- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਇਕ ਚੱਢਾ ਨੇ ਸਿਵਲ ਹਸਪਤਾਲ ਦੇ ਫੈਸਿਲਿਟੇਸ਼ਨ ਸੈਂਟਰ ਦਾ ਉਦਘਾਟਨ ਕੀਤਾ

ਸਿਵਲ ਹਸਪਤਾਲ ਦੀਆਂ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨ ’ਤੇ ਖਰਚੇ ਗਏ 42.50 ਕਰੋੜ ਰੁਪਏ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਸਿਵਲ ਹਸਪਤਾਲ ਰੂਪਨਗਰ ’ਚ ਨਵੇਂ ਫੈਸਿਲਿਟੇਸ਼ਨ ਸੈਂਟਰ ਦਾ ਉਦਘਾਟਨ ਕੀਤਾ ਗਿਆ। ਫੈਸਿਲਿਟੇਸ਼ਨ ਸੈਂਟਰ ਦੇ ਉਦਘਾਟਨ ਮੌਕੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਇਸ ਸੈਂਟਰ ਦਾ ਮੁੱਖ ਉਦੇਸ਼ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਵੱਖ-ਵੱਖ ਸਿਹਤ ਸੇਵਾਵਾਂ ਸਬੰਧੀ ਜਾਣਕਾਰੀ ਅਤੇ ਸਹੂਲਤ ਇਕ ਸੁਚੱਜੇ ਢੰਗ ਨਾਲ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਸਿਹਤ ਸਹੂਲਤਾਂ ਦੇ ਵਿਸਥਾਰ ਤੇ ਆਧੁਨਿਕੀਕਰਨ ਨਾਲ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਆਪਣੇ ਨੇੜੇ ਹੀ ਉਪਲਬਧ ਕਰਵਾਉਣ ਵੱਲ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਸਿਵਲ ਸਰਜਨ ਰੂਪਨਗਰ ਡਾ. ਵਿਵੇਕ ਕਟਾਰੀਆ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਹਸਪਤਾਲ ਦੇ ਵੱਖ-ਵੱਖ ਵਿਭਾਗਾਂ ਦਾ ਦੌਰਾ ਕਰਕੇ ਸਿਹਤ ਸੇਵਾਵਾਂ ਦੀ ਕਾਰਗੁਜ਼ਾਰੀ ਤੇ ਮਰੀਜ਼ਾਂ ਨੂੰ ਮਿਲ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਇਸ ਉਪਰੰਤ ਵਿਧਾਇਕ ਵੱਲੋਂ ਆਈਪੀਐੱਚਐੱਲ ਲੈਬ, ਆਈਸੀਯੂ ਅਤੇ ਡੀ-ਐਡੀਕਸ਼ਨ ਸੈਂਟਰ ’ਚ ਸਥਾਪਿਤ ਮੈਥਾਡੋਨ ਮੇਨਟੇਨੈਂਸ ਥੈਰੇਪੀ ਕਲੀਨਿਕ ਸਣੇ ਹੋਰ ਸਿਹਤ ਸਹੂਲਤਾਂ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਸਬੰਧਤ ਅਧਿਕਾਰੀਆਂ ਤੇ ਮੈਡੀਕਲ ਸਟਾਫ ਤੋਂ ਇਨ੍ਹਾਂ ਵਿਭਾਗਾਂ ਵਿਚ ਉਪਲਬਧ ਸਹੂਲਤਾਂ, ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਅਤੇ ਹਸਪਤਾਲ ਦੀਆਂ ਲੋੜਾਂ ਸਬੰਧੀ ਜਾਣਕਾਰੀ ਲਈ।
ਇਸ ਮੌਕੇ ਜਾਣਕਾਰੀ ਦਿੰਦਿਆਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਦੱਸਿਆ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਸਿਵਲ ਹਸਪਤਾਲ ਰੂਪਨਗਰ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਤੇ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਲਗਭਗ 42.50 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਰਾਸ਼ੀ ਤਹਿਤ ਹਸਪਤਾਲ ਦੀ ਵੱਡੀ ਪੱਧਰ ’ਤੇ ਮੁਰੰਮਤ ਅਤੇ ਨਵੀਨੀਕਰਨ, ਵ੍ਹਾਈਟ ਵਾਸ਼, ਸੜਕਾਂ ਅਤੇ ਇੰਟਰਲਾਕ ਟਾਈਲਾਂ, ਫੈਸਿਲਿਟੇਸ਼ਨ ਸੈਂਟਰ, ਆਈਪੀਐਚਐਲ ਲੈਬ, ਕ੍ਰਿਟੀਕਲ ਕੇਅਰ ਬਲਾਕ, ਅਲਟਰਾਸਾਊਂਡ ਮਸ਼ੀਨ, ਪਖਾਨਿਆਂ ਦਾ ਨਵੀਨੀਕਰਨ, ਆਈਸੀਯੂ ਉਪਕਰਨ, ਡਾਇਲਸਿਸ ਯੂਨਿਟ, ਲਿਫਟ ਮਸ਼ੀਨ ਅਤੇ ਡਿਜੀਟਲ ਐਕਸ-ਰੇ ਸਮੇਤ ਕਈ ਅਹਿਮ ਸਹੂਲਤਾਂ ਨੂੰ ਮਜ਼ਬੂਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਰੂਪਨਗਰ ਵਿਖੇ ਆਧੁਨਿਕ ਸਿਹਤ ਸਹੂਲਤਾਂ ਵਿਚ ਹੋਏ ਵਾਧੇ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਨੂੰ ਹੋਰ ਮਜ਼ਬੂਤ ਕਰਨਾ ਸਰਕਾਰ ਦੀ ਮੁੱਖ ਤਰਜੀਹ ਹੈ ਤਾਂ ਜੋ ਲੋਕਾਂ ਨੂੰ ਗੁਣਵੱਤਾ ਭਰਪੂਰ ਸਿਹਤ ਸੇਵਾਵਾਂ ਲਈ ਦੂਰ-ਦੁਰਾਡੇ ਨਾ ਜਾਣਾ ਪਵੇ। ਵਿਧਾਇਕ ਨੇ ਡਾਕਟਰਾਂ, ਪੈਰਾ-ਮੈਡੀਕਲ ਸਟਾਫ ਅਤੇ ਸਮੂਹ ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਸਦਕਾ ਹਸਪਤਾਲ ਵੱਲੋਂ ਰੋਜ਼ਾਨਾ ਵੱਡੀ ਗਿਣਤੀ ਵਿਚ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਸਿਹਤ ਸੇਵਾਵਾਂ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਅਤੇ ਹਰ ਲੋੜਵੰਦ ਵਿਅਕਤੀ ਤੱਕ ਮਿਆਰੀ ਸਿਹਤ ਸਹੂਲਤਾਂ ਦੀ ਪਹੁੰਚ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ।
ਇਸ ਮੌਕੇ ਚੇਅਰਮੈਨ ਭਾਗ ਸਿੰਘ ਮਦਾਨ, ਚੇਅਰਮੈਨ ਸ਼ਿਵ ਕੁਮਾਰ ਲਾਲਪੁਰਾ, ਪ੍ਰਧਾਨ ਨਗਰ ਕੌਂਸਲ ਇੰਦਰਪਾਲ ਸਿੰਘ ਰਾਜੂ ਸਤਿਆਲ, ਯੂਥ ਪ੍ਰਧਾਨ ਚੇਤਨ ਕਾਲੀਆ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਉਰਮਿਲ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਅੰਜਲੀ ਚੌਧਰੀ, ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਸਿਵਲ ਹਸਪਤਾਲ ਡਾ. ਲਵਲੀਨ, ਡਾ ਹਰਲੀਨ ਕੌਰ,ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਰਵਿੰਦਰ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਰੀਤੂ, ਜ਼ਿਲ੍ਹਾ ਬੀਸੀਸੀ. ਕੋਆਰਡੀਨੇਟਰ ਸੁਖਜੀਤ ਕੰਬੋਜ, ਅਜੇ ਕੁਮਾਰ, ਅਮਨਦੀਪ, ਸੌਰਵਅਮਰਿੰਦਰ ਪਾਲ ਸਿੰਘ ਸੋਨੂ, ਅਵਤਾਰ ਸਿੰਘ ਆੜਤੀ, ਗੁਰਿੰਦਰ ਸਿੰਘ ਜੱਗੀ, ਸੰਜੀਵ ਕੁਮਾਰ, ਪਰਮਿੰਦਰ ਪਾਲ ਸਿੰਘ ਬਿੰਟਾ, ਕੁਲਦੀਪ ਸਿੰਘ, ਬਲਕਾਰ ਸਿੰਘ, ਰਜੇਸ਼ ਕੁਮਾਰ, ਲਾਡੀ ਕੋਚ ਸਣੇ ਪੈਰਾ-ਮੈਡੀਕਲ ਤੇ ਹੋਰ ਸਟਾਫ ਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।