ਪਿੰਡ ਘਨੌਲੀ ਵਿਖੇ ਵਿਧਾਇਕ ਚੱਢਾ ਵੱਲੋਂ ਖੇਡ ਸਟੇਡੀਅਮ ਲੋਕ ਅਰਪਿਤ ਪਿੰਡ ਘਨੌਲੀ ਵਿਖੇ ਵਿਧਾਇਕ ਚੱਢਾ ਵੱਲੋਂ ਖੇਡ ਸਟੇਡੀਅਮ ਲੋਕ ਅਰਪਿਤ
Publish Date: Thu, 27 Aug 2026 04:18 PM (IST)
Updated Date: Thu, 27 Aug 2026 04:19 PM (IST)
ਸਟੇਡੀਅਮ ਵਿਚ ਖਿਡਾਰੀਆਂ ਨੂੰ ਮਿਲਣਗੀਆਂ ਆਧੁਨਿਕ ਸਹੂਲਤਾਂ ਪੁਸ਼ਪਿੰਦਰ ਗੋਲੀਆ, ਪੰਜਾਬੀ ਜਾਗਰਣ, ਘਨੌਲੀ: ਪਿੰਡ ਘਨੌਲੀ ਵਿਖੇ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਵੱਲੋਂ 35 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਖੇਡ ਸਟੇਡੀਅਮ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਇਸ ਖੇਡ ਸਟੇਡੀਅਮ ਵਿਚ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਦੀਆਂ ਲੋੜਾਂ ਦੇ ਮੱਦੇਨਜ਼ਰ ਹਾਈਮਾਸਟ ਲਾਈਟਾਂ, ਫੁੱਟਬਾਲ ਅਤੇ ਵਾਲੀਬਾਲ ਲਈ ਖੇਡ ਮੈਦਾਨ, ਪਖਾਨਾ ਬਲਾਕ, ਖਿਡਾਰੀਆਂ ਲਈ ਚੇਂਜਿੰਗ ਰੂਮ ਅਤੇ ਹਾਈਡ੍ਰੈਂਟ ਸਿਸਟਮ ਸਮੇਤ ਹੋਰ ਲੋੜੀਂਦੀਆਂ ਆਧੁਨਿਕ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ ਸਹੂਲਤਾਂ ਨਾਲ ਪਿੰਡ ਦੇ ਬੱਚਿਆਂ, ਨੌਜਵਾਨਾਂ ਅਤੇ ਖਿਡਾਰੀਆਂ ਨੂੰ ਖੇਡ ਗਤੀਵਿਧੀਆਂ ਲਈ ਸੁਚੱਜਾ ਅਤੇ ਸੁਰੱਖਿਅਤ ਵਾਤਾਵਰਨ ਮਿਲੇਗਾ। ਇਸ ਮੌਕੇ ਵਿਧਾਇਕ ਚੱਢਾ ਨੇ ਕਿਹਾ ਕਿ ਨੌਜਵਾਨ ਸਾਡੇ ਦੇਸ਼ ਅਤੇ ਸੂਬੇ ਦੀ ਤਾਕਤ ਹਨ ਅਤੇ ਉਨ੍ਹਾਂ ਦੀ ਊਰਜਾ ਨੂੰ ਉਸਾਰੂ ਦਿਸ਼ਾ ਵਿਚ ਲੈ ਕੇ ਜਾਣ ਲਈ ਖੇਡਾਂ ਸਭ ਤੋਂ ਪ੍ਰਭਾਵਸ਼ਾਲੀ ਮਾਧਿਅਮ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਖੇਡ ਸਹੂਲਤਾਂ ਵਿਕਸਤ ਹੋਣ ਨਾਲ ਬੱਚਿਆਂ ਅਤੇ ਨੌਜਵਾਨਾਂ ਨੂੰ ਆਪਣੀ ਖੇਡ ਪ੍ਰਤਿਭਾ ਨੂੰ ਨਿਖਾਰਨ ਲਈ ਆਪਣੇ ਪਿੰਡ ਵਿਚ ਹੀ ਬਿਹਤਰ ਮੌਕੇ ਮਿਲਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਸਿਰਫ਼ ਖੇਡ ਮੈਦਾਨ ਬਣਾਉਣਾ ਹੀ ਨਹੀਂ, ਸਗੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਉਨ੍ਹਾਂ ਦੀ ਸਰੀਰਕ ਤੰਦਰੁਸਤੀ, ਅਨੁਸ਼ਾਸਨ ਅਤੇ ਪ੍ਰਤਿਭਾ ਦੇ ਵਿਕਾਸ ਲਈ ਲੋੜੀਂਦਾ ਮਾਹੌਲ ਤਿਆਰ ਕਰਨਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਖੇਡ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਖੇਡਾਂ ਵਿਚ ਮਿਹਨਤ ਕਰਕੇ ਆਪਣੇ ਪਿੰਡ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨ। ਉਨ੍ਹਾਂ ਭਰੋਸਾ ਦਿਵਾਇਆ ਕਿ ਹਲਕੇ ਦੇ ਲੋਕਾਂ ਦੀਆਂ ਲੋੜਾਂ ਅਨੁਸਾਰ ਵਿਕਾਸ ਕਾਰਜਾਂ ਨੂੰ ਲਗਾਤਾਰ ਅੱਗੇ ਵਧਾਇਆ ਜਾਵੇਗਾ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਨਵਾਂ ਖੇਡ ਸਟੇਡੀਅਮ ਲੋਕਾਂ ਨੂੰ ਸਮਰਪਿਤ ਕੀਤੇ ਜਾਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਪਿੰਡ ਦੇ ਬੱਚਿਆਂ ਅਤੇ ਨੌਜਵਾਨਾਂ ਲਈ ਇੱਕ ਮਹੱਤਵਪੂਰਨ ਸਹੂਲਤ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਆਧੁਨਿਕ ਸਹੂਲਤਾਂ ਨਾਲ ਲੈਸ ਇਹ ਖੇਡ ਸਟੇਡੀਅਮ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਅਤੇ ਪਿੰਡ ਵਿਚ ਖੇਡ ਸੱਭਿਆਚਾਰ ਨੂੰ ਹੋਰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਏਗਾ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਚੇਅਰਪਰਸਨ ਸਤਿੰਦਰ ਕੌਰ, ਚੇਅਰਮੈਨ ਬਲਾਕ ਸੰਮਤੀ ਰੂਪਨਗਰ ਮਲਕੀਤ ਸਿੰਘ ਭੰਗੂ, ਪਰਮਿੰਦਰ ਸਿੰਘ ਬਾਲਾ, ਬਲਾਕ ਸੰਮਤੀ ਮੈਂਬਰ ਘਨੌਲੀ ਸੰਦੀਪ ਕੁਮਾਰ ਪ੍ਰਜਾਪਤ, ਯੂਥ ਆਗੂ ਚੇਤਨ ਕਾਲੀਆ, ਸਰਪੰਚ ਮੰਗਤ ਸਿੰਘ, ਸਰਪੰਚ ਪਾਲ ਸਿੰਘ, ਸਰਪੰਚ ਕੁਲਦੀਪ ਸਿੰਘ, ਪੰਚਾਇਤ ਮੈਂਬਰ ਨਰਿੰਦਰ ਸਿੰਘ ਰਾਜੂ, ਤਰਲੋਚਨ ਸਿੰਘ ਧੀਮਾਨ, ਮਨਜੀਤ ਸਿੰਘ, ਗੁਰਪ੍ਰੀਤ ਕਾਬੜਵਾਲ, ਜਰਨੈਲ ਸਿੰਘ ਸੋਨੂ, ਸਿਮਰਨ ਸਿੰਘ, ਪਰਗਟ ਸਿੰਘ ਪੰਚ ਸਮੇਤ ਹੋਰ ਪਤਵੰਤੇ ਸੱਜਣ ਅਤੇ ਪਿੰਡ ਵਾਸੀ ਹਾਜ਼ਰ ਸਨ।