- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਰਿੰਡਾ ਵਿਖੇ ਈਸਾਈ ਭਾਈਚਾਰੇ ਨਾਲ ਸਬੰਧਤ ਇਕ ਮ੍ਰਿਤਕ ਔਰਤ ਸਰੋਜ (ਵਾਸੀ ਮੋਰਿੰਡਾ) ਦੀ ਮ੍ਰਿਤਕ ਦੇਹ ਨੂੰ ਕਬਰਿਸਤਾਨ ਵਿੱਚ ਦਫਨਾਉਣ ਤੋਂ ਰੋਕਣ ਦੇ ਮਾਮਲੇ ਨੇ ਹੁਣ ਵੱਡਾ ਤੂਲ ਫੜ ਲਿਆ ਹੈ। ਇਸ ਘਟਨਾ ਦੇ ਵਿਰੋਧ ਵਿੱਚ ਗੁੱਸੇ ਵਿੱਚ ਆਏ ਮਸੀਹੀ ਭਾਈਚਾਰੇ ਦੇ ਲੋਕਾਂ ਵੱਲੋਂ ਮ੍ਰਿਤਕਾ ਦੇ ਤਾਬੂਤ ਨੂੰ ਕਾਈਨੌਰ ਚੌਂਕ ਵਿਖੇ ਰੱਖ ਕੇ ਜ਼ੋਰਦਾਰ ਧਰਨਾ ਪ੍ਰਦਰਸ਼ਨ ਕੀਤਾ ਗਿਆ।

ਜੋਲੀ ਸੂਦ, ਮੋਰਿੰਡਾ : ਮੋਰਿੰਡਾ ਵਿਖੇ ਈਸਾਈ ਭਾਈਚਾਰੇ ਨਾਲ ਸਬੰਧਤ ਇਕ ਮ੍ਰਿਤਕ ਔਰਤ ਸਰੋਜ (ਵਾਸੀ ਮੋਰਿੰਡਾ) ਦੀ ਦੇਹ ਨੂੰ ਕਬਰਿਸਤਾਨ ਵਿੱਚ ਦਫਨਾਉਣ ਤੋਂ ਰੋਕਣ ਦੇ ਮਾਮਲੇ ਨੇ ਹੁਣ ਵੱਡਾ ਤੂਲ ਫੜ ਲਿਆ ਹੈ। ਇਸ ਘਟਨਾ ਦੇ ਵਿਰੋਧ ਵਿੱਚ ਗੁੱਸੇ ਵਿੱਚ ਆਏ ਮਸੀਹੀ ਭਾਈਚਾਰੇ ਦੇ ਲੋਕਾਂ ਵੱਲੋਂ ਮ੍ਰਿਤਕਾ ਦੇ ਤਾਬੂਤ ਨੂੰ ਕਾਈਨੌਰ ਚੌਕ ਵਿਖੇ ਰੱਖ ਕੇ ਜ਼ੋਰਦਾਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੀ ਖ਼ਬਰ ਮਿਲਦਿਆਂ ਹੀ ਪੰਜਾਬ ਤੋਂ ਈਸਾਈ ਭਾਈਚਾਰੇ ਦੇ ਕਈ ਹੋਰ ਆਗੂ ਵੀ ਮੋਰਿੰਡਾ ਪਹੁੰਚ ਗਏ, ਜਿਸ ਨਾਲ ਇਲਾਕੇ ਵਿੱਚ ਮਹੌਲ ਕਾਫ਼ੀ ਤਣਾਅਪੂਰਨ ਹੋ ਗਿਆ।
ਇਸ ਮੌਕੇ ਗੱਲ ਕਰਦਿਆਂ ਈਸਾਈ ਆਗੂ ਮੇਜਰ ਸਿੰਘ ਨੇ ਇੱਕ ਸਥਾਨਕ ਕੌਂਸਲਰ 'ਤੇ ਸਿੱਧੇ ਤੌਰ 'ਤੇ ਗੰਭੀਰ ਦੋਸ਼ ਲਗਾਉਂਦ ਹੋਏ ਦੱਸਿਆ ਕਿ ਸਬੰਧਤ ਕੌਂਸਲਰ ਵੱਲੋਂ ਕਬਰਿਸਤਾਨ ਦੀ ਸਰਕਾਰੀ/ਸਾਂਝੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਪੁਲਿਸ ਨੂੰ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਕਤ ਕੌਂਸਲਰ ਵੱਲੋਂ ਉਨ੍ਹਾਂ ਦੇ ਪੁਰਖਿਆਂ ਦੀਆਂ ਕਬਰਾਂ ਨੂੰ ਪੁੱਟ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਸਰੋਜ ਦੀਆਂ ਅੰਤਿਮ ਰਸਮਾਂ ਲਈ ਪਰਿਵਾਰ ਵੱਲੋਂ ਕਬਰਿਸਤਾਨ ਵਿੱਚ ਬਾਕਾਇਦਾ ਕਬਰ ਖੋਦ ਲਈ ਗਈ ਸੀ, ਪ੍ਰੰਤੂ ਜਦੋਂ ਪਰਿਵਾਰਕ ਮੈਂਬਰ ਅਤੇ ਭਾਈਚਾਰੇ ਦੇ ਲੋਕ ਦੇਹ ਨੂੰ ਲੈ ਕੇ ਪਹੁੰਚੇ ਤਾਂ ਕੌਂਸਲਰ ਦੇ ਬੰਦਿਆਂ ਨੇ ਧੱਕੇਸ਼ਾਹੀ ਕਰਦਿਆਂ ਦੇਹ ਨੂੰ ਦਫਨਾਉਣ ਤੋਂ ਰੋਕ ਦਿੱਤਾ।
ਇਸ ਮੌਕੇ ਪਹੁੰਚੇ ਐੱਸਐੱਚਓ ਇੰਸਪੈਕਟਰ ਗਗਨਦੀਪ ਸਿੰਘ ਨੇ ਪੁਲਿਸ ਫੋਰਸ ਸਮੇਤ ਸਥਿਤੀ ਨੂੰ ਸੰਭਾਲਿਆ। ਉਨ੍ਹਾਂ ਨੇ ਮਸੀਹੀ ਭਾਈਚਾਰੇ ਦੇ ਆਗੂਆਂ ਅਤੇ ਪਰਿਵਾਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਦੇਹ ਨੂੰ ਪੂਰੇ ਸਨਮਾਨ ਨਾਲ ਉਸੇ ਜਗ੍ਹਾ 'ਤੇ ਦਫਨਾਇਆ ਜਾਵੇਗਾ ਅਤੇ ਪੁਲਿਸ ਖੁਦ ਮੌਕੇ 'ਤੇ ਮੌਜੂਦ ਰਹਿ ਕੇ ਅੰਤਿਮ ਸੰਸਕਾਰ ਕਰਵਾਏਗੀ।
ਇਸ ਮੌਕੇ ਪਹੁੰਚੇ ਮੋਰਿੰਡਾ ਦੇ ਤਹਿਸੀਲਦਾਰ ਪੁਨੀਤ ਬਾਂਸਲ ਨੇ ਪਰਿਵਾਰਕ ਮੈਂਬਰਾਂ ਤੇ ਇਸਾਈ ਆਗੂਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਸੋਟੀਡੀਅਨ ਵਾਲੀ ਜ਼ਮੀਨ ਸਰਕਾਰੀ ਹੈ, ਜਿਸ ਵਿਚ ਮ੍ਰਿਤਕ ਸਰੋਜ ਨੂੰ ਦਫਨਾਇਆ ਜਾਵੇ।
ਹਾਲਾਂਕਿ, ਈਸਾਈ ਆਗੂ ਅਤੇ ਪ੍ਰਦਰਸ਼ਨਕਾਰੀ ਪਹਿਲਾਂ ਦਫਨਾਉਣ ਤੋਂ ਰੋਕਣ ਵਾਲੇ ਅਤੇ ਧੱਕੇਸ਼ਾਹੀ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਤੁਰੰਤ ਪਰਚਾ ਦਰਜ ਕਰਕੇ ਕਾਨੂੰਨੀ ਕਾਰਵਾਈ ਦੀ ਮੰਗ 'ਤੇ ਅੜੇ ਹੋਏ ਸਨ। ਪ੍ਰੰਤੂ ਪੁਲਿਸ ਵੱਲੋਂ ਮਸੀਹੀ ਭਾਈਚਾਰੇ ਨੂੰ ਲਿਖਤੀ ਸ਼ਿਕਾਇਤ ਦੇਣ ਲਈ ਕਿਹਾ ਗਿਆ ਹੈ ਤਾਂ ਜੋ ਬਣਦੀ ਕਾਰਵਾਈ ਕੀਤੀ ਜਾ ਸਕੇ।