ਬਰਨਾਲਾ ਲਾਠੀਚਾਰਜ਼ ਦੇ ਵਿਰੋਧ ’ਚ ਮੁਕੰਮਲ ਤੋਰ ’ਤੇ ਰਹੇ ਬਜ਼ਾਰ ਬੰਦ ਬਰਨਾਲਾ ਲਾਠੀਚਾਰਜ਼ ਦੇ ਵਿਰੋਧ ’ਚ ਮੁਕੰਮਲ ਤੋਰ ’ਤੇ ਰਹੇ ਬਜ਼ਾਰ ਬੰਦ
Publish Date: Thu, 30 Jul 2026 05:55 PM (IST)
Updated Date: Thu, 30 Jul 2026 05:58 PM (IST)
ਸਫ਼ਾਈ ਸੇਵਕਾਂ ਨੇ ਨੰਗਲ ਚ ਦੁਕਾਨਾਂ ਬੰਦ ਕਰਵਾ ਕੇ ਕੱਢਿਆ ਪੈਦਲ ਰੋਸ ਮਾਰਚ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ : ਸਫ਼ਾਈ ਸੇਵਕਾਂ ਵੱਲੋਂ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਦੇ ਤਹਿਤ ਅੱਜ ਨੰਗਲ ਵਿਖੇ ਬੰਦ ਦਾ ਵਿਆਪਕ ਅਸਰ ਦੇਖਣ ਨੂੰ ਮਿਲਿਆ। ਬੰਦ ਦੇ ਆਦੇਸ਼ਾਂ ਤਹਿਤ ਸਫ਼ਾਈ ਸੇਵਕਾਂ ਵੱਲੋਂ ਬਾਜ਼ਾਰਾਂ ਚ ਜੋ ਦੁਕਾਨਾਂ ਖੁੱਲ੍ਹੀਆਂ ਸਨ, ਉਨ੍ਹਾਂ ਨੂੰ ਚੇਤਾਵਨੀ ਦੇ ਕੇ ਸ਼ਾਂਤੀਪੂਰਨ ਤਰੀਕੇ ਨਾਲ ਬੰਦ ਕਰਵਾਇਆ ਗਿਆ ਅਤੇ ਇਸ ਤੋਂ ਬਾਅਦ ਪੰਜਾਬ ਸਰਕਾਰ, ਪ੍ਰਸ਼ਾਸਨ ਅਤੇ ਪੁਲਿਸ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪੂਰੇ ਸ਼ਹਿਰ ਵਿੱਚ ਇੱਕ ਵਿਸ਼ਾਲ ਰੋਸ ਪੈਦਲ ਮਾਰਚ ਕੱਢਿਆ ਗਿਆ। ਇਹ ਰੋਸ ਪ੍ਰਦਰਸ਼ਨ ਬਰਨਾਲਾ ਵਿਖੇ ਸਫ਼ਾਈ ਕਰਮਚਾਰੀਆਂ ਅਤੇ ਭੈਣਾਂ ਤੇ ਹੋਏ ਪੁਲਿਸ ਤਸ਼ੱਦਦ (ਡੰਡਾ ਕਾਂਡ) ਦੇ ਖ਼ਿਲਾਫ਼ ਕੀਤਾ ਗਿਆ, ਜਿਸ ਦੌਰਾਨ ਮੌਕੇ ਤੇ ਮੌਜੂਦ ਵਾਲਮੀਕਿ ਅਤੇ ਸਫ਼ਾਈ ਸੇਵਕ ਆਗੂਆਂ ਨੇ ਬਿਆਨ ਦਿੰਦਿਆਂ ਆਖਿਆ ਕਿ ਸਰਕਾਰ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਥਾਂ ਧੋਖਾ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਮਾਮੂਲੀ ਤਨਖਾਹ ਵਾਧੇ ਦੇ ਲਾਰੇ ਨਹੀਂ ਸਗੋਂ ਪੱਕੀ ਨੌਕਰੀ ਚਾਹੀਦੀ ਹੈ। ਆਗੂਆਂ ਨੇ ਮੰਗ ਕੀਤੀ ਕਿ ਬਰਨਾਲਾ ਚ ਔਰਤਾਂ ਤੇ ਅੱਤਿਆਚਾਰ ਕਰਨ ਵਾਲੇ ਡੀ.ਐੱਸ.ਪੀ. ਦੀ ਵਰਦੀ ਲਾਹ ਕੇ ਉਸ ਨੂੰ ਘਰ ਭੇਜਿਆ ਜਾਵੇ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਸੁਖਵਿੰਦਰ ਸੁੱਖੂ, ਸ੍ਰੀ ਅਨੰਦਪੁਰ ਸਾਹਿਬ : ਸਫਾਈ ਕਰਮਚਾਰੀਆਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਪੰਜਾਬ ਭਾਰ ਵਿੱਚ ਹੜਤਾਲ ਅਤੇ ਆਪਣੀਆਂ ਮੰਗਾਂ ਮਨਾਉਣ ਲਈ ਕੀਤੇ ਜਾ ਰਹੇ ਰੋਸ ਧਰਨਿਆ ਦੀ ਲੜੀ ਤਹਿਤ ਅੱਜ ਪੰਜਾਬ ਬੰਦ ਦੇ ਸੱਦੇ ’ਤੇ ਗੁਰੂ ਨਗਰੀ ਸ੍ਰੀ ਆਨੰਦਪੁਰ ਸਾਹਿਬ ਦੇ ਸਾਰੇ ਬਾਜ਼ਾਰ ਮੁਕੰਮਲ ਤੌਰ ਤੇ ਬੰਦ ਰਹੇ ਸਫਾਈ ਸੇਵਕਾਂ ਦੇ ਬੰਦ ਦੇ ਐਲਾਨ ਨੂੰ ਸਫਲ ਬਣਾਉਣ ਲਈ ਜਿੱਥੇ ਵਪਾਰ ਮੰਡਲ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ,ਪ੍ਰਿਤਪਾਲ ਸਿੰਘ ਗੰਡਾ, ਦੀਪਕ ਆਂਗਰਾ, ਰੇੜੀ ਫੜੀ ਤੇ ਖੋਖਾ ਯੂਨੀਅਨ ਦੇ ਪ੍ਰਧਾਨ ਸੁਨੀਲ ਅਡਵਾਲ ਤੇ ਹੋਰ ਵੱਖ ਵੱਖ ਸਮਾਜਿਕ ਜਥੇਬੰਦੀਆਂ ਵੱਲੋਂ ਸਹਿਯੋਗ ਦਿਦਿਆ ਸਮੂਹ ਵਪਾਰੀ ਵਰਗ ਨੂੰ ਬੰਦ ਰੱਖਣ ਦੀ ਅਪੀਲ ਵੀ ਕੀਤੀ ਗਈ ਸੀ ਅੱਜ ਪੰਜਾਬ ਬੰਦ ਦੇ ਸੱਦੇ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਮੇਨ ਬਾਜ਼ਾਰ, ਕਲਗੀਧਰ ਮਾਰਕੀਟ ,ਪੁੱਡਾ ਮਾਰਕੀਟ, ਬੱਸ ਸਟੈਂਡ ਮਾਰਕੀਟ, ਨਵੀਂ ਆਬਾਦੀ, ਚੋਈ ਬਾਜ਼ਾਰ, ਗੁਰੂ ਬਜਾਰ, ਕਮੇਟੀ ਬਾਜ਼ਾਰ ਅਤੇ ਰੇੜੀ ਫੜੀ ਤੇ ਖੋਖਾ ਯੂਨੀਅਨ ਵੱਲੋਂ ਅੱਜ ਮੁਕੰਮਲ ਤੋਰ ’ਤੇ ਬੰਦ ਰੱਖ ਕੇ ਸਫਾਈ ਸੇਵਕਾਂ ਦਾ ਪੂਰਨ ਤੌਰ ’ਤੇ ਸਹਿਯੋਗ ਦਿੱਤਾ। ਸਫਾਈ ਕਰਮਚਾਰੀ ਯੂਨੀਅਨ ਦੇ ਆਗੂਆਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਲੜਾਈ ਲੜ ਰਹੇ ਹਾਂ ਸਾਡੀਆਂ ਮੰਗਾਂ ਨੂੰ ਸਰਕਾਰ ਜਲਦੀ ਤੋਂ ਜਲਦੀ ਪੂਰਾ ਕਰੇ ਅਸੀਂ ਤੁਰੰਤ ਹੜਤਾਲ ਖਤਮ ਕਰਕੇ ਸਫਾਈ ਕਰਨੀ ਸ਼ੁਰੂ ਕਰ ਦਿਆਂਗੇ । ਉਹਨਾਂ ਕਿਹਾ ਕਿ ਸਾਡਾ ਸੰਘਰਸ਼ ਕਿਸੇ ਵੀ ਤਰ੍ਹਾਂ ਲੋਕਾਂ ਨੂੰ ਪਰੇਸ਼ਾਨ ਕਰਨ ਲਈ ਨਹੀਂ ਸਗੋਂ ਆਪਣੀਆਂ ਜਾਇਜ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਣ ਅਤੇ ਮਨਾਉਣ ਲਈ ਹੈ ਜਦੋਂ ਵੀ ਸ਼ਹਿਰ ਵਿੱਚ ਕੋਈ ਮਨੁੱਖੀ ਜਾਂ ਸਮਾਜਿਕ ਜਿੰਮੇਵਾਰੀ ਸਾਹਮਣੇ ਹੁੰਦੀ ਹੈ ਤਾਂ ਸਫਾਈ ਕਰਮਚਾਰੀ ਹਮੇਸ਼ਾ ਉਹਨਾਂ ਨੂੰ ਪਹਿਲ ਦੇ ਕੇ ਨਿਭਾਉਂਦੇ ਹਨ ਉਹਨਾਂ ਆਮ ਲੋਕਾਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸਾਡੇ ਸੰਘਰਸ਼ ਨੂੰ ਸਮਝਣ ਅਤੇ ਉਹਨਾਂ ਦੀਆਂ ਜਾਇਜ਼ ਮੰਗਾਂ ਦੇ ਹੱਕ ਵਿੱਚ ਆਪਣਾ ਸਹਿਯੋਗ ਦੇਣ ਤਾਂ ਜੋ ਸਰਕਾਰ ਜਲਦ ਤੋਂ ਜਲਦ ਸਫਾਈ ਕਰਮਚਾਰੀਆਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦਾ ਹੱਲ ਕਰੇ। ਜੰਗ ਬਹਾਦਰ ਸਿੰਘ, ਸ੍ਰੀ ਕੀਰਤਪੁਰ ਸਾਹਿਬ : ਬਰਨਾਲਾ ਵਿਖੇ ਸਫਾਈ ਕਰਮਚਾਰੀਆਂ ਤੇ ਹੋਏ ਤਸ਼ੱਦਦ ਅਤੇ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਸਫਾਈ ਕਰਮਚਾਰੀ ਯੂਨੀਅਨ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਕੀਰਤਪੁਰ ਸਾਹਿਬ ਵਿੱਚ ਭਰਵਾਂ ਸਮਰਥਨ ਮਿਲਿਆ। ਸ਼ਹਿਰ ਵਿੱਚ ਇੱਕਾ-ਦੁੱਕਾ ਦੁਕਾਨਾਂ ਨੂੰ ਛੱਡ ਕੇ ਸਮੁੱਚਾ ਬਾਜ਼ਾਰ ਬੰਦ ਰਿਹਾ। ਸਵੇਰ ਤੋਂ ਹੀ ਸਫਾਈ ਕਰਮਚਾਰੀਆਂ ਨੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਦਾ ਦੌਰਾ ਕਰਕੇ ਬੰਦ ਨੂੰ ਸਫਲ ਬਣਾਇਆ ਅਤੇ ਵਪਾਰੀਆਂ ਤੇ ਸ਼ਹਿਰ ਵਾਸੀਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਜਸਵੀਰ ਸਿੰਘ ਨੇ ਕਿਹਾ ਕਿ ਬੰਦ ਸਬੰਧੀ ਪਹਿਲਾਂ ਹੀ ਸ਼ਹਿਰ ਵਾਸੀਆਂ ਅਤੇ ਵਪਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਭਰਪੂਰ ਸਮਰਥਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇੱਕਾ-ਦੁੱਕਾ ਦੁਕਾਨਾਂ ਨੂੰ ਛੱਡ ਕੇ ਪੂਰੀ ਮਾਰਕੀਟ ਬੰਦ ਹੈ, ਜੋ ਸਫਾਈ ਕਰਮਚਾਰੀਆਂ ਦੇ ਸੰਘਰਸ਼ ਪ੍ਰਤੀ ਲੋਕਾਂ ਦੇ ਸਮਰਥਨ ਨੂੰ ਦਰਸਾਉਂਦੀ ਹੈ। ਹਾਲਾਂਕਿ ਆਮ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਮੈਡੀਕਲ ਸਟੋਰਾਂ ਅਤੇ ਖਾਣ-ਪੀਣ ਨਾਲ ਸਬੰਧਤ ਕੁਝ ਦੁਕਾਨਾਂ ਖੁੱਲ੍ਹੀਆਂ ਰੱਖੀਆਂ ਗਈਆਂ।ਇਸ ਮੌਕੇ ਰਾਹੁਲ, ਅਮਨਦੀਪ ਸਿੰਘ, ਸਿਕੰਦਰ, ਸੰਜੀਵ ਕੁਮਾਰ, ਅੰਸ਼ੂ, ਮੋਨੂੰ, ਰਿੰਕੂ, ਚੰਚਲ, ਕਰਨ, ਵਿਸ਼ਾਲ, ਗੁਲਸ਼ਨ, ਕਾਲਾ, ਭੋਲਾ, ਕੇਸ਼ਵ , ਰਜਤ , ਆਦਿ ਸ਼ਾਮਿਲ ਸਨ। ਬਾਕਸ ਜਲਦ ਮੰਨ ਲੈਣੀਆਂ ਚਾਹੀਦੀਆਂ ਹਨ ਮੰਗਾਂ : ਹਿਮਾਂਸ਼ੂ ਟੰਡਨ ਇਸ ਦੌਰਾਨ ਬਲਾਕ ਕਾਂਗਰਸ ਪ੍ਰਧਾਨ ਹਿਮਾਂਸ਼ੂ ਟੰਡਨ ਨੇ ਵੀ ਸਫਾਈ ਕਰਮਚਾਰੀਆਂ ਦੇ ਬੰਦ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਬਰਨਾਲਾ ਵਿੱਚ ਸਫਾਈ ਕਰਮਚਾਰੀਆਂ ਨਾਲ ਹੋਈ ਘਟਨਾ ਨਿੰਦਣਯੋਗ ਹੈ ਅਤੇ ਸਰਕਾਰ ਨੂੰ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਫਾਈ ਕਰਮਚਾਰੀਆਂ ਦੀਆਂ ਜਾਇਜ਼ ਅਤੇ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਤੁਰੰਤ ਮੰਨਿਆ ਜਾਣਾ ਚਾਹੀਦਾ ਹੈ ਤਾਂ ਜੋ ਕਰਮਚਾਰੀਆਂ ਨੂੰ ਸੰਘਰਸ਼ ਕਰਨ ਲਈ ਮਜਬੂਰ ਨਾ ਹੋਣਾ ਪਵੇ। ਉਨ੍ਹਾਂ ਇਹ ਵੀ ਕਿਹਾ ਕਿ ਕੀਰਤਪੁਰ ਸਾਹਿਬ ਦੇ ਲੋਕਾਂ ਅਤੇ ਵਪਾਰੀਆਂ ਵੱਲੋਂ ਦਿੱਤਾ ਗਿਆ ਭਰਵਾਂ ਸਮਰਥਨ ਇਸ ਗੱਲ ਦਾ ਸਬੂਤ ਹੈ ਕਿ ਲੋਕ ਸਫਾਈ ਕਰਮਚਾਰੀਆਂ ਦੇ ਹੱਕ ਵਿੱਚ ਖੜ੍ਹੇ ਹਨ। ਬਾਕਸ ਬੰਦ ਦੇ ਸਹਿਯੋਗ ਲਈ ਧੰਨਵਾਦ : ਪ੍ਰਧਾਨ ਅਰੋੜਾ ਸਫਾਈ ਸੇਵਕ ਕਰਮਚਾਰੀ ਯੂਨੀਅਨ ਵੱਲੋਂ ਅੱਜ ਪੰਜਾਬ ਬੰਦ ਦੇ ਸੱਦੇ ’ਤੇ ਅਨੰਦਪੁਰ ਸਾਹਿਬ ਦੇ ਸਮੂਹ ਵਪਾਰੀ ਵਰਗ ਵੱਲੋਂ ਮੁਕੰਮਲ ਬੰਦ ਰੱਖਣ ਤੇ ਵੱਖ ਵਖ ਵਪਾਰ ਮੰਡਲਾਂ ਦੇ ਪ੍ਰਧਾਨਾਂ ਵੱਲੋਂ ਧੰਨਵਾਦ ਕੀਤਾ ਗਿਆ ਇਸ ਸਬੰਧੀ ਗੱਲ ਕਰਦਿਆਂ ਵਪਾਰ ਮੰਡਲ ਸ੍ਰੀ ਆਨੰਦਪੁਰ ਸਾਹਿਬ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਤੇ ਪ੍ਰਿਤਪਾਲ ਸਿੰਘ ਗੰਡਾ ,ਵਪਾਰ ਵਿੰਗ ਦੇ ਪ੍ਰਧਾਨ ਦੀਪਕ ਆਂਗਰਾ, ਰੇੜੀ ਫੜੀ ਤੇ ਖੋਖਾ ਯੂਨੀਅਨ ਦੇ ਪ੍ਰਧਾਨ ਸੁਨੀਲ ਅਡਵਾਲ ਨੇ ਵਪਾਰੀ ਵਰਗ ਵੱਲੋਂ ਦੁਕਾਨਾਂ ਬੰਦ ਰੱਖਣ ਅਤੇ ਲੋਕਾਂ ਵੱਲੋਂ ਸਹਿਯੋਗ ਦੇਣ ਲਈ ਸਮੂਹ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ।