• ਵਿਧਾਇਕ ਚੱਢਾ ਦੇ ਯਤਨਾਂ ਸਦਕਾ ਬਦਲੇਗੀ 30 ਪਿੰਡਾਂ ਦੀ ਨੁਹਾਰ, 11.98 ਕਰੋੜ ਨਾਲ ਉਸਾਰੇ ਜਾ ਰਹੇ ਖੇਡ ਮੈਦਾਨ ਹਲਕੇ ਦੇ 30 ਪਿੰਡਾਂ ’ਚ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਹੇ ਆਧੁਨਿਕ ਖੇਡ ਮੈਦਾਨ: ਚੱਢਾ
Publish Date: Fri, 20 Nov 2026 05:34 PM (IST)
Updated Date: Fri, 20 Nov 2026 05:37 PM (IST)
ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਨਾਲ ਜੋੜਨ ਲਈ ਸਰਕਾਰ ਵਚਨਬੱਧ: ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਨਸ਼ਿਆਂ ਦੀ ਲਾਹਨਤ ਤੋਂ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਜਿੱਥੇ ਸਮਾਜਿਕ ਤੇ ਪ੍ਰਸ਼ਾਸਨਿਕ ਪੱਧਰ ’ਤੇ ਵੱਖ-ਵੱਖ ਉਪਰਾਲੇ ਕਰਦਿਆਂ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਹਲਕਾ ਰੂਪਨਗਰ ’ਚ ਖੇਡ ਸਹੂਲਤਾਂ ਦੇਣ ਲਈ 30 ਪਿੰਡਾਂ ’ਚ ਕਰੀਬ 11.98 ਕਰੋੜ ਰੁਪਏ ਦੀ ਲਾਗਤ ਨਾਲ ਖੇਡ ਮੈਦਾਨਾਂ ਦੇ ਵਿਕਾਸ ਦਾ ਕੰਮ ਕੀਤਾ ਜਾ ਰਿਹਾ ਹੈ, ਕਈ ਖੇਡ ਮੈਦਾਨ ਮੁਕੰਮਲ ਹੋ ਚੁੱਕੇ ਹਨ ਤੇ ਕਈ ਮੁਕੰਮਲ ਹੋਣ ਦੇ ਨੇੜੇ ਹਨ। ਪਿੰਡਾਂ ’ਚ ਨਸ਼ਿਆਂ ਦੇ ਮੁੱਦੇ ’ਤੇ ਹੋਣ ਵਾਲੀਆਂ ਮੀਟਿੰਗਾਂ ਤੇ ਚਰਚਾਵਾਂ ਦੌਰਾਨ ਅਕਸਰ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉਨ੍ਹਾਂ ਨੂੰ ਖੇਡ ਮੈਦਾਨਾਂ ਤੱਕ ਲਿਜਾਣਾ ਬੇਹੱਦ ਜ਼ਰੂਰੀ ਹੈ। ਪਰ ਪਿਛਲੇ ਸਮਿਆਂ ਦੌਰਾਨ ਪੇਂਡੂ ਖੇਤਰਾਂ ’ਚ ਅਜਿਹੀਆਂ ਖੇਡ ਸਹੂਲਤਾਂ ਦੀ ਘਾਟ ਰਹੀ ਹੈ, ਜਿਸ ਕਾਰਨ ਪਿੰਡਾਂ ਦੇ ਬਹੁਤ ਸਾਰੇ ਨੌਜਵਾਨ ਆਪਣੀ ਖੇਡ ਪ੍ਰਤਿਭਾ ਨੂੰ ਨਿਖਾਰਨ ਦੇ ਮੌਕਿਆਂ ਤੋਂ ਵਾਂਝੇ ਰਹਿ ਜਾਂਦੇ ਸਨ। ਜਾਣਕਾਰੀ ਅਨਸਾਰ ਪਿੰਡਾਂ ’ਚ ਬੈਡਮਿੰਟਨ, ਵਾਲੀਬਾਲ ਤੇ ਬਾਸਕਿਟਬਾਲ ਵਰਗੀਆਂ ਖੇਡਾਂ ਲਈ ਮੈਦਾਨ ਤਿਆਰ ਕਰਵਾਉਣ ਦੇ ਨਾਲ-ਨਾਲ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵੀ ਵਿਸ਼ੇਸ਼ ਮੁਹਿੰਮ ਚਲਾਈ ਗਈ। ਵਿਧਾਇਕ ਦਿਨੇਸ਼ ਚੱਢਾ ਵੱਲੋਂ ਹਰ ਐਤਵਾਰ ‘ਤੰਦਰੁਸਤੀ ਦਾ ਸੁਨੇਹਾ’ ਮੁਹਿੰਮ ਤਹਿਤ ਖਿਡਾਰੀਆਂ ਤੇ ਨੌਜਵਾਨਾਂ ਨਾਲ ਸਮਾਂ ਬਿਤਾਇਆ ਜਾਂਦਾ ਰਿਹਾ ਹੈ। ਇਸ ਮੁਹਿੰਮ ’ਚ ਵੱਖ-ਵੱਖ ਖੇਡਾਂ ਦੇ ਖੇਤਰ ’ਚ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਨੂੰ ਪਿੰਡਾਂ ’ਚ ਬੁਲਾ ਕੇ ਬੱਚਿਆਂ ਨਾਲ ਰੂਬਰੂ ਕਰਵਾਇਆ ਜਾਂਦਾ ਹੈ, ਤਾਂ ਜੋ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕੀਤਾ ਜਾ ਸਕੇ ਤੇ ਉਨ੍ਹਾਂ ’ਚ ਅੱਗੇ ਵਧਣ ਦਾ ਜਜ਼ਬਾ ਪੈਦਾ ਹੋਵੇ। ਇਨ੍ਹਾਂ ਖੇਡ ਮੈਦਾਨਾਂ ਨੂੰ ਸਿਰਫ਼ ਖਾਲੀ ਜਗ੍ਹਾ ਜਾਂ ਆਮ ਗਰਾਊਂਡ ਵਜੋਂ ਵਿਕਸਤ ਕਰਨ ਦੀ ਬਜਾਏ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ। ਮੈਦਾਨਾਂ ਦੇ ਆਲੇ-ਦੁਆਲੇ ਜਾਲੀਦਾਰ ਬਾਊਂਡਰੀ, ਪੀਣ ਵਾਲੇ ਪਾਣੀ ਦਾ ਪ੍ਰਬੰਧ, ਹਰਾ-ਭਰਾ ਘਾਹ ਤੇ ਰਾਤ ਸਮੇਂ ਖੇਡਣ ਲਈ ਲਾਈਟਾਂ ਲਗਾਉਣ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਫੁੱਟਬਾਲ, ਵਾਲੀਬਾਲ ਤੇ ਓਪਨ ਜਿਮ ਵਰਗੀਆਂ ਸਹੂਲਤਾਂ ਵੀ ਵਿਕਸਤ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਪਿੰਡਾਂ ਦੇ ਨੌਜਵਾਨਾਂ ਨੂੰ ਵੱਖ-ਵੱਖ ਖੇਡਾਂ ਲਈ ਇੱਕੋ ਥਾਂ ’ਤੇ ਬਿਹਤਰ ਮਾਹੌਲ ਮਿਲ ਸਕੇ। ============= ਇਨ੍ਹਾਂ ਪਿੰਡਾਂ ’ਚ ਹੋ ਰਿਹੈ ਖੇਡ ਮੈਦਾਨਾਂ ਦਾ ਵਿਕਾਸ ਸੂਚੀ ਅਨੁਸਾਰ ਹਲਕਾ ਰੂਪਨਗਰ ਦੇ ਅਬਿਆਣਾ ਖੁਰਦ, ਦਹੀਰਪੁਰ, ਝਾਂਡੀਆਂ ਕਲਾਂ, ਲਾਲਪੁਰ, ਫੂਲ ਖੁਰਦ, ਖਟਾਣਾ, ਅਸਮਾਨਪੁਰ, ਭਟੋਲੀ ਚਨੌਲੀ, ਕਾਂਗੜ, ਸਸਕੌਰ, ਤਖਤਗੜ੍ਹ, ਹਿਆਤਪੁਰ, ਮੁੰਨੇ, ਨੂਰਪੁਰ ਕਲਾਂ, ਪਚਰੰਡਾ, ਸੇਖਪੁਰ, ਸਮੀਰੋਵਾਲ, ਘਨੌਲੀ, ਸਨਾਣਾ, ਡੰਗੋਲੀ, ਲਾਡਲ, ਮੀਆਂਪੁਰ, ਪੁਰਖਾਲੀ, ਹਰੀਪੁਰ, ਮਾਦਪੁਰ, ਕੁਦਾਸਪੁਰ ਬੜੀ, ਬੱਡਲ, ਖੈਰਾਬਾਦ, ਹਵੇਲੀ ਛੋਟੀ ਤੇ ਫੂਲਪੁਰ ਗਰੇਵਾਲ ’ਚ ਖੇਡ ਮੈਦਾਨਾਂ ਦੇ ਵਿਕਾਸ ਦੇ ਕੰਮ ਸ਼ਾਮਲ ਹਨ। ਇਸ ਤੋਂ ਇਲਾਵਾ ਉਪਲਬਧ ਵੇਰਵਿਆਂ ’ਚ ਨਲਹੋਟੀ ਅੱਪਰ, ਬਜਰੂੜ, ਥਾਣਾ, ਸਰਥਲੀ, ਡੂਮੇਵਾਲ, ਗੋਚਰ, ਸੈਣੀ ਮਾਜਰਾ ਢੱਕੀ ਤੇ ਪਤਿਆਲਾ ਦੇ ਨਾਮ ਵੀ ਦਰਜ ਹਨ। ============= ਪਿੰਡਾਂ ’ਚ ਬਦਲ ਸਕਦੀ ਹੈ ਨੌਜਵਾਨਾਂ ਦੀ ਤਸਵੀਰ ਹਲਕਾ ਰੂਪਨਗਰ ’ਚ ਵਿਧਾਇਕ ਦਿਨੇਸ਼ ਚੱਢਾ ਵੱਲੋਂ ਖੇਡ ਮੈਦਾਨਾਂ ਦੇ ਵਿਕਾਸ ਨੂੰ ਦਿੱਤੀ ਜਾ ਰਹੀ ਤਰਜੀਹ ਇਸ ਗੱਲ ਦਾ ਸੰਕੇਤ ਹੈ ਕਿ ਨਸ਼ਿਆਂ ਵਿਰੁੱਧ ਲੜਾਈ ਸਿਰਫ਼ ਜਾਗਰੂਕਤਾ ਮੁਹਿੰਮਾਂ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ, ਸਗੋਂ ਨੌਜਵਾਨਾਂ ਨੂੰ ਬਿਹਤਰ ਬਦਲ ਤੇ ਮੌਕੇ ਵੀ ਮੁਹੱਈਆ ਕਰਵਾਉਣੇ ਚਾਹੀਦੇ ਹਨ। ਹੁਣ ਇਨ੍ਹਾਂ ਖੇਡ ਮੈਦਾਨਾਂ ਦੀ ਸੰਭਾਲ, ਖੇਡ ਗਤੀਵਿਧੀਆਂ ਦੀ ਨਿਰੰਤਰਤਾ ਤੇ ਪਿੰਡਾਂ ਦੇ ਨੌਜਵਾਨਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਹੀ ਇਸ ਉਪਰਾਲੇ ਦੀ ਅਸਲ ਸਫਲਤਾ ਨੂੰ ਯਕੀਨੀ ਬਣਾਏਗੀ।