ਅਵਾਰਾ ਕੁੱਤਿਆਂ ਦਾ ਆਤੰਕ, ਦੋ ਬੱਚਿਆਂ ਸਮੇਤ ਦਰਜਨ ਤੋਂ ਵੱਧ ਲੋਕਾਂ ’ਤੇ ਹਮਲੇ ਨੂਰਪੁਰਬੇਦੀ ਤੇ ਸਿੰਬਲ ਮਾਜਰਾ ’ਚ ਅਵਾਰਾ ਕੁੱਤਿਆਂ ਦਾ ਆਤੰਕ, ਦੋ ਬੱਚਿਆਂ ਸਮੇਤ ਦਰਜਨ ਤੋਂ ਵੱਧ ਲੋਕਾਂ ’ਤੇ ਹਮਲੇ
Publish Date: Mon, 23 Nov 2026 04:03 PM (IST)
Updated Date: Mon, 23 Nov 2026 04:04 PM (IST)
10 ਸਾਲਾ ਬੱਚੀ ਦੀ ਹਾਲਤ ਗੰਭੀਰ, ਪੀਜੀਆਈ ਚੰਡੀਗੜ੍ਹ ਰੈਫਰ ਸੁਪਰੀਮ ਕੋਰਟ ਦੇ ਸਖ਼ਤ ਹੁਕਮਾਂ ਦੇ ਬਾਵਜੂਦ ਨਹੀਂ ਹੋ ਰਹੀ ਕਾਰਵਾਈ, ਆਖ਼ਰ ਕੌਣ ਲਵੇਗਾ ਐਕਸ਼ਨ? ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਇਲਾਕੇ ’ਚ ਅਵਾਰਾ ਕੁੱਤਿਆਂ ਦੀ ਸਮੱਸਿਆ ਹੁਣ ਲੋਕਾਂ ਦੀ ਜਾਨ ਲਈ ਗੰਭੀਰ ਖ਼ਤਰਾ ਬਣਦੀ ਜਾ ਰਹੀ ਹੈ। ਨੂਰਪੁਰਬੇਦੀ ਤੇ ਨੇੜਲੇ ਪਿੰਡ ਸਿੰਬਲ ਮਾਜਰਾ ’ਚ ਪਿਛਲੇ ਦੋ-ਤਿੰਨ ਦਿਨਾਂ ਤੋਂ ਦੋ ਅਵਾਰਾ ਕੁੱਤਿਆਂ ਵੱਲੋਂ ਕੀਤੇ ਜਾ ਰਹੇ ਹਮਲਿਆਂ ਨੇ ਲੋਕਾਂ ’ਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਹੁਣ ਤੱਕ ਦਰਜਨ ਤੋਂ ਵੱਧ ਲੋਕ ਇਨ੍ਹਾਂ ਹਮਲਿਆਂ ਦਾ ਸ਼ਿਕਾਰ ਹੋ ਚੁੱਕੇ ਹਨ, ਜਿਨ੍ਹਾਂ ’ਚ ਦੋ ਬੱਚਿਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸਿੰਬਲ ਮਾਜਰਾ ਦੀ 10 ਸਾਲਾ ਬੱਚੀ ਮਨਜੀਤ ਕੌਰ ਪੁੱਤਰੀ ਹਰਵਿੰਦਰ ਸਿੰਘ ’ਤੇ ਪਿੰਡ ਦੀ ਗਲੀ ’ਚ ਕੁੱਤਿਆਂ ਵੱਲੋਂ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਬੱਚੀ ਦੇ ਮੱਥੇ ਤੇ ਚਿਹਰੇ ’ਤੇ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਸ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਰੈਫਰ ਕਰਨਾ ਪਿਆ। ਦੱਸਿਆ ਜਾ ਰਿਹਾ ਹੈ ਕਿ ਬੱਚੀ ਦੀ ਹਾਲਤ ਹੁਣ ਸਥਿਰ ਹੈ। ਇਸੇ ਤਰ੍ਹਾਂ ਨੂਰਪੁਰਬੇਦੀ ਵਿਖੇ 10 ਸਾਲਾ ਬੱਚੇ ਗੁਰਨੂਰ ਸਿੰਘ ਪੁੱਤਰ ਕਮਲਜੀਤ ਸਿੰਘ ’ਤੇ ਵੀ ਕੁੱਤਿਆਂ ਨੇ ਚਿਹਰੇ ’ਤੇ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਬੱਚੇ ਨੂੰ ਇੱਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਉਣਾ ਪਿਆ, ਜਿੱਥੇ ਡਾਕਟਰਾਂ ਵੱਲੋਂ ਉਸ ਦੇ ਚਿਹਰੇ ਦੀ ਪਲਾਸਟਿਕ ਸਰਜਰੀ ਕੀਤੀ ਗਈ। ਇਸ ਤੋਂ ਇਲਾਵਾ ਸਿੰਬਲ ਮਾਜਰਾ ਦੀ ਰਜਨੀਸ਼ ਸ਼ਰਮਾ ਪੁੱਤਰੀ ਮਦਨ ਮੋਹਨ, ਤਰਸੇਮ ਸਿੰਘ ਤੇ ਪ੍ਰਵਾਸੀ ਮਜ਼ਦੂਰ ਪ੍ਰੇਮ ਸ਼ੰਕਰ ਸਮੇਤ ਕਈ ਹੋਰ ਵਿਅਕਤੀ ਵੀ ਇਨ੍ਹਾਂ ਹਮਲਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਸ਼ਿਵ ਮੰਦਰ ਨੇੜੇ ਇੱਕ ਔਰਤ ’ਤੇ ਵੀ ਹਮਲਾ ਕੀਤਾ ਗਿਆ, ਜਿਸ ਨੂੰ ਮੌਕੇ ’ਤੇ ਮੌਜੂਦ ਲੋਕਾਂ ਨੇ ਬਚਾ ਲਿਆ। ਲਗਾਤਾਰ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਕਾਰਨ ਮਾਪਿਆਂ ’ਚ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਹੈ ਤੇ ਰਾਤ ਸਮੇਂ ਤਾਂ ਦੂਰ ਦੀ ਗੱਲ ਲੋਕ ਦਿਨ ਵੇਲੇ ਵੀ ਖੁਦ ਤੇ ਆਪਣੇ ਬੱਚਿਆਂ ਨੂੰ ਵੀ ਬਾਹਰ ਭੇਜਣ ਤੋਂ ਡਰਨ ਲੱਗ ਪਏ ਹਨ। ਇੱਕ-ਦੂਜੇ ਸਿਰ ਠੀਕਰਾ ਭੰਨ ਰਹੇ ਵਿਭਾਗ ਇਸ ਮਾਮਲੇ ਦਾ ਚਿੰਤਾਜਨਕ ਪਹਿਲੂ ਇਹ ਹੈ ਕਿ ਲੋਕਾਂ ਦੀ ਸੁਰੱਖਿਆ ਨਾਲ ਜੁੜੇ ਇਸ ਗੰਭੀਰ ਮੁੱਦੇ ’ਤੇ ਕੋਈ ਵੀ ਵਿਭਾਗ ਸਿੱਧੀ ਜ਼ਿੰਮੇਵਾਰੀ ਲੈਣ ਲਈ ਤਿਆਰ ਨਜ਼ਰ ਨਹੀਂ ਆ ਰਿਹਾ। ਜਾਣਕਾਰੀ ਅਨੁਸਾਰ ਪਸ਼ੂ ਪਾਲਣ ਵਿਭਾਗ, ਜੰਗਲੀ ਜੀਵ ਸੁਰੱਖਿਆ ਵਿਭਾਗ ਤੇ ਐਨੀਮਲ ਕੰਟਰੋਲ ਨਾਲ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕਰਨ ’ਤੇ ਵੱਖ-ਵੱਖ ਅਧਿਕਾਰੀਆਂ ਵੱਲੋਂ ਇਹ ਮਾਮਲਾ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਹੋਣ ਦੀ ਗੱਲ ਕਹੀ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਪਾਸੇ ਸੁਪਰੀਮ ਕੋਰਟ ਵੱਲੋਂ ਅਵਾਰਾ ਕੁੱਤਿਆਂ ਦੇ ਹਮਲਿਆਂ ਤੇ ਮਨੁੱਖੀ ਜਾਨਾਂ ਨੂੰ ਪੈਦਾ ਹੋ ਰਹੇ ਖ਼ਤਰੇ ਦੇ ਮੱਦੇਨਜ਼ਰ ਪ੍ਰਸ਼ਾਸਨ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਸਕੂਲਾਂ, ਕਾਲਜਾਂ, ਹਸਪਤਾਲਾਂ, ਬੱਸ ਅੱਡਿਆਂ ਤੇ ਰੇਲਵੇ ਸਟੇਸ਼ਨਾਂ ਵਰਗੀਆਂ ਜਨਤਕ ਥਾਵਾਂ ਤੋਂ ਅਵਾਰਾ ਕੁੱਤਿਆਂ ਨੂੰ ਹਟਾ ਕੇ ਨਿਰਧਾਰਤ ਸ਼ੈਲਟਰਾਂ ’ਚ ਰੱਖਣ, ਉਨ੍ਹਾਂ ਦੀ ਨਸਬੰਦੀ ਤੇ ਟੀਕਾਕਰਨ ਦੇ ਪੁਖ਼ਤਾ ਪ੍ਰਬੰਧ ਕਰਨ ਤੇ ਰੇਬੀਜ਼ ਤੋਂ ਪੀੜਤ, ਲਾਇਲਾਜ ਬਿਮਾਰ ਜਾਂ ਮਾਹਿਰਾਂ ਵੱਲੋਂ ਖ਼ਤਰਨਾਕ ਕਰਾਰ ਦਿੱਤੇ ਕੁੱਤਿਆਂ ਬਾਰੇ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਉੱਥੇ ਦੂਜੇ ਪਾਸੇ ਸਥਾਨਕ ਪੱਧਰ ’ਤੇ ਵਿਭਾਗ ਇਕ-ਦੂਜੇ ਸਿਰ ਠੀਕਰਾ ਭੰਨ ਰਹੇ ਹਨ। ਅਜਿਹੇ ’ਚ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਅਦਾਲਤ ਵੱਲੋਂ ਵੀ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਪੱਸ਼ਟ ਦਿਸ਼ਾ-ਨਿਰਦੇਸ਼ ਦਿੱਤੇ ਜਾ ਚੁੱਕੇ ਹਨ ਤਾਂ ਉਨ੍ਹਾਂ ਨੂੰ ਅਮਲੀ ਰੂਪ ਦੇਣ ਦੀ ਜ਼ਿੰਮੇਵਾਰੀ ਆਖ਼ਰ ਕੌਣ ਨਿਭਾਏਗਾ? ਪ੍ਰਸ਼ਾਸਨ ਤੋਂ ਤੁਰੰਤ ਦਖ਼ਲ ਦੀ ਮੰਗ, ਕਿਸੇ ਹੋਰ ਹਾਦਸੇ ਦੀ ਉਡੀਕ ਕਿਉਂ? ਨੂਰਪੁਰਬੇਦੀ ਤੇ ਸਿੰਬਲ ਮਾਜਰਾ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਹਮਲਾਵਰ ਕੁੱਤਿਆਂ ਨੂੰ ਕਾਬੂ ਕਰਨ ਲਈ ਮਾਹਿਰ ਟੀਮ ਬੁਲਾਈ ਜਾਵੇ ਤੇ ਕਾਨੂੰਨੀ ਤੇ ਮਨੁੱਖੀ ਢੰਗ ਨਾਲ ਉਨ੍ਹਾਂ ਨੂੰ ਸੁਰੱਖਿਅਤ ਸ਼ੈਲਟਰ ’ਚ ਰੱਖਣ ਦਾ ਪ੍ਰਬੰਧ ਕੀਤਾ ਜਾਵੇ। ਇਸ ਦੇ ਨਾਲ ਹੀ ਇਲਾਕੇ ’ਚ ਅਵਾਰਾ ਕੁੱਤਿਆਂ ਦੀ ਸਮੱਸਿਆ ਦੇ ਸਥਾਈ ਹੱਲ ਲਈ ਵੀ ਠੋਸ ਯੋਜਨਾ ਬਣਾਈ ਜਾਵੇ, ਤਾਂ ਜੋ ਕਿਸੇ ਹੋਰ ਮਾਸੂਮ ਨੂੰ ਇਨ੍ਹਾਂ ਹਮਲਿਆਂ ਦਾ ਸ਼ਿਕਾਰ ਨਾ ਹੋਣਾ ਪਵੇ।