ਪਹਿਲੀ ਵਾਰ ਹੋਈ ਮੈਰਾਥਨ ਦੌੜ ਨੂੰ ਮਿਲਿਆ ਭਰਵਾਂ ਹੁੰਗਾਰਾ ਨੂਰਪੁਰਬੇਦੀ ਵਿੱਚ ਪਹਿਲੀ ਵਾਰ ਹੋਈ ਮੈਰਾਥਨ ਦੌੜ ਨੂੰ ਮਿਲਿਆ ਭਰਵਾਂ ਹੁੰਗਾਰਾ
Publish Date: Sun, 11 Oct 2026 04:20 PM (IST)
Updated Date: Sun, 11 Oct 2026 04:23 PM (IST)
‘ਤੰਦਰੁਸਤੀ ਦਾ ਸੁਨੇਹਾ’ ਮੁਹਿੰਮ ਤਹਿਤ ਤਿੰਨ ਵਰਗਾਂ ’ਚ ਹੋਏ ਮੁਕਾਬਲੇ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਇਲਾਕੇ ’ਚ ਸਿਹਤ ਅਤੇ ਖੇਡਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ‘ਤੰਦਰੁਸਤੀ ਦਾ ਸੁਨੇਹਾ’ ਮੁਹਿੰਮ ਤਹਿਤ ਪੀਰ ਬਾਬਾ ਜਿੰਦਾ ਸ਼ਹੀਦ ਸੁਸਾਇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਨੂਰਪੁਰਬੇਦੀ ਵਿਖੇ ਪਹਿਲੀ ਵਾਰ ਮੈਰਾਥਨ ਦੌੜ ਕਰਵਾਈ ਗਈ। ਇਸ ’ਚ ਸਕੂਲੀ ਵਿਦਿਆਰਥੀਆਂ, ਨੌਜਵਾਨਾਂ, ਬਜ਼ੁਰਗਾਂ, ਸਰਕਾਰੀ ਮੁਲਾਜ਼ਮਾਂ, ਡਾਕਟਰਾਂ, ਖਿਡਾਰੀਆਂ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਉਤਸ਼ਾਹ ਨਾਲ ਭਾਗ ਲਿਆ। ਮੈਰਾਥਨ ਦੀ ਸ਼ੁਰੂਆਤ ਪਦਮ ਸ਼੍ਰੀ ਅਤੇ ਅਰਜੁਨ ਐਵਾਰਡ ਨਾਲ ਸਨਮਾਨਿਤ ਡੀਐਸਪੀ ਅਜੇ ਠਾਕੁਰ ਅਤੇ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਹਰੀ ਝੰਡੀ ਦਿਖਾ ਕੇ ਕੀਤੀ। ਦੌੜ ਨੂੰ 2 ਕਿਲੋਮੀਟਰ, 5 ਕਿਲੋਮੀਟਰ ਅਤੇ 10 ਕਿਲੋਮੀਟਰ ਦੇ ਤਿੰਨ ਵਰਗਾਂ ’ਚ ਵੰਡਿਆ ਗਿਆ। ਇਸ ਮੌਕੇ ਡੀਐਸਪੀ ਅਜੇ ਠਾਕੁਰ ਨੇ ਕਿਹਾ ਕਿ ਖੇਡਾਂ ਅਤੇ ਕਸਰਤ ਨੌਜਵਾਨਾਂ ਨੂੰ ਸਰੀਰਕ ਤੇ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਉਣ ਦੇ ਨਾਲ-ਨਾਲ ਅਨੁਸ਼ਾਸਨ ਅਤੇ ਮਿਹਨਤ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ। ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਮੈਰਾਥਨ ਦੌੜ ਵਰਗੇ ਉਪਰਾਲੇ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਨ ਅਤੇ ਨੌਜਵਾਨਾਂ ’ਚ ਖੇਡਾਂ ਪ੍ਰਤੀ ਰੁਚੀ ਵਧਾਉਣ ਲਈ ਅਹਿਮ ਹਨ। ਉਨ੍ਹਾਂ ਕਿਹਾ ਕਿ ਸਮਾਜ ਨੂੰ ਤੰਦਰੁਸਤ ਬਣਾਉਣ ਲਈ ਲੋਕਾਂ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੈ ਅਤੇ ਨੂਰਪੁਰਬੇਦੀ ’ਚ ਪਹਿਲੀ ਵਾਰ ਹੋਈ ਇਸ ਮੈਰਾਥਨ ਨੂੰ ਮਿਲਿਆ ਭਰਵਾਂ ਹੁੰਗਾਰਾ ਸ਼ਲਾਘਾਯੋਗ ਹੈ। ਐਸਪੀ ਜਸਪ੍ਰੀਤ ਸਿੰਘ ਨੇ ਕਿਹਾ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਖੇਡਾਂ ਅਤੇ ਸਰੀਰਕ ਗਤੀਵਿਧੀਆਂ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਨੌਜਵਾਨਾਂ ਨੂੰ ਉਸਾਰੂ ਗਤੀਵਿਧੀਆਂ ਨਾਲ ਜੋੜਨ ਅਤੇ ਸਮਾਜ ’ਚ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ’ਚ ਸਹਾਈ ਹੁੰਦੇ ਹਨ। ਮੈਰਾਥਨ ਦੀ ਸਮਾਪਤੀ ਉਪਰੰਤ ਪੀਰ ਬਾਬਾ ਜਿੰਦਾ ਸ਼ਹੀਦ ਅਸਥਾਨ ਵਿਖੇ ਸਮਾਗਮ ਕਰਵਾਇਆ ਗਿਆ। ਪ੍ਰਬੰਧਕਾਂ ਵੱਲੋਂ ਪ੍ਰਤੀਭਾਗੀਆਂ ਲਈ ਰਿਫਰੈਸ਼ਮੈਂਟ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਮੈਰਾਥਨ ਦੇ ਵੱਖ-ਵੱਖ ਵਰਗਾਂ ’ਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਪ੍ਰਤੀਭਾਗੀਆਂ ਨੂੰ ਟੀ-ਸ਼ਰਟਾਂ, ਮੈਡਲਾਂ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸਪੀ ਜਸਪ੍ਰੀਤ ਸਿੰਘ, ਡੀਐਸਪੀ ਅਜੇ ਠਾਕੁਰ, ਵਿਧਾਇਕ ਦਿਨੇਸ਼ ਚੱਢਾ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਪ੍ਰਤੀਭਾਗੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਇਸ ਉਪਰਾਲੇ ਦਾ ਮੁੱਖ ਉਦੇਸ਼ ਲੋਕਾਂ ਨੂੰ ਕਸਰਤ, ਦੌੜ ਅਤੇ ਸਿਹਤਮੰਦ ਜੀਵਨ-ਸ਼ੈਲੀ ਨਾਲ ਜੋੜਨਾ ਅਤੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਰਿਹਾ। ਇਸ ਮੌਕੇ ਮਾਸਟਰ ਜੋਗਿੰਦਰ ਸਿੰਘ ਜੋਗਾ, ਸਾਈਕਲ ਐਸੋਸੀਏਸ਼ਨ ਨੂਰਪੁਰਬੇਦੀ ਦੇ ਮੁੱਖ ਪ੍ਰਬੰਧਕ ਮਾਸਟਰ ਜੋਗਿੰਦਰ ਸਿੰਘ, ਸਾਈਕਲ ਐਸੋਸੀਏਸ਼ਨ ਰੋਪੜ ਦੇ ਮੈਂਬਰ, ਪੀਰ ਬਾਬਾ ਜਿੰਦਾ ਸ਼ਹੀਦ ਕਮੇਟੀ ਦੇ ਸਮੂਹ ਮੈਂਬਰ, ਐਸਐਚਓ ਗੁਰਮੁਖ ਸਿੰਘ, ਮਹਾਰਾਜਾ ਰਣਜੀਤ ਸਿੰਘ ਐਵਾਰਡੀ ਕਬੱਡੀ ਖਿਡਾਰਨ ਨੋਨਾ, ਜ਼ਿਲ੍ਹਾ ਪਰਿਸ਼ਦ ਮੈਂਬਰ ਜਰਨੈਲ ਸਿੰਘ ਲਾਲੀ, ਜ਼ਿਲ੍ਹਾ ਪਰਿਸ਼ਦ ਦੇ ਵਾਈਸ ਚੇਅਰਮੈਨ ਦੇਸ਼ਰਾਜ ਸੈਣੀ, ਬਲਾਕ ਸੰਮਤੀ ਮੈਂਬਰ ਤਿਲਕ ਰਾਜ ਪੰਮਾ, ਡਾਇਰੈਕਟਰ ਲੇਖ ਰਾਮ ਬਜਾੜ, ਐਨਸੀਸੀ ਅਕੈਡਮੀ ਰੂਪਨਗਰ ਦੇ ਅਧਿਕਾਰੀ, ਸੰਮਤੀ ਮੈਂਬਰ ਸਤਨਾਮ ਨਾਗਰਾ, ਮਨੀਸ਼ ਰੀਹਲ, ਤੇਜਿੰਦਰ ਸਿੰਘ, ਅਵਨੀਤ ਚੱਢਾ, ਸੰਜੀਵ ਮੋਠਾਪੁਰ, ਵਾਸ਼ਿੰਗਟਨ ਸਿੰਘ, ਹੇਮੰਤ ਸੈਣੀ, ਗੁਰਵਿੰਦਰ ਸਿੰਘ ਲਾਲਪੁਰ, ਜਤਿੰਦਰ ਸਿੰਘ ਕੋਚ, ਰਾਜਾ, ਨਿਰਮਲ ਸਿੰਘ ਰਾਣੂ, ਲਖਵਿੰਦਰ ਸੈਣੀ, ਨੀਰਜ ਵਸ਼ਿਸ਼ਟ, ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ, ਹਰਮੇਸ਼ ਸੈਣੀ, ਅਮਰਜੀਤ ਸੈਣੀ, ਹਰਦੀਪ ਸਿੰਘ ਸੀਏ, ਅਸ਼ੋਕ ਕੁਮਾਰ, ਸੁਰਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ, ਹੈਪੀ ਆਜਮਪੁਰ, ਨੂਰਪੁਰਬੇਦੀ ਦੇ ਸਮੁੱਚੇ ਡਾਕਟਰ, ਸਰਕਾਰੀ ਹਸਪਤਾਲ ਸਿੰਘਪੁਰ ਅਤੇ ਮੁਹੱਲਾ ਕਲੀਨਿਕ ਅਬਿਆਣਾ ਦੀਆਂ ਮੈਡੀਕਲ ਟੀਮਾਂ, ਪ੍ਰਧਾਨ ਦੀਪੀ ਕੋਲਾਪੁਰ, ਐਡਵੋਕੇਟ ਮੁਨੀਸ਼ ਪੁਰੀ ਤੋਂ ਇਲਾਵਾ ਹੋਰ ਪਤਵੰਤੇ ਅਤੇ ਵੱਡੀ ਗਿਣਤੀ ’ਚ ਇਲਾਕਾ ਵਾਸੀ ਹਾਜ਼ਰ ਸਨ।