- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਇਕ ਦਿਨੇਸ਼ ਚੱਢਾ ਨੇ ਵਿਕਾਸ ਕਾਰਜਾਂ ਨਾਲ ਬਦਲੀ ਹਲਕੇ ਦੀ ਨੁਹਾਰ

ਲਖਵੀਰ ਖਾਬੜਾ, ਪੰਜਾਬੀ ਜਾਗਰਣ
ਰੂਪਨਗਰ : ਕਿਸੇ ਵੀ ਵਿਧਾਇਕ ਦੇ ਕਾਰਜਕਾਲ ਦਾ ਮੁਲਾਂਕਣ ਸਿਰਫ਼ ਉਸ ਵੱਲੋਂ ਕੀਤੇ ਗਏ ਐਲਾਨਾਂ ਜਾਂ ਰਾਜਨੀਤਿਕ ਸਰਗਰਮੀਆਂ ਦੇ ਆਧਾਰ ’ਤੇ ਨਹੀਂ ਹੁੰਦਾ, ਸਗੋਂ ਉਸ ਵੱਲੋਂ ਆਪਣੇ ਹਲਕੇ ਵਿਚ ਕਰਵਾਏ ਗਏ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਲੋਕਾਂ ਨੂੰ ਮਿਲੀਆਂ ਸਹੂਲਤਾਂ ਨੂੰ ਵੀ ਉਸ ਦੀ ਕਾਰਗੁਜ਼ਾਰੀ ਦਾ ਅਹਿਮ ਪੈਮਾਨਾ ਮੰਨਿਆ ਜਾਂਦਾ ਹੈ। ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਆਪਣੇ ਕਾਰਜਕਾਲ ਦੌਰਾਨ ਪੁਲਾਂ ਦੀ ਉਸਾਰੀ, ਨਵੀਨੀਕਰਨ ਅਤੇ ਸੰਪਰਕ ਮਾਰਗਾਂ ਨੂੰ ਬਿਹਤਰ ਬਣਾਉਣ ਲਈ ਕੀਤੇ ਜਾ ਰਹੇ ਉਪਰਾਲੇ ਵਿਸ਼ੇਸ਼ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਹਲਕੇ ਵਿਚ 14 ਵੱਡੇ ਪੁਲਾਂ ਦੀ ਉਸਾਰੀ ਅਤੇ ਸੁਧਾਰ ਨਾਲ ਜੁੜੇ ਕੰਮਾਂ ਨੂੰ ਉਨ੍ਹਾਂ ਦੇ ਕਾਰਜਕਾਲ ਦੀਆਂ ਪ੍ਰਮੁੱਖ ਪ੍ਰਾਪਤੀਆਂ ਵਜੋਂ ਦੇਖਿਆ ਜਾ ਰਿਹਾ ਹੈ। ਰੂਪਨਗਰ ਹਲਕਾ ਭੂਗੋਲਿਕ ਪੱਖੋਂ ਵੀ ਵਿਸ਼ੇਸ਼ ਮਹੱਤਵ ਰੱਖਦਾ ਹੈ। ਸਤਲੁਜ ਦਰਿਆ, ਸਰਹਿੰਦ ਨਹਿਰ, ਰੇਲਵੇ ਲਾਈਨਾਂ ਅਤੇ ਵੱਖ-ਵੱਖ ਪਿੰਡਾਂ ਨੂੰ ਜੋੜਨ ਵਾਲੇ ਰਸਤਿਆਂ ਕਾਰਨ ਇੱਥੇ ਪੁਲਾਂ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ। ਕਈ ਇਲਾਕਿਆਂ ਦੇ ਲੋਕਾਂ ਲਈ ਪੁਲ ਸਿਰਫ਼ ਆਵਾਜਾਈ ਦਾ ਸਾਧਨ ਨਹੀਂ, ਬਲਕਿ ਸਿੱਖਿਆ, ਸਿਹਤ ਸੇਵਾਵਾਂ, ਵਪਾਰ ਅਤੇ ਰੋਜ਼ਾਨਾ ਜੀਵਨ ਨਾਲ ਜੁੜੀ ਬੁਨਿਆਦੀ ਲੋੜ ਹਨ। ਅਜਿਹੇ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਪੁਲਾਂ ਅਤੇ ਸੰਪਰਕ ਮਾਰਗਾਂ ਦੇ ਵਿਕਾਸ ਨੂੰ ਹਲਕੇ ਦੇ ਭਵਿੱਖ ਲਈ ਅਹਿਮ ਕਦਮ ਮੰਨਿਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਗੋਬਿੰਦਵੈਲੀ-ਮਾਜਰੀ ਪੁਲ ਲਈ 12 ਕਰੋੜ ਰੁਪਏ ਦੀ ਲਾਗਤ ਦਾ ਪ੍ਰੋਜੈਕਟ, ਬਰਮਲ ਪਲਾਂਟ ਪੁਲ 'ਤੇ ਰਸਤਾ ਬਣਾਉਣ ਲਈ 14 ਕਰੋੜ ਰੁਪਏ, ਰੋਪੜ ਹੈੱਡਵਰਕਸ ਪੁਲ ਲਈ 3 ਕਰੋੜ ਰੁਪਏ ਅਤੇ ਬੂੰਗਾ ਸਾਹਿਬ ਰੇਲਵੇ ਓਵਰਬ੍ਰਿਜ ਲਈ 55 ਕਰੋੜ ਰੁਪਏ ਦੀ ਰਾਸ਼ੀ ਤੇ ਇਸੇ ਤਰ੍ਹਾਂ ਮੀਆਂਪੁਰ ਰੇਲਵੇ ਓਵਰਬ੍ਰਿਜ ਲਈ 55 ਕਰੋੜ ਰੁਪਏ ਦੀ ਵੱਡੀ ਰਕਮ ਦਾ ਪ੍ਰੋਜੈਕਟ ਵੀ ਇਸ ਵਿਕਾਸ ਲੜੀ ਦਾ ਅਹਿਮ ਹਿੱਸਾ ਹੈ। ਰੇਲਵੇ ਓਵਰਬ੍ਰਿਜਾਂ ਦੀ ਉਸਾਰੀ ਨਾਲ ਰੇਲਵੇ ਫਾਟਕਾਂ 'ਤੇ ਲੱਗਣ ਵਾਲੀਆਂ ਲੰਬੀਆਂ ਕਤਾਰਾਂ ਅਤੇ ਆਵਾਜਾਈ ਦੀਆਂ ਸਮੱਸਿਆਵਾਂ ਨੂੰ ਘਟਾਉਣ ਵਿਚ ਮਦਦ ਮਿਲਣ ਦੀ ਉਮੀਦ ਹੈ। ਇਸ ਤੋਂ ਇਲਾਵਾ ਰੂਪਨਗਰ ਬਾਜ਼ਾਰ ਨਾਲ ਸਬੰਧਤ ਪੁਲ ਲਈ 16 ਕਰੋੜ ਰੁਪਏ, ਸ਼ਫਰ-ਏ-ਸ਼ਹਾਦਤ ਮਾਰਗ 'ਤੇ ਪੁਲਾਂ ਦੀ ਉਸਾਰੀ ਲਈ 6.74 ਕਰੋੜ ਰੁਪਏ ਦੀ ਰਾਸ਼ੀ ਦਾ ਵੀ ਜ਼ਿਕਰ ਅਹਿਮ ਹੈ। ਬਿੰਦਰਖ ਵਿਖੇ ਨਵੇਂ ਪੁਲ ਦਾ ਕੰਮ ਮੁਕੰਮਲ ਹੋਣ ਸਬੰਧੀ 5.58 ਕਰੋੜ ਰੁਪਏ ਦਾ ਪ੍ਰੋਜੈਕਟ ਵੀ ਇਸ ਸੂਚੀ ਵਿਚ ਸ਼ਾਮਲ ਹੈ। ਇਸ ਤੋਂ ਇਲਾਵਾ ਸਰਹਿੰਦ ਨਹਿਰ 'ਤੇ ਗੋਲ ਆਕਾਰ ਦੇ ਪੁਲ ਦੀ ਉਸਾਰੀ ਲਈ 52 ਕਰੋੜ ਰੁਪਏ ਦਾ ਵੱਡਾ ਪ੍ਰੋਜੈਕਟ ਵੀ ਹਲਕੇ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਪੱਖੋਂ ਅਹਿਮ ਮੰਨਿਆ ਜਾ ਰਿਹਾ ਹੈ। ਇਨ੍ਹਾਂ ਸਾਰੇ ਪੁਲਾਂ ਨਾਲ ਸਬੰਧਤ ਉਪਰੋਕਤ ਪ੍ਰੋਜੈਕਟਾਂ ਦੀ ਲਾਗਤ ਨੂੰ ਜੋੜਿਆ ਜਾਵੇ ਤਾਂ ਕੁੱਲ ਰਾਸ਼ੀ 169.32 ਕਰੋੜ ਰੁਪਏ ਬਣਦੀ ਹੈ। ਇੰਨੀ ਵੱਡੀ ਰਕਮ ਨਾਲ ਪੁਲਾਂ ਦੀ ਉਸਾਰੀ ਅਤੇ ਨਵੀਨੀਕਰਨ ਦੇ ਕੰਮ ਹਲਕੇ ਵਿਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਕੀਤੇ ਜਾ ਰਹੇ ਉਪਰਾਲਿਆਂ ਦੀ ਮਹੱਤਤਾ ਨੂੰ ਦਰਸਾਉਂਦੇ ਹਨ।
ਵਿਧਾਇਕ ਦਿਨੇਸ਼ ਚੱਢਾ ਨੇ ਕਿਹਾਕਿ ਪੁਲਾਂ ਦੀ ਉਸਾਰੀ ਨਾਲ ਪੇਂਡੂ ਅਤੇ ਸ਼ਹਿਰੀ ਖੇਤਰਾਂ ਦਰਮਿਆਨ ਸੰਪਰਕ ਹੋਰ ਮਜ਼ਬੂਤ ਹੋਵੇਗਾ। ਕਿਸਾਨਾਂ ਨੂੰ ਆਪਣੀ ਫ਼ਸਲ ਮੰਡੀਆਂ ਤੱਕ ਪਹੁੰਚਾਉਣ, ਵਿਦਿਆਰਥੀਆਂ ਨੂੰ ਸਕੂਲਾਂ ਅਤੇ ਕਾਲਜਾਂ ਤੱਕ ਜਾਣ, ਮਰੀਜ਼ਾਂ ਨੂੰ ਹਸਪਤਾਲਾਂ ਤੱਕ ਪਹੁੰਚਣ ਅਤੇ ਵਪਾਰੀਆਂ ਨੂੰ ਆਪਣੇ ਕਾਰੋਬਾਰ ਚਲਾਉਣ ਵਿਚ ਆਵਾਜਾਈ ਦੀਆਂ ਬਿਹਤਰ ਸਹੂਲਤਾਂ ਦਾ ਲਾਭ ਮਿਲ ਸਕਦਾ ਹੈ। ਉਨ੍ਹਾਂ ਕਿਹਾਕਿ ਪੁਲਾਂ ਦੇ ਨਿਰਮਾਣ ਨਾਲ ਕਈ ਥਾਵਾਂ 'ਤੇ ਦੂਰੀ ਅਤੇ ਸਮੇਂ ਦੀ ਬੱਚਤ ਹੋਣ ਦੇ ਨਾਲ-ਨਾਲ ਲੋਕਾਂ ਦੀਆਂ ਰੋਜ਼ਾਨਾ ਦੀਆਂ ਮੁਸ਼ਕਲਾਂ ਵੀ ਘਟ ਸਕਦੀਆਂ ਹਨ।