ਕਮਿਸ਼ਨ ਦੇ ਦਖ਼ਲ ਮਗਰੋਂ ਖੁੱਲ੍ਹਿਆ ਚਰਚ ਦਾ ਜਿੰਦਰਾ, ਮਸੀਹੀ ਭਾਈਚਾਰੇ ਨੂੰ ਸੌਂਪਿਆ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਵੱਲੋਂ ਚਰਚ ਦਾ ਜਿੰਦਰਾ ਤੁੜਵਾ ਕੇ ਕੀਤਾ ਮਸੀਹ ਭਾਈਚਾਰੇ ਦੇ ਹਵਾਲੇ
Publish Date: Wed, 18 Nov 2026 04:58 PM (IST)
Updated Date: Wed, 18 Nov 2026 05:00 PM (IST)
ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਮਸੀਹ ਗੌਰਵ ਨੇ ਮੋਰਿੰਡਾ ਸਥਿਤ ਇੱਕ ਚਰਚ ਨੂੰ ਲਗਾਇਆ ਗਿਆ ਜਿੰਦਰਾ ਦੌਰਾ ਕਰਨ ਸਮੇਂ ਤੁੜਵਾਇਆ ਤੇ ਚਰਚ ਨੂੰ ਮੁੜ ਮਸੀਹ ਭਾਈਚਾਰੇ ਤੇ ਪਾਸਟਰ ਲੱਕੀ ਦੇ ਸਪੁਰਦ ਕਰ ਦਿੱਤਾ। ਇਸ ਫ਼ੈਸਲੇ ਤੋਂ ਬਾਅਦ ਮਸੀਹ ਭਾਈਚਾਰੇ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਲੋਕਾਂ ਵੱਲੋਂ ਜੈਕਾਰੇ ਲਗਾ ਕੇ ਤੇ ਪਟਾਕੇ ਚਲਾ ਕੇ ਆਪਣੀ ਖ਼ੁਸ਼ੀ ਜ਼ਾਹਿਰ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਜਤਿੰਦਰ ਮਸੀਹ ਗੌਰਵ ਨੇ ਦੱਸਿਆ ਕਿ ਬੀਤੇ ਦਿਨੀਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਗੁੰਡਾਗਰਦੀ ਕਰਦਿਆਂ ਚਰਚ ’ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਚਰਚ ਨੂੰ ਤਾਲਾ ਲਗਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਆਉਣ ’ਤੇ ਉਨ੍ਹਾਂ ਤੁਰੰਤ ਐੱਸਐੱਸਪੀ. ਤੇ ਡੀਸੀ. ਰੂਪਨਗਰ ਨਾਲ ਗੱਲਬਾਤ ਕੀਤੀ। ਰੂਪਨਗਰ ਵਿਖੇ ਘੱਟ ਗਿਣਤੀ ਕਮਿਸ਼ਨ ਦੀ ਵਿਸ਼ੇਸ਼ ਮੀਟਿੰਗ ਦੌਰਾਨ ਸਮੂਹ ਘੱਟ ਗਿਣਤੀ ਭਾਈਚਾਰਿਆਂ (ਈਸਾਈ, ਮੁਸਲਿਮ, ਜੈਨੀ, ਬੋਧੀ ਤੇ ਪਾਰਸੀ) ਦੇ ਮਸਲੇ ਵਿਚਾਰੇ ਗਏ ਤੇ ਮੌਕੇ ’ਤੇ ਹੀ ਕਈ ਮਸਲਿਆਂ ਦਾ ਹੱਲ ਕੀਤਾ ਗਿਆ। ਚੇਅਰਮੈਨ ਨੇ ਸਪੱਸ਼ਟ ਕੀਤਾ ਕਿ ਇਸ ਚਰਚ ਸਬੰਧੀ ਮਾਣਯੋਗ ਅਦਾਲਤ ਵੱਲੋਂ ਸਟੇਅ ਦੇ ਹੁਕਮ ਜਾਰੀ ਹਨ ਤੇ ਕਾਨੂੰਨ ਤੋਂ ਉੱਪਰ ਕੋਈ ਨਹੀਂ ਹੈ। ਜਿੰਨੀ ਦੇਰ ਤੱਕ ਮਾਣਯੋਗ ਅਦਾਲਤ ਦਾ ਅੰਤਿਮ ਫ਼ੈਸਲਾ ਨਹੀਂ ਆਉਂਦਾ, ਓਨੀ ਦੇਰ ਤੱਕ ਚਰਚ ’ਚ ਪਹਿਲਾਂ ਵਾਂਗ ਹੀ ਪ੍ਰਾਰਥਨਾ ਤੇ ਸੇਵਕਾਈ ਚੱਲਦੀ ਰਹੇਗੀ। ਇਸ ਮੌਕੇ ਚੇਅਰਮੈਨ ਜਤਿੰਦਰ ਮਸੀਹ ਗੌਰਵ ਨੇ ਮੌਕੇ ’ਤੇ ਮੌਜੂਦ ਐੱਸਐੱਚਓ. ਇੰਸਪੈਕਟਰ ਗਗਨਦੀਪ ਸਿੰਘ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਚਰਚ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਤੇ ਗੁੰਡਾਗਰਦੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਦਿਆਂ ਮਾਮਲਾ ਦਰਜ ਕੀਤਾ ਜਾਵੇ ਤੇ ਇਸ ਦੀ ਰਿਪੋਰਟ ਪੇਸ਼ ਕੀਤੀ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਭਲਕੇ ਡੀਐੱਸਪੀ. ਤੇ ਐੱਸਐੱਚਓ. ਨੂੰ ਸਾਰੇ ਸਬੰਧਤ ਕਾਗਜ਼-ਪੱਤਰਾਂ ਸਮੇਤ ਆਪਣੇ ਦਫ਼ਤਰ ਵਿਖੇ ਤਲਬ ਕੀਤਾ ਗਿਆ ਹੈ ਤਾਂ ਜੋ ਘੱਟ ਗਿਣਤੀ ਭਾਈਚਾਰੇ ਨਾਲ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਨੂੰ ਰੋਕਿਆ ਜਾ ਸਕੇ।