਣੇ ਆਉਂਦੇ ਅਵਾਰਾ ਪਸ਼ੂ ਵਾਹਨ ਚਾਲਕਾਂ ਲਈ ਵੱਡਾ ਖ਼ਤਰਾ ਬਣ ਰਹੇ ਹਨ। ਤੇਜ਼ ਰਫ਼ਤਾਰ ਦੋਪਹੀਆ ਵਾਹਨ ਅਤੇ ਕਾਰ ਚਾਲਕ ਅਚਾਨਕ ਬ੍ਰੇਕ ਲਗਾਉਣ ਜਾਂ ਪਸ਼ੂਆਂ ਤੋਂ ਬਚਣ ਦੀ ਕੋਸ਼ਿਸ਼ ਵਿੱਚ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ ਕੇ ਇੱਥੇ ਛੋਟੇ-ਮੋਟੇ ਕਈ ਹਾਦਸੇ ਵਾਪਰ ਚੁੱਕੇ ਹਨ। ਆਗੂਆਂ ਨੇ ਦੋਸ਼ ਲਾਇਆ ਕਿ ਇੰਨੇ ਲੰਬੇ ਸਮੇਂ ਤੋਂ ਸਟਰੀਟ ਲਾਈਟਾਂ ਬੰਦ ਹੋਣ ਦੇ ਬਾਵਜੂਦ ਨਗਰ ਕੌਂਸਲ ਦਾ ਸਬੰਧਤ ਵਿਭਾਗ ਅਤੇ ਪ੍ਰਸ਼ਾਸਨ ਇਸ ਸਮੱਸਿਆ ਵੱਲ ਧਿਆਨ ਨਹੀਂ ਦੇ ਰਿਹਾ। ਇਸ ਕਾਰਨ ਇਲਾਕਾ ਵਾਸੀਆਂ ਵਿਚ ਭਾਰੀ ਰੋਸ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਾਰੀਆਂ ਬੰਦ ਲਾਈਟਾਂ ਤੁਰੰਤ ਚੈਕ ਕਰਵਾ ਕੇ ਚਾਲੂ ਕੀਤੀਆਂ ਜਾਣ ਅਤੇ ਅਵਾਰਾ ਪਸ਼ੂਆਂ ਨੂੰ ਸੜਕਾਂ ਤੋਂ ਹਟਾ ਕੇ ਗਊਸ਼ਾਲਾਵਾਂ ਵਿਚ ਭੇਜਿਆ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਕਾਰਵਾਈ ਨਾ ਹੋਈ ਤਾਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।