ਲੀਡ : ਮਾਈਨਿੰਗ ਮਾਫ਼ੀਆ ਚੁਸਤ, ਮਾਈਨਿੰਗ ਵਿਭਾਗ ਸੁਸਤ ਮਾਈਨਿੰਗ ਮਾਫੀਆ ਚੁਸਤ ਮਾਈਨਿੰਗ ਵਿਭਾਗ ਸੁਸਤ
Publish Date: Sat, 03 Oct 2026 06:53 PM (IST)
Updated Date: Sat, 03 Oct 2026 06:55 PM (IST)
ਨਜਾਇਜ਼ ਮਾਈਨਿੰਗ ਰੋਕਣ ਦੇ ’ਚ ਅਸਫਲ ਰਹਿ ਰਿਹਾ ਹੈ ਮਾਈਨਿੰਗ ਵਿਭਾਗ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ: ਸਰਕਾਰ ਵੱਲੋਂ ਮਾਈਨਿੰਗ ਰੋਕਣ ਲਈ ਹਰ ਸਖ਼ਤ ਕਦਮ ਚੁੱਕੇ ਜਾਂਦੇ ਹਨ ਪਰ ਜਦੋਂ ਪ੍ਰਸ਼ਾਸਨ ਹੀ ਮਾਈਨਿੰਗ ਮਾਫੀਆ ਨਾਲ ਰਲਿਆ ਹੋਵੇ ਤਾਂ ਮਾਈਨਿੰਗ ਕਿਵੇਂ ਰੁਕ ਸਕਦੀ ਹੈ। ਇਸ ਦੀ ਜਿਉਂਦੀ ਜਾਗਦੀ ਮਿਸਾਲ 26 ਸਤੰਬਰ ਨੂੰ ਨਾਨਗਰਾਂ ਦੀਆਂ ਖੱਡਾਂ ’ਚ ਵੇਖਣ ਨੂੰ ਮਿਲੀ। ਸੂਤਰਾਂ ਤੋਂ ਇਕੱਤਰ ਕੀਤੀ ਗਈ ਜਾਣਕਾਰੀ ਦੇ ਮੁਤਾਬਕ 26 ਸਤੰਬਰ ਦੀ ਦੇਰ ਰਾਤ ਲਗਭਗ ਡੇਢ ਵਜੇ ਦੇ ਕਰੀਬ ਪੁਲਿਸ ਵੱਲੋਂ ਜਾਣਕਾਰੀ ਮਿਲਣ ਤੇ ਨਾਨਗਰਾਂ ਪਿੰਡ ’ਚ ਦੋ ਪੋਕਲੇਨ ਮਸ਼ੀਨਾਂ ਨੂੰ ਮਾਈਨਿੰਗ ਕਰਦੇ ਪਾਇਆ ਅਤੇ ਜਦੋਂ ਮੌਕੇ ਤੇ ਛਾਪਾਮਾਰੀ ਕੀਤੀ ਤਾਂ ਮਾਈਨਿੰਗ ਕਰਨ ਵਾਲੇ ਵਿਅਕਤੀ ਤਾਂ ਭੱਜ ਗਏ ਪਰ ਉਕਤ ਮਸ਼ੀਨਾਂ ਪੁਲਿਸ ’ਚ ਅੜਿੱਕੇ ਆ ਗਈਆਂ। ਹੈਰਾਨੀ ਇਸ ਗੱਲ ਦੀ ਹੋਈ ਕਿ ਵਾਰ-ਵਾਰ ਮਾਈਨਿੰਗ ਵਿਭਾਗ ਨੂੰ ਆਵਾਜ਼ਾਂ ਮਾਰਨ ਤੋਂ ਬਾਅਦ ਵੀ ਜਦੋਂ ਮਾਈਨਿੰਗ ਵਿਭਾਗ ਦਾ ਕੋਈ ਅਧਿਕਾਰੀ ਨਾ ਪੁੱਜਿਆ ਤਾਂ ਪੁਲਿਸ ਵੱਲੋਂ ਆਪਣੇ ਤੌਰ ਤੇ ਮੁਕਦਮਾ ਨੰਬਰ 174 ਮਾਈਨਿੰਗ ਐਂਡ ਮਿਨਰਲ ਜੈਕਟ 1957 ਦੇ ਤਹਿਤ ਦਰਜ ਕਰ ਲਿਆ ਗਿਆ ਅਤੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ----------- ਨਹੀਂ ਲੱਭਦੇ ਮਾਈਨਿੰਗ ਵਿਭਾਗ ਦੇ ਅਧਿਕਾਰੀ ਹੈਰਾਨੀ ਦੀ ਗੱਲ ਤਾਂ ਇਹ ਰਹੀ ਕਿ ਜਿੱਥੇ ਮਾਈਨਿੰਗ ਵਾਲੀ ਥਾਂ ਤੇ ਮਾਈਨਿੰਗ ਵਿਭਾਗ ਦੇ ਅਧਿਕਾਰੀ ਨਹੀਂ ਮਿਲਦੇ, ਉੱਥੇ ਮਾਈਨਿੰਗ ਵਿਭਾਗ ਦੇ ਅਧਿਕਾਰੀ ਫੋਨ ਚੁੱਕਣਾ ਵੀ ਮੁਨਾਸਿਬ ਨਹੀਂ ਸਮਝਦੇ। ਇਸ ਸਬੰਧੀ ਐਕਸੀਅਨ ਮਾਈਨਿੰਗ ਵਿਭਾਗ ਨੂੰ ਵਾਰ-ਵਾਰ ਫੋਨ ਕਰਨ ਤੋਂ ਬਾਅਦ ਵੀ ਉਨ੍ਹਾਂ ਵੱਲੋਂ ਕੋਈ ਫੋਨ ਨਹੀਂ ਚੁੱਕਿਆ ਗਿਆ। ------------ ਇਸ ਸਬੰਧੀ ਕੀ ਕਹਿੰਦੇ ਹਨ ਐੱਸਐੱਚਓ ਦਾਨਿਸ਼ਵੀਰ ਸਿੰਘ ਇਸ ਸਬੰਧੀ ਜਦੋਂ ਐੱਸਐੱਚਓ ਦਾਨਿਸ਼ਵੀਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਗੱਲ ਬਿਲਕੁਲ ਠੀਕ ਹੈ ਕਿ ਜਿਸ ਰਾਤ ਛਾਪੇਮਾਰੀ ਕੀਤੀ ਗਈ ਉਸ ਰਾਤ ਵਾਰ-ਵਾਰ ਬੁਲਾਉਣ ਤੇ ਵੀ ਮਾਈਨਿੰਗ ਵਿਭਾਗ ਦੇ ਅਧਿਕਾਰੀ ਨਹੀਂ ਪੁੱਜੇ ਪਰ ਦੂਸਰੇ ਦਿਨ 27 ਸਤੰਬਰ ਨੂੰ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਕੋਲੋਂ ਐੱਫਆਈਆਰ ਦੀ ਕਾਪੀ ਲੈ ਲਈ ਗਈ ਪਰ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਰਿਪੋਰਟ ਉਨ੍ਹਾਂ ਕੋਲ ਨਹੀਂ ਪਹੁੰਚੀ। ਉਨ੍ਹਾਂ ਪੁਸ਼ਟੀ ਕਰਦਿਆਂ ਕਿਹਾ ਕਿ ਮਾਈਨਿੰਗ ਵਿਭਾਗ ਵੱਲੋਂ ਪੁਲਿਸ ਨੂੰ ਕੋਈ ਮਾਈਨਿੰਗ ਸਬੰਧੀ ਦਰਖਾਸਤ ਦੇਣੀ ਹੁੰਦੀ ਹੈ ਜਿਸ ’ਤੇ ਪੁਲਿਸ ਵੱਲੋਂ ਮੁਕਦਮਾ ਦਰਜ ਕਰਦੀ ਹੈ ਤੇ ਇਸ ਵਾਰ ਪੁਲਿਸ ਵੱਲੋਂ ਆਪਣੇ ਤੌਰ ਤੇ ਸਿੱਧਾ ਮੁਕਦਮਾ ਦਰਜ ਕੀਤਾ ਗਿਆ ---------- ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਹੋਵੇ ਜਾਇਦਾਦਾਂ ਦੀ ਜਾਂਚ ਇਸ ਸਬੰਧੀ ਵਹਣ ਟੀਮ ਦੇ ਸਰਗਰਮ ਮੈਂਬਰ ਤੇ ਸਮਾਜ ਸੇਵਕ ਭਗਵੰਤ ਸਿੰਘ ਮਟੋਰ ਨੇ ਕਿਹਾ ਕਿ ਇਹ ਜਿੰਨੀ ਵੀ ਲੁੱਟ ਹੋ ਰਹੀ ਹੈ, ਭਾਵੇਂ ਇਸ ’ਚ ਸਰਕਾਰ ਜਾਂ ਕਿਸੇ ਹੋਰ ਦਾ ਨਾਮ ਲਿਆ ਜਾ ਰਿਹਾ ਹੈ ਪਰ ਇਸ ਦੇ ਪਿੱਛੇ ਅਸਲੀ ਸ਼ਕਤੀਮਾਨ ਮਾਈਨਿੰਗ ਵਿਭਾਗ ਹੀ ਹੈ। ਉਨ੍ਹਾਂ ਕਿਹਾ ਕਿ ਈਡੀ ਵੱਲੋਂ ਜਪਤ ਕੀਤੀਆਂ ਗਈਆਂ ਜ਼ਮੀਨਾਂ ’ਤੇ ਲਗਾਤਾਰ ਹੋ ਰਹੀ ਮਾਈਨਿੰਗ ਤੇ ਭਲਾਣ ਨਾਨਗਰਾ ਬੈਲਟ ’ਚ ਖ਼ਤਮ ਕੀਤੀਆਂ ਗਈਆਂ ਚਰਾਂਦਾਂ ਲਈ ਸਿੱਧੇ ਤੌਰ ਤੇ ਮਾਈਨਿੰਗ ਵਿਭਾਗ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਮਾਈਨਿੰਗ ਵਿਭਾਗ ਹਮੇਸ਼ਾ ਹੀ ਮੌਕੇ ਤੇ ਨਹੀਂ ਪਹੁੰਚਦਾ। ਪਿਛਲੇ ਦਿਨੀ ਭਲਾਣ ਦੇ ਇਕ ਵਸਨੀਕ ਵੱਲੋਂ ਵੀਡੀਓ ਪਾ ਕੇ ਇਸ ਗੱਲ ਨੂੰ ਸਾਫ ਕੀਤਾ ਗਿਆ ਸੀ ਕਿ ਉਨ੍ਹਾਂ ਵੱਲੋਂ ਹੋ ਰਹੀ ਰਾਤ ਨੂੰ ਮਾਈਨਿੰਗ ਦੇ ਸੰਬੰਧ ’ਚ ਮਾਈਨਿੰਗ ਵਿਭਾਗ ਨੂੰ ਫੋਨ ਵੀ ਕੀਤਾ ਗਿਆ ਪਰ ਕੋਈ ਵੀ ਨਹੀਂ ਪੁੱਜਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜੇਕਰ ਸੁਹਿਰਦਤਾ ਦੇ ਨਾਲ ਮਾਈਨਿੰਗ ਨੂੰ ਰੋਕਣਾ ਚਾਹੁੰਦੀ ਹੈ ਤੇ ਇਸ ਦਾ ਪਰਦਾਫਾਸ਼ ਕਰਨੀ ਚਾਹੁੰਦੀ ਹੈ ਤਾਂ ਵਿਜੀਲੈਂਸ ਵਿਭਾਗ ਤੋਂ ਮਾਈਨਿੰਗ ਵਿਭਾਗ ’ਚ ਜੇਈ ਤੋਂ ਲੈ ਕੇ ਉੱਪਰ ਤੱਕ ਦੇ ਅਧਿਕਾਰੀਆਂ ਦੀਆਂ ਜਾਇਦਾਦਾਂ ਦੀ ਜਾਂਚ ਕਰਵਾਉਣ ਤੇ ਇਸ ਦੇ ਨਾਲ ਕਈ ਹੈਰਾਨੀਜਨਕ ਖੁਲਾਸੇ ਹੋ ਸਕਦੇ ਹਨ।