ਜਨਗਣਨਾ ’ਚ ਪੂਰਾ ਸਹਿਯੋਗ ਦੇਣ ਪੰਜਾਬ ਵਾਸੀ : ਦਿਨੇਸ਼ ਚੱਢਾ ਵਿਧਾਇਕ ਦਿਨੇਸ਼ ਚੱਢਾ ਵੱਲੋਂ ਪੰਜਾਬ ਵਾਸੀਆਂ ਨੂੰ ਜਨਗਣਨਾ ਵਿਚ ਪੂਰਾ ਸਹਿਯੋਗ ਦੇਣ ਦੀ ਅਪੀਲ
Publish Date: Wed, 18 Nov 2026 04:51 PM (IST)
Updated Date: Wed, 18 Nov 2026 04:54 PM (IST)
16 ਤੋਂ 30 ਨਵੰਬਰ ਤੱਕ ਸਵੈ-ਜਨਗਣਨਾ ਦੀ ਸਹੂਲਤ ਦਾ ਲੈਣ ਲਾਭ ਲੈਣ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਪੰਜਾਬ ਦੇ ਸਮੂਹ ਵਸਨੀਕਾਂ ਨੂੰ ਜਨਗਣਨਾ ਦੇ ਕਾਰਜ ’ਚ ਵੱਧ-ਚੜ੍ਹ ਕੇ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਜਨਗਣਨਾ ਦੇਸ਼ ਦੇ ਵਿਕਾਸ ਤੇ ਭਵਿੱਖ ਦੀ ਯੋਜਨਾਬੰਦੀ ਲਈ ਬਹੁਤ ਮਹੱਤਵਪੂਰਨ ਪ੍ਰਕਿਰਿਆ ਹੈ। ਉਨ੍ਹਾਂ ਦੱਸਿਆ ਕਿ ਜਨਗਣਨਾ ਦੇ ਪਹਿਲੇ ਪੜਾਅ ਦੌਰਾਨ ਘਰਾਂ ਦੀ ਗਿਣਤੀ ਕੀਤੀ ਗਈ ਸੀ, ਜਦਕਿ ਦੂਜੇ ਪੜਾਅ ਤਹਿਤ ਲੋਕਾਂ ਦੀ ਗਿਣਤੀ ਤੇ ਆਬਾਦੀ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਇਸ ਸਬੰਧੀ 16 ਨਵੰਬਰ ਤੋਂ 30 ਨਵੰਬਰ 2026 ਤੱਕ ਸਵੈ-ਜਨਗਣਨਾ ਦੀ ਸਹੂਲਤ ਦਿੱਤੀ ਗਈ ਹੈ। ਲੋਕ ਸਬੰਧਤ ਸਰਕਾਰੀ ਵੈੱਬਸਾਈਟ se.census.gov.in ਤੇ ਜਾ ਕੇ ਆਪਣੀ ਜਾਣਕਾਰੀ ਖੁਦ ਦਰਜ ਕਰ ਸਕਦੇ ਹਨ। ਜਾਣਕਾਰੀ ਭਰਨ ਉਪਰੰਤ ਉਨ੍ਹਾਂ ਨੂੰ 11 ਅੰਕਾਂ ਦਾ ਇੱਕ ਵਿਸ਼ੇਸ਼ ਸਵੈ-ਜਨਗਣਨਾ ਕੋਡ ਪ੍ਰਾਪਤ ਹੋਵੇਗਾ, ਜਿਸ ਨੂੰ ਘਰ ਆਉਣ ਵਾਲੇ ਜਨਗਣਨਾ ਕਰਮਚਾਰੀ ਨਾਲ ਸਾਂਝਾ ਕੀਤਾ ਜਾ ਸਕਦਾ ਹੈ। ਵਿਧਾਇਕ ਨੇ ਦੱਸਿਆ ਕਿ ਜਿਹੜੇ ਲੋਕ ਆਨਲਾਈਨ ਸਵੈ-ਜਨਗਣਨਾ ਨਹੀਂ ਕਰਨਾ ਚਾਹੁੰਦੇ, ਉਨ੍ਹਾਂ ਦੀ ਸਹੂਲਤ ਲਈ ਜਨਗਣਨਾ ਕਰਮਚਾਰੀ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਘਰ-ਘਰ ਜਾ ਕੇ ਲੋੜੀਂਦੀ ਜਾਣਕਾਰੀ ਇਕੱਠੀ ਕਰਨਗੇ। ਚੱਢਾ ਨੇ ਕਿਹਾ ਕਿ ਜਨਗਣਨਾ ਰਾਹੀਂ ਪ੍ਰਾਪਤ ਹੋਣ ਵਾਲੇ ਸਹੀ ਅੰਕੜੇ ਸਰਕਾਰ ਨੂੰ ਵੱਖ-ਵੱਖ ਲੋਕ ਭਲਾਈ ਸਕੀਮਾਂ ਬਣਾਉਣ, ਸਰੋਤਾਂ ਦੀ ਸਹੀ ਵੰਡ ਕਰਨ ਤੇ ਬਜਟ ਦੀ ਬਿਹਤਰ ਯੋਜਨਾਬੰਦੀ ਕਰਨ ’ਚ ਮਦਦ ਕਰਦੇ ਹਨ। ਦੇਸ਼ ਦੀ ਆਰਥਿਕ ਤੇ ਸਮਾਜਿਕ ਤਰੱਕੀ ਲਈ ਆਬਾਦੀ ਨਾਲ ਸਬੰਧਤ ਸਹੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜਨਗਣਨਾ ਨੂੰ ਆਪਣੀ ਸਮਾਜਿਕ ਤੇ ਰਾਸ਼ਟਰੀ ਜ਼ਿੰਮੇਵਾਰੀ ਸਮਝਦਿਆਂ ਇਸ ’ਚ ਪੂਰਾ ਸਹਿਯੋਗ ਦੇਣ ਤਾਂ ਜੋ ਦੇਸ਼ ਦੇ ਵਿਕਾਸ ਤੇ ਇਸ ਨੂੰ ਵਿਕਸਿਤ ਰਾਸ਼ਟਰ ਬਣਾਉਣ ਲਈ ਸਹੀ ਅੰਕੜੇ ਪ੍ਰਾਪਤ ਹੋ ਸਕਣ।