ਤਿਉਹਾਰਾਂ ਦੌਰਾਨ ਸਖ਼ਤ ਸੁਰੱਖਿਆ ਤੇ ਟਰੈਫਿਕ ਨਿਯਮਾਂ ਦੇ ਪੁਖਤਾ ਪ੍ਰਬੰਧ ਮੋਰਿੰਡਾ ਪੁਲਿਸ ਵੱਲੋਂ ਤਿਉਹਾਰਾਂ ਦੌਰਾਨ ਸਖਤ ਸੁਰੱਖਿਆ ਅਤੇ ਟਰੈਫਿਕ ਨਿਯਮਾਂ ਦੇ ਕੀਤੇ ਪੁਖਤਾ ਪ੍ਰਬੰਧ
Publish Date: Mon, 09 Nov 2026 05:24 PM (IST)
Updated Date: Mon, 09 Nov 2026 05:26 PM (IST)
ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ : ਮੋਰਿੰਡਾ ਪੁਲਿਸ ਵੱਲੋਂ ਡੀਐੱਸਪੀ ਗੁਰਦੀਪ ਸਿੰਘ ਦੀ ਨਿਗਰਾਨੀ ਹੇਠ ਸ਼ਹਿਰ ਦੇ ਬਾਜ਼ਾਰਾਂ ’ਚ ਆਮ ਦਿਨਾਂ ’ਚ ਵੀ ਰਹਿੰਦੇ ਭੀੜ-ਭੜੱਕੇ ਵਾਲੇ ਟਰੈਫਿਕ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਤੇ ਦੀਵਾਲੀ ਤੇ ਤਿਉਹਾਰਾਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਸ਼ਹਿਰ ’ਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਸਿਟੀ ਮੋਰਿੰਡਾ ਦੇ ਐੱਸਐੱਚਓ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਦੀਵਾਲੀ ਮੌਕੇ ਸ਼ਹਿਰ ’ਚ ਕੋਈ ਵੀ ਗੰਭੀਰ ਤੇ ਅਣਸੁਖਾਵੀ ਘਟਨਾ ਵਾਪਰਨ ਤੋਂ ਬਚਾਅ ਰਿਹਾ। ਉਨ੍ਹਾਂ ਦੱਸਿਆ ਕਿ ਡੀਐਸਪੀ ਗੁਰਦੀਪ ਸਿੰਘ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਜੋ ਉਨ੍ਹਾਂ ਨੂੰ ਦਿੱਤੇ ਗਏ ਵੱਖ ਵੱਖ ਬੀਟਸ/ ਇਲਾਕਿਆਂ ’ਚ ਸਤਰਕ ਰਹੀਆਂ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਹਰ ਕੋਣ ਤੋਂ ਚੱਪੇ-ਚੱਪੇ ਤੇ ਸਖ਼ਤ ਨਿਗਾਹ ਰੱਖੀ ਗਈ। ਇਸੇ ਤਰ੍ਹਾਂ ਟਰੈਫਿਕ ਪੁਲਿਸ ਵੱਲੋਂ ਵੀ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਤੇ ਸ਼ਹਿਰ ’ਚ ਕਿਸੇ ਤਰ੍ਹਾਂ ਦਾ ਜਾਮ ਨਾ ਲੱਗੇ, ਇਸ ਲਈ ਬੈਰੀਕੇਡਿੰਗ ਕੀਤੀ ਗਈ ਤਾਂ ਜੋ ਹੈਵੀ ਵਾਹਨ ਸ਼ਹਿਰ ’ਚ ਨਾ ਜਾਣ ਤੇ ਆਮ ਲੋਕਾਂ ਨੂੰ ਆਉਣ ਜਾਣ ਲਈ ਤੇ ਖਰੀਦਦਾਰੀ ਕਰਨ ਲਈ ਕੋਈ ਵਿਘਨ ਨਾ ਪਵੇ। ਉਨ੍ਹਾਂ ਦੱਸਿਆ ਕਿ ਦੀਵਾਲੀ ਦੇ ਦਿਨ ਤੇ ਪਹਿਲੇ ਦਿਨ ਚੌਪਈਆਂ ਵਾਹਨਾਂ ਨੂੰ ਵੀ ਸ਼ਹਿਰ ’ਚ ਦਾਖਲ ਹੋਣ ਤੋਂ ਮਨਾਹੀ ਕਰ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਟ੍ਰੈਫਿਕ ਇੰਚਾਰਜ ਏਐਸਆਈ ਮਲਕੀਅਤ ਸਿੰਘ, ਟਰੈਫਿਕ ਏਐਸਆਈ ਧੰਨ ਸਿੰਘ ਸੈਣੀ ਤੇ ਪੁਲਿਸ ਦੀ ਹੋਰ ਟੁਕੜੀ ਵੱਲੋਂ ਪੂਰੀ ਮੁਸਤੈਦੀ ਨਾਲ ਡਿਊਟੀ ਨਿਭਾਈ ਗਈ ਜਿਸ ਦੇ ਚਲਦਿਆਂ ਸ਼ਹਿਰ ’ਚ ਖਰੀਦਾਰੀ ਕਰਨ ਆਏ ਲੋਕਾਂ ਨੂੰ ਵੀ ਕੋਈ ਦਿੱਕਤ ਨਹੀਂ ਹੋਈ। ਇਸੇ ਤਰ੍ਹਾਂ ਕਿਸੇ ਵੀ ਸੰਭਾਵਿਤ ਅਣਸੁਖਾਵੀ ਘਟਨਾ ਤੂੰ ਚੌਕਸੀ ਵਸ ਇੰਤਜ਼ਾਮ ਕੀਤੇ ਗਏ ਕਿ ਜੇਕਰ ਕਿਸੇ ਪਾਸੇ ਕੋਈ ਅਗਜਨੀ ਦੀ ਘਟਨਾ ਵਾਪਰਦੀ ਹੈ ਤਾਂ ਅੱਗ ਬੁਝਾਊ ਗੱਡੀਆਂ ਬਿਨਾਂ ਕਿਸੇ ਵਿਘਨ ਦੇ ਸ਼ਹਿਰ ’ਚ ਕਿਸੇ ਪਾਸੇ ਵੀ ਜਾ ਸਕਦੀਆਂ ਹੁਣ ਪ੍ਰੰਤੂ ਸੁਖਦ ਗੱਲ ਹੈ ਕਿ ਕਿਸੇ ਪਾਸੇ ਅਗਨੀ ਦੀ ਵੀ ਕੋਈ ਘਟਨਾ ਨਹੀਂ ਵਾਪਰੀ। ਪੁਲਿਸ ਵੱਲੋਂ ਕੀਤੇ ਗਏ ਟਰੈਫਿਕ ਤੇ ਹੋਰ ਸਖਤ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸ਼ਹਿਰ ਦੇ ਪਤਵੰਤਿਆਂ ਵੱਲੋਂ ਪੁਲਿਸ ਦਾ ਧੰਨਵਾਦ ਕੀਤਾ ਗਿਆ ਉੱਥੇ ਹੀ ਡੀਐੱਸਪੀ ਸਰਦਾਰ ਗੁਰਦੀਪ ਸਿੰਘ ਵੱਲੋਂ ਵੀ ਵਧੀਆ ਪ੍ਰਬੰਧਾਂ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਕਰਮਚਾਰੀਆਂ ਦੀ ਪ੍ਰਸ਼ੰਸਾ ਕੀਤੀ ਗਈ।