ਵਿਧਾਇਕ ਦਿਨੇਸ਼ ਚੱਢਾ ਨੇ ਬਾਰ ਰੂਮ ਦੀ ਵਿਸਥਾਰਿਤ ਇਮਾਰਤ ਦਾ ਕੀਤਾ ਉਦਘਾਟਨ ਵਿਧਾਇਕ ਦਿਨੇਸ਼ ਚੱਢਾ ਨੇ ਬਾਰ ਰੂਮ ਦੀ ਵਿਸਥਾਰਿਤ ਇਮਾਰਤ ਦਾ ਕੀਤਾ ਉਦਘਾਟਨ
Publish Date: Mon, 07 Sep 2026 05:36 PM (IST)
Updated Date: Mon, 07 Sep 2026 05:37 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਬਾਰ ਐਸੋਸੀਏਸ਼ਨ ਰੂਪਨਗਰ ਦੇ ਬਾਰ ਰੂਮ ਦੀ ਇਮਾਰਤ ਦੇ ਵਿਸਥਾਰ ਉਪਰੰਤ ਤਿਆਰ ਹੋਏ ਨਵੇਂ ਹਿੱਸੇ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਅਹੁੱਦੇਦਾਰਾਂ ਅਤੇ ਮੈਂਬਰਾਂ ਵੱਲੋਂ ਵਿਧਾਇਕ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਇਸ ਉਪਰਾਲੇ ਲਈ ਧੰਨਵਾਦ ਪ੍ਰਗਟਾਇਆ ਗਿਆ। ਇਸ ਮੌਕੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਵਕੀਲ ਭਾਈਚਾਰਾ ਨਿਆਂ ਪ੍ਰਣਾਲੀ ਦਾ ਅਹਿਮ ਅਤੇ ਅਟੁੱਟ ਅੰਗ ਹੈ। ਉਨ੍ਹਾਂ ਕਿਹਾ ਕਿ ਬਾਰ ਰੂਮ ਦੀ ਇਮਾਰਤ ਦੇ ਵਿਸਥਾਰ ਨਾਲ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਬਿਹਤਰ ਅਤੇ ਵਧੇਰੇ ਸੁਵਿਧਾਜਨਕ ਕਾਰਜ-ਵਾਤਾਵਰਨ ਮਿਲੇਗਾ। ਉਨ੍ਹਾਂ ਕਿਹਾ ਕਿ ਰੂਪਨਗਰ ਦੇ ਸਰਬਪੱਖੀ ਵਿਕਾਸ ਦੇ ਨਾਲ-ਨਾਲ ਵੱਖ-ਵੱਖ ਵਰਗਾਂ ਦੀਆਂ ਲੋੜਾਂ ਅਨੁਸਾਰ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨਾ ਵੀ ਉਨ੍ਹਾਂ ਦੀਆਂ ਤਰਜੀਹਾਂ ਵਿਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਸਿੱਧੇ ਤੌਰ ’ਤੇ ਜੁੜੀਆਂ ਸੰਸਥਾਵਾਂ ਅਤੇ ਉਨ੍ਹਾਂ ਨਾਲ ਸਬੰਧਤ ਜ਼ਰੂਰੀ ਸਹੂਲਤਾਂ ਦੇ ਵਿਕਾਸ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਾਰ ਐਸੋਸੀਏਸ਼ਨ ਰੂਪਨਗਰ ਵੱਲੋਂ ਕਾਨੂੰਨੀ ਖੇਤਰ ਵਿਚ ਨਿਭਾਈ ਜਾ ਰਹੀ ਭੂਮਿਕਾ ਮਹੱਤਵਪੂਰਨ ਹੈ ਅਤੇ ਵਕੀਲਾਂ ਲਈ ਬਿਹਤਰ ਸਹੂਲਤਾਂ ਉਪਲਬਧ ਹੋਣ ਨਾਲ ਉਨ੍ਹਾਂ ਦੇ ਰੋਜ਼ਾਨਾ ਕੰਮਕਾਜ ਵਿਚ ਹੋਰ ਸੁਵਿਧਾ ਆਵੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਨਵੀਂ ਵਿਸਥਾਰਿਤ ਇਮਾਰਤ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਲਈ ਲਾਭਦਾਇਕ ਸਾਬਤ ਹੋਵੇਗੀ। ਇਸ ਮੌਕੇ ਬਾਰ ਐਸੋਸੀਏਸ਼ਨ ਰੂਪਨਗਰ ਦੇ ਪ੍ਰਧਾਨ ਐਡਵੋਕੇਟ ਹਰਪ੍ਰੀਤ ਸਿੰਘ ਕੰਗ ਨੇ ਵਿਧਾਇਕ ਚੱਢਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਾਰ ਰੂਮ ਦੀ ਵਿਸਥਾਰਿਤ ਇਮਾਰਤ ਨਾਲ ਵਕੀਲਾਂ ਨੂੰ ਬੈਠਣ, ਵਿਚਾਰ-ਵਟਾਂਦਰੇ ਅਤੇ ਪੇਸ਼ੇਵਰ ਕੰਮਕਾਜ ਲਈ ਵਧੇਰੇ ਸੁਵਿਧਾਜਨਕ ਸਥਾਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਬਾਰ ਐਸੋਸੀਏਸ਼ਨ ਵੱਲੋਂ ਆਪਣੇ ਮੈਂਬਰਾਂ ਦੀ ਭਲਾਈ ਅਤੇ ਉਨ੍ਹਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਗੁਰਪ੍ਰੀਤ ਸਿੰਘ ਸੈਣੀ, ਡੀਐੱਸ ਦਿਓਲ, ਗੁਰਪ੍ਰੀਤ ਸਿੰਘ ਰੱਤੂ, ਰਾਜਬੀਰ ਰਾਏ, ਗਗਨਪ੍ਰੀਤ ਸਿੰਘ, ਐਡਵੋਕੇਟ ਵਿਸ਼ਾਲ ਵਰਮਾ ਸਮੇਤ ਬਾਰ ਐਸੋਸੀਏਸ਼ਨ ਦੇ ਹੋਰ ਅਹੁੱਦੇਦਾਰ, ਮੈਂਬਰ ਅਤੇ ਪਤਵੰਤੇ ਹਾਜ਼ਰ ਸਨ।