ਵਿਧਾਇਕ ਚੱਢਾ ਵੱਲੋਂ ਕਮਿਊਨਿਟੀ ਸੈਂਟਰ ਦਾ ਉਦਘਾਟਨ ਵਿਧਾਇਕ ਚੱਢਾ ਨੇ ਕੀਤਾ ਪਿੰਡ ਬਸਾਲੀ ਵਿਖੇ ਕਮਿਊਨਿਟੀ ਸੈਂਟਰ ਦਾ ਉਦਘਾਟਨ
Publish Date: Thu, 08 Oct 2026 04:28 PM (IST)
Updated Date: Thu, 08 Oct 2026 04:29 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਪਿੰਡ ਬਸਾਲੀ ਵਿਖੇ ਪਿੰਡ ਵਾਸੀਆਂ ਦੀ ਸਹੂਲਤ ਲਈ ਤਿਆਰ ਕੀਤੇ ਗਏ ਕਮਿਊਨਿਟੀ ਸੈਂਟਰ ਦਾ ਉਦਘਾਟਨ ਹਲਕਾ ਵਿਧਾਇਕ ਦਿਨੇਸ਼ ਚੱਢਾ ਵੱਲੋਂ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਪਿੰਡ ਵਾਸੀਆਂ ਵੱਲੋਂ ਵਿਧਾਇਕ ਦਿਨੇਸ਼ ਚੱਢਾ ਦਾ ਵਿਸ਼ੇਸ਼ ਸਵਾਗਤ ਕੀਤਾ ਗਿਆ। ਇਸ ਮੌਕੇ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਪਿੰਡਾਂ ’ਚ ਲੋਕਾਂ ਦੀਆਂ ਸਾਂਝੀਆਂ ਲੋੜਾਂ ਨੂੰ ਧਿਆਨ ’ਚ ਰੱਖਦਿਆਂ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨਾ ਸਰਕਾਰ ਦੀ ਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਕਮਿਊਨਿਟੀ ਸੈਂਟਰ ਪਿੰਡ ਵਾਸੀਆਂ ਲਈ ਸਮਾਜਿਕ, ਧਾਰਮਿਕ ਅਤੇ ਸਾਂਝੇ ਸਮਾਗਮਾਂ ਲਈ ਇੱਕ ਮਹੱਤਵਪੂਰਨ ਸਥਾਨ ਵਜੋਂ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਲੋੜੀਂਦੇ ਪ੍ਰਾਜੈਕਟਾਂ ਨੂੰ ਪਹਿਲ ਦੇ ਆਧਾਰ ’ਤੇ ਨੇਪਰੇ ਚਾੜ੍ਹਿਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਰਕਾਰ ਵਚਨਬੱਧ ਹੈ। ਵਿਧਾਇਕ ਨੇ ਕਿਹਾ ਕਿ ਵਿਕਾਸ ਕਾਰਜਾਂ ’ਚ ਪਿੰਡ ਵਾਸੀਆਂ ਦੀ ਭੂਮਿਕਾ ਵੀ ਬੇਹੱਦ ਮਹੱਤਵਪੂਰਨ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਕਾਰਜਾਂ ਦੀ ਸੰਭਾਲ ਅਤੇ ਸਾਂਝੀ ਵਰਤੋਂ ਵਾਲੀਆਂ ਥਾਵਾਂ ਦੀ ਸਾਂਭ-ਸੰਭਾਲ ’ਚ ਆਪਣਾ ਸਹਿਯੋਗ ਦੇਣ। ਇਸ ਮੌਕੇ ਪਿੰਡ ਵਾਸੀਆਂ ਨੇ ਕਮਿਊਨਿਟੀ ਸੈਂਟਰ ਦੇ ਨਿਰਮਾਣ ਅਤੇ ਉਦਘਾਟਨ ਲਈ ਵਿਧਾਇਕ ਦਿਨੇਸ਼ ਚੱਢਾ ਅਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਪਿੰਡ ਵਾਸੀਆਂ ਵੱਲੋਂ ਵਿਧਾਇਕ ਦਿਨੇਸ਼ ਚੱਢਾ ਨੂੰ ਸਨਮਾਨਿਤ ਵੀ ਕੀਤਾ ਗਿਆ। ਪਿੰਡ ਵਾਸੀਆਂ ਨੇ ਕਿਹਾ ਕਿ ਕਮਿਊਨਿਟੀ ਸੈਂਟਰ ਬਣਨ ਨਾਲ ਪਿੰਡ ’ਚ ਹੋਣ ਵਾਲੇ ਵੱਖ-ਵੱਖ ਸਾਂਝੇ ਸਮਾਗਮਾਂ ਲਈ ਵੱਡੀ ਸਹੂਲਤ ਮਿਲੇਗੀ। ਇਸ ਮੌਕੇ ਸਰਪੰਚ ਅੰਜਨਾ ਕੁਮਾਰੀ, ਜ਼ਿਲ੍ਹਾ ਪ੍ਰੀਸ਼ਦ ਵਾਈਸ ਚੇਅਰਮੈਨ ਦੇਸਰਾਜ ਸੈਣੀ, ਸੰਮਤੀ ਮੈਂਬਰ ਸਤਨਾਮ ਨਾਗਰਾ, ਸੰਮਤੀ ਮੈਂਬਰ ਕੇਵਲ ਕਿਸ਼ਨ ਹੈਪੀ, ਪੰਚ ਸੀਮਾ ਕੁਮਾਰੀ, ਪੰਚ ਬਲਵਿੰਦਰ ਸਿੰਘ, ਪੰਚ ਸੰਜੀਵ ਕੁਮਾਰ, ਪੰਚ ਮਮਤਾ ਰਾਣੀ ਤੋਂ ਇਲਾਵਾ ਮਾ. ਸੁਭਾਸ਼ ਰਾਣਾ, ਮਿੰਟੂ ਰਾਣਾ, ਮਨੀ ਰਾਣਾ, ਨੱਥੂ ਰਾਮ ਮਾਸਟਰ, ਰਵੀ ਕੁਮਾਰ, ਮਲਕੀਤ ਚੰਦ, ਓਂਕਾਰ ਘਈ, ਪਵਨਦੀਪ ਕੌਰ, ਬੇਬੀ, ਸੁਨੀਤਾ ਕੁਮਾਰੀ, ਮਮਤਾ, ਡਾ. ਸਤਪਾਲ, ਵਿਜੇ ਲੰਬੜਦਾਰ, ਅਸ਼ੋਕ ਕੁਮਾਰ ਸਾਬਕਾ ਸਰਪੰਚ, ਨਵਜੋਤ ਘਈ ਅਤੇ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ।