ਡਿਵਾਈਡਰ ਨਾਲ ਟਕਰਾਉਣ ਉਪਰੰਤ ਮਿੰਨੀ ਕੈਂਟਰ ਪਲਟਿਆ, ਮਜ਼ਦੂਰ ਦੀ ਮੌਤ ਡਿਵਾਈਡਰ ਨਾਲ ਟਕਰਾਉਣ ਉਪਰੰਤ ਮਿੰਨੀ ਕੈਂਟਰ ਪਲਟਿਆ
Publish Date: Sun, 04 Oct 2026 04:15 PM (IST)
Updated Date: Sun, 04 Oct 2026 04:17 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ: ਬੀਤੀ ਦੇਰ ਰਾਤ ਨੂਰਪੁਰ ਬੇਦੀ-ਰੂਪਨਗਰ ਮੁੱਖ ਮਾਰਗ ’ਤੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਮਿੰਨੀ ਕੈਂਟਰ ਦੀ ਲਪੇਟ ’ਚ ਆਉਣ ਕਾਰਨ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਸਥਾਨਕ ਥਾਣਾ ਮੁੱਖੀ ਇੰਸਪੈਕਟਰ ਗੁਰਮੁੱਖ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਗੋਪੀ ਰਿਸ਼ੀਦੇਵ ਵਾਸੀ ਪਰਮਾਨੰਦ ਗੁੰਜ, ਜ਼ਿਲ੍ਹਾ ਅਰਰੀਆ (ਬਿਹਾਰ) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਕਤ ਪ੍ਰਵਾਸੀ ਮਜ਼ਦੂਰ ਸੜਕ ਕਿਨਾਰੇ ਪੈਦਲ ਜਾ ਰਿਹਾ ਸੀ। ਇਸ ਦੌਰਾਨ ਰੂਪਨਗਰ ਵੱਲੋਂ ਆ ਰਿਹਾ ਇਕ ਮਿੰਨੀ ਕੈਂਟਰ ਸੜਕ ਦੇ ਵਿਚਕਾਰ ਬਣੇ ਡਿਵਾਈਡਰ ਨਾਲ ਟਕਰਾ ਗਿਆ। ਟੱਕਰ ਤੋਂ ਬਾਅਦ ਕੈਂਟਰ ਬੇਕਾਬੂ ਹੋ ਕੇ ਪਲਟ ਗਿਆ ਅਤੇ ਇਸ ਦੀ ਲਪੇਟ ਵਿਚ ਪੈਦਲ ਜਾ ਰਿਹਾ ਗੋਪੀ ਰਿਸ਼ੀ ਦੇਵ ਆ ਗਿਆ। ਹਾਦਸਾ ਇੰਨਾ ਗੰਭੀਰ ਸੀ ਕਿ ਮਜ਼ਦੂਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ਉਪਰੰਤ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਿੰਨੀ ਕੈਂਟਰ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ, ਜਦਕਿ ਕੈਂਟਰ ਚਾਲਕ ਹਾਦਸੇ ਤੋਂ ਬਾਅਦ ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ। ਥਾਣਾ ਮੁੱਖੀ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸ੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਮਜ਼ਦੂਰ ਦੇ ਵਾਰਿਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।ਲੋਕਾਂ ਦਾ ਕਹਿਣਾ ਹੈ ਕਿ ਡਿਵਾਈਡਰ ਤੇ ਬਲਿੰਕਰ ਲਾਈਟਾਂ ਨਾ ਹੋਣ ਕਾਰਨ ਅਜਿਹੇ ਹਾਦਸੇ ਵਾਪਰ ਰਹੇ ਹਨ ਤੇ ਸੰਬੰਧਿਤ ਵਿਭਾਗ ਨੂੰ ਚਾਹੀਦਾ ਹੈ ਕਿ ਡਿਵਾਈਡਰਾਂ ਦੇ ਮੂਹਰੇ ਬਲਿੰਕਰ ਲਾਈਟਾਂ ਲਗਾਈਆਂ ਜਾਣ ਤਾਂ ਜੋ ਅਜਿਹੇ ਭਿਆਨਕ ਹਾਦਸਿਆਂ ਤੋਂ ਬਚਿਆ ਜਾ ਸਕੇ।