ਲਹਿਰੀ ਸ਼ਾਹ ਮੰਦਰ ਵਿਖੇ ਨਤਮਸਤਕ ਹੋਏ ਦਿਨੇਸ਼ ਚੱਢਾ ਲਹਿਰੀ ਸ਼ਾਹ ਮੰਦਰ ਵਿਖੇ ਨਤਮਸਤਕ ਹੋਏ ਵਿਧਾਇਕ ਦਿਨੇਸ਼ ਚੱਢਾ ਪ੍ਰਬੰਧਕਾਂ ਨੇ ਕੀਤਾ ਸਨਮਾਨਿਤ
Publish Date: Sun, 01 Nov 2026 05:15 PM (IST)
Updated Date: Sun, 01 Nov 2026 05:17 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ,ਰੂਪਨਗਰ: ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ 2027 ਲਈ ਹਲਕਾ ਰੂਪਨਗਰ ਤੋਂ ਐਡਵੋਕੇਟ ਦਿਨੇਸ਼ ਚੱਢਾ ਨੂੰ ਮੁੜ ਚੋਣ ਮੈਦਾਨ ’ਚ ਉਤਾਰਨ ਦੇ ਐਲਾਨ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਅਤੇ ਵੱਖ-ਵੱਖ ਵਰਗਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਇਸੇ ਸਬੰਧ ’ਚ ਵਿਧਾਇਕ ਦਿਨੇਸ਼ ਚੱਢਾ ਨੇ ਅੱਜ ਰੂਪਨਗਰ ਦੇ ਪ੍ਰਸਿੱਧ ਲਹਿਰੀ ਸ਼ਾਹ ਮੰਦਰ ਵਿਖੇ ਪਹੁੰਚ ਕੇ ਮੱਥਾ ਟੇਕਿਆ ਤੇ ਆਉਣ ਵਾਲੇ ਸਮੇਂ ਲਈ ਪ੍ਰਮਾਤਮਾ ਦਾ ਆਸ਼ੀਰਵਾਦ ਲਿਆ। ਮੰਦਰ ਵਿਖੇ ਪਹੁੰਚਣ ’ਤੇ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਨੇ ਵਿਧਾਇਕ ਨੂੰ ਸਨਮਾਨਿਤ ਕਰਦਿਆਂ ਮੁੜ ਪਾਰਟੀ ਉਮੀਦਵਾਰ ਬਣਨ ’ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸਿਆਸੀ ਭਵਿੱਖ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ। ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਲੋਕਾਂ ਦੀ ਸੇਵਾ ਕਰਨਾ ਉਨ੍ਹਾਂ ਲਈ ਸਿਰਫ਼ ਸਿਆਸੀ ਜ਼ਿੰਮੇਵਾਰੀ ਨਹੀਂ, ਸਗੋਂ ਇੱਕ ਫਰਜ਼ ਹੈ। ਪਾਰਟੀ ਵੱਲੋਂ ਦੁਬਾਰਾ ਉਮੀਦਵਾਰ ਬਣਾਏ ਜਾਣ ਨਾਲ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵਧ ਗਈ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਨੇ ਜੋ ਭਰੋਸਾ ਅਤੇ ਸਹਿਯੋਗ ਦਿੱਤਾ ਹੈ, ਉਸ ਦਾ ਮੁੱਲ ਵਿਕਾਸ ਕਾਰਜਾਂ ਅਤੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਕੇ ਮੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਰੂਪਨਗਰ ਹਲਕੇ ਨੂੰ ਵਿਕਾਸ ਪੱਖੋਂ ਹੋਰ ਅੱਗੇ ਲਿਜਾਣ ਲਈ ਉਨ੍ਹਾਂ ਦੇ ਯਤਨ ਲਗਾਤਾਰ ਜਾਰੀ ਰਹਿਣਗੇ। ਹਰ ਪਿੰਡ ਅਤੇ ਸ਼ਹਿਰ ਦੇ ਵਸਨੀਕਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਕੰਮ ਕਰਨਾ ਉਨ੍ਹਾਂ ਦੀ ਮੁੱਖ ਤਰਜੀਹ ਰਹੇਗੀ। ਵਿਧਾਇਕ ਨੇ ਮੰਦਰ ਕਮੇਟੀ ਵੱਲੋਂ ਦਿੱਤੇ ਸਨਮਾਨ ਅਤੇ ਪਿਆਰ ਲਈ ਧੰਨਵਾਦ ਵੀ ਕੀਤਾ।