- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰੂਦ ਦੇ ਢੇਰ ’ਤੇ ਮੋਰਿੰਡਾ ਸ਼ਹਿਰ,ਬਿਨਾਂ ਸੁਰੱਖਿਆ ਪ੍ਰਬੰਧਾਂ ਦੇ ਸ਼ਰੇਆਮ ਵਿਕ ਰਹੀ ਆਤਿਸ਼ਬਾਜ਼ੀ, ਪ੍ਰਸ਼ਾਸਨ ਅੱਖਾਂ ਮੀਚੀ ਬੈਠਾ

ਸਰਕਾਰੀ ਹਦਾਇਤਾਂ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ, ਪ੍ਰਸ਼ਾਸਨ ਨੇ ਮੀਚੀਆਂ ਅੱਖਾਂ
ਲੀਡ: ਨਿੱਜੀ ਪੱਤਰ ਪ੍ਰੇਰਕ,ਪੰਜਾਬੀ ਜਾਗਰਣ, ਮੋਰਿੰਡਾ: ਦੁਸਹਿਰੇ ਤੇ ਦਿਵਾਲੀ ਦੇ ਤਿਉਹਾਰਾਂ ਦੇ ਨੇੜੇ ਆਉਂਦਿਆਂ ਹੀ ਮੋਰਿੰਡਾ ਸ਼ਹਿਰ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ’ਚ ਬਿਨਾਂ ਕਿਸੇ ਲਾਇਸੈਂਸ ਤੇ ਸੁਰੱਖਿਆ ਪ੍ਰਬੰਧਾਂ ਦੇ ਵੱਡੇ ਪੱਧਰ ’ਤੇ ਆਤਿਸ਼ਬਾਜ਼ੀ ਤੇ ਪਟਾਕਿਆਂ ਦੀ ਵਿਕਰੀ ਸ਼ੁਰੂ ਹੋ ਚੁੱਕੀ ਹੈ। ਭੀੜ-ਭੜੱਕੇ ਵਾਲੇ ਬਾਜ਼ਾਰਾਂ ਤੇ ਰਿਹਾਇਸ਼ੀ ਇਲਾਕਿਆਂ ’ਚ ਕਥਿਤ ਰੂਪ ’ਚ ਗੈਰ-ਕਾਨੂੰਨੀ ਢੰਗ ਨਾਲ ਸਟੋਰ ਕੀਤੇ ਗਏ ਪਟਾਖਿਆਂ ਕਾਰਨ ਸ਼ਹਿਰ ’ਚ ਕਿਸੇ ਵੀ ਵੇਲੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਜਿਸ ਦੇ ਚਲਦਿਆਂ ਮੋਰਿੰਡਾ ਸ਼ਹਿਰ ਇਸ ਵੇਲੇ ਬਰੂਦ ਦੇ ਢੇਰ ’ਤੇ ਜ਼ਿੰਦਗੀ ਬਸਰ ਕਰਨ ਲਈ ਮਜ਼ਬੂਰ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਰਲਡ ਸਿੱਖ ਮਿਸ਼ਨ ਦੇ ਪ੍ਰਧਾਨ ਜਥੇਦਾਰ ਨਰਿੰਦਰ ਸਿੰਘ ਹਲਨੌਲੀ, ਵਿੱਤ ਸਕੱਤਰ ਕੁਲਵੰਤ ਸਿੰਘ ਤੇ ਵਾਤਾਵਰਣ ਪ੍ਰੇਮੀ ਐਡਵੋਕੇਟ ਜਸਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਦਹਾਕਿਆਂ ਤੋਂ ਇਸ ਧੰਦੇ ’ਚ ਲੱਗੇ ਕਈ ਵੱਡੇ ਦੁਕਾਨਦਾਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ਤੇ ਲੋਕਾਂ ਦੇ ਰਿਹਾਇਸ਼ੀ ਮਕਾਨਾਂ ਦੇ ਨਾਲ ਲੱਗਦੇ ਗੁਦਾਮਾਂ ’ਚ ਲੱਖਾਂ ਰੁਪਏ ਦੀ ਆਤਿਸ਼ਬਾਜ਼ੀ ਭੰਡਾਰ ਕਰ ਰੱਖੀ ਹੈ। ਇਹ ਸਾਰਾ ਕਾਰੋਬਾਰ ਬਿਨਾਂ ਕਿਸੇ ਠੋਸ ਲਾਇਸੈਂਸ ਤੇ ਸੁਰੱਖਿਆ ਇੰਤਜ਼ਾਮਾਂ ਦੇ ਸ਼ਰੇਆਮ ਚੱਲ ਰਿਹਾ ਹੈ। ਪਿਛਲੇ ਸਾਲ ਵੀ ਸ਼ਹਿਰ ਦੇ ਇੱਕ ਬਾਜ਼ਾਰ ’ਚ ਆਤਿਸ਼ਬਾਜ਼ੀ ਨੂੰ ਅੱਗ ਲੱਗਣ ਕਾਰਨ ਭਾਰੀ ਹਫੜਾ-ਦਫੜੀ ਮੱਚ ਗਈ ਸੀ, ਪਰ ਉਸ ਹਾਦਸੇ ਤੋਂ ਨਾ ਤਾਂ ਦੁਕਾਨਦਾਰਾਂ ਨੇ ਕੋਈ ਸਬਕ ਸਿੱਖਿਆ ਹੈ ਤੇ ਨਾ ਹੀ ਪ੍ਰਸ਼ਾਸਨ ਨੇ ਕੋਈ ਸਖ਼ਤ ਕਦਮ ਚੁੱਕੇ ਹਨ।
ਆਗੂਆ ਨੇ ਦੱਸਿਆ ਕਿ ਐੱਸਡੀਐੱਮ. ਮੋਰਿੰਡਾ ਦਫ਼ਤਰ ਦੇ ਸਬੰਧਤ ਕਰਮਚਾਰੀ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਪੁਸ਼ਟੀ ਕੀਤੀ ਕਿ ਸ਼ਹਿਰ ’ਚ ਸਿਰਫ਼ ਇੱਕ ਦੁਕਾਨਦਾਰ ਕੋਲ ਥੋਕ ’ਚ ਪਟਾਕੇ ਵੇਚਣ ਦਾ ਪੱਕਾ ਲਾਇਸੈਂਸ ਹੈ, ਤੇ ਰਾਮਲੀਲਾ ਮੈਦਾਨ ’ਚ ਪਟਾਕੇ ਵੇਚਣ ਲਈ ਡੀਸੀ. ਦਫ਼ਤਰ ਵੱਲੋਂ ਕੱਢੇ ਗਏ ਡਰਾਅ ਰਾਹੀਂ ਸਿਰਫ਼ ਇੱਕ ਵਿਅਕਤੀ ਨੂੰ ਹੀ ਆਰਜ਼ੀ ਲਾਇਸੈਂਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਜਿਲਾ ਦੇ ਡਿਪਟੀ ਕਮਿਸ਼ਨਰ ਵੱਲੋਂ ਦੀਵਾਲੀ ’ਤੇ ਪਟਾਕੇ ਵੇਚਣ ਲਈ ਸਥਾਨਕ ਰਾਮਲੀਲਾ ਮੈਦਾਨ ਨਿਸ਼ਚਿਤ ਕੀਤਾ ਗਿਆ ਹੈ, ਲੇਕਿਨ ਇਸ ਦੇ ਬਾਵਜੂਦ ਸ਼ਹਿਰ ਦੀਆਂ ਮੁੱਖ ਸੜਕਾਂ, ਬਾਜ਼ਾਰਾਂ ਤੇ ਗਲੀਆਂ ’ਚ ਸਥਾਨਕ ਦੁਕਾਨਦਾਰਾਂ ਤੇ ਪ੍ਰਵਾਸੀਆਂ ਵੱਲੋਂ ਦਰਜਨਾਂ ਗੈਰ-ਕਾਨੂੰਨੀ ਦੁਕਾਨਾਂ ਸਜਾ ਲਈਆਂ ਗਈਆਂ ਹਨ, ਜਿਨ੍ਹਾਂ ਨੂੰ ਸਥਾਨਕ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਦੇਖ ਕੇ ਵੀ ਅਣਦੇਖੀ ਦੀ ਨੀਤੀ ਅਪਣਾ ਰਹੇ ਹਨ।
ਉਕਤ ਅਨੁਸਾਰ ਪੰਜਾਬ ਸਰਕਾਰ, ਅਦਾਲਤ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਟਾਕਿਆਂ ਦੀ ਵਿਕਰੀ ਤੇ ਵਰਤੋਂ ਸਬੰਧੀ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਨ੍ਹਾਂ ਦੀ ਸ਼ਹਿਰ ’ਚ ਦੁਕਾਨਦਾਰਾਂ ਵੱਲੋਂ ਸ਼ਰੇਆਮ ਉਲੰਘਣਾ ਹੋ ਰਹੀ ਹੈ ਤੇ ਸੁਰੱਖਿਆ ਪ੍ਰਬੰਧਾਂ ਤੇ ਸਰਕਾਰੀ ਹਦਾਇਤਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆ ਹਨ। ਇੱਥੇ ਇਹ ਵੀ ਦੇਖਣ ’ਚ ਆਇਆ ਹੈ ਕਿ ਬਹੁਗਿਣਤੀ ਪਟਾਕੇ ਸਟੋਰ ਕਰਨ ਵਾਲੀਆਂ ਥਾਵਾਂ ’ਤੇ ਅੱਗ ’ਤੇ ਕਾਬੂ ਪਾਉਣ ਲਈ ਨਾ ਤਾਂ ਰੇਤ ਦੀਆਂ ਬਾਲਟੀਆਂ ਹਨ ਤੇ ਨਾ ਹੀ ਫਾਇਰ ਐਕਸਟਿੰਗੂਇਸ਼ਰ ਦੇ ਯੋਗ ਪ੍ਰਬੰਧ ਹਨ। ਜਿਸ ਕਾਰਨ ਕਿਸੇ ਅਣਸੁਖਾਵੀਂ ਘਟਨਾ ਦੀ ਸੂਰਤ ’ਚ ਵੱਡਾ ਜਾਨੀ-ਮਾਲੀ ਨੁਕਸਾਨ ਹੋ ਸਕਦਾ ਹੈ।
ਹਾਲਾਂਕਿ ਨਿਯਮਾਂ ਅਨੁਸਾਰ ਪਟਾਖਿਆਂ ਦੀਆਂ ਆਰਜ਼ੀ ਦੁਕਾਨਾਂ ਸਿਰਫ਼ ਖੁੱਲ੍ਹੇ ਮੈਦਾਨਾਂ (ਜਿਵੇਂ ਰਾਮਲੀਲਾ ਮੈਦਾਨ) ’ਚ ਹੀ ਲਗਾਈਆਂ ਜਾ ਸਕਦੀਆਂ ਹਨ, ਭੀੜ-ਭੜੱਕੇ ਵਾਲੇ ਬਾਜ਼ਾਰਾਂ ਜਾਂ ਰਿਹਾਇਸ਼ੀ ਥਾਵਾਂ ’ਚ ਨਹੀਂ। 'ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਹਦਾਇਤਾਂ ਅਨੁਸਾਰ ਸਿਰਫ਼ ਘੱਟ ਪ੍ਰਦੂਸ਼ਣ ਵਾਲੇ 'ਗ੍ਰੀਨ ਪਟਾਖੇ' ਵੇਚਣ ਤੇ ਚਲਾਉਣ ਦੀ ਹੀ ਇਜਾਜ਼ਤ ਹੈ, ਜਦਕਿ ਸ਼ਹਿਰ ’ਚ ਬਿਨਾਂ ਮਾਨਤਾ ਪ੍ਰਾਪਤ ਜ਼ਹਿਰੀਲੇ ਰਸਾਇਣਾਂ ਵਾਲੇ ਪਟਾਕੇ ਵੇਚੇ ਜਾ ਰਹੇ ਹਨ।
ਉਕਤ ਆਗੂਆਂ ਤੇ ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਤੁਰੰਤ ਹਰਕਤ ’ਚ ਆਵੇ ਤੇ ਭੀੜ-ਭੜੱਕੇ ਵਾਲੇ ਬਾਜ਼ਾਰਾਂ ’ਚ ਬਣਾਏ ਗਏ ਗੈਰ-ਕਾਨੂੰਨੀ ਗੁਦਾਮਾਂ ਤੇ ਲਗਾਈਆਂ ਦੁਕਾਨਾਂ ’ਤੇ ਛਾਪੇਮਾਰੀ ਕਰਕੇ ਇਨ੍ਹਾਂ ਨੂੰ ਬੰਦ ਕਰਵਾਏ। ਜੇਕਰ ਸਮਾਂ ਰਹਿੰਦੇ ਕੋਈ ਠੋਸ ਕਦਮ ਨਾ ਚੁੱਕਿਆ ਗਿਆ ਤੇ ਕੋਈ ਮੰਦਭਾਗੀ ਘਟਨਾ ਵਾਪਰਦੀ ਹੈ, ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਸਬੰਧਤ ਅਧਿਕਾਰੀਆਂ ਦੀ ਹੋਵੇਗੀ।
ਉੱਧਰ ਜਦੋਂ ਇਸ ਸਬੰਧੀ ਐੱਸਡੀਐੱਮ ਚੇਤਨ ਬੰਗੜ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਉਹ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੂੰ ਗਲਤ ਤਰੀਕਿਆਂ ਰਾਹੀਂ ਪਟਾਕੇ ਵੇਚਣ/ ਸਟੋਰ ਕਰਨ ਵਾਲਿਆਂ ਦੀ ਜਾਂਚ ਦੀ ਹਦਾਇਤ ਕਰਨਗੇ ਤਾਂ ਜੋ ਸ਼ਹਿਰ ਵਾਸੀਆ ਨੂੰ ਕਿਸੇ ਅਣਸੁਖਾਂਵੀ ਘਟਨਾ ਤੋ ਬਚਾਇਆ ਜਾ ਸਕੇ। ਜਦਕਿ ਐੱਸਐੱਚਓ ਇੰਸਪੈਕਟਰ ਗਗਨਦੀਪ ਸਿੰਘ ਨੇ ਕਿਹਾ ਕਿ ਪੁਲਿਸ ਵੱਲੋ ਅੱਜ ਤੋਂ ਹੀ ਚੈਕਿੰਗ ਸ਼ੁਰੂ ਕੀਤੀ ਜਾ ਰਹੀ ਹੈ ਤੇ ਕਿਸੇ ਨੂੰ ਕਾਨੂੰਨ ਹੱਥ ’ਚ ਲੈਣ ਦੀ ਆਗਿਆ ਨਹੀ ਦਿੱਤੀ ਜਾਵੇਗੀ।