ਵਿਧਾਇਕ ਡਾ. ਚਰਨਜੀਤ ਸਿੰਘ ਦੇ ਹੱਕ ’ਚ ਉੱਠੇ ਅਨੇਕਾਂ ਆਪ ਆਗੂਆਂ ਦੇ ਸੁਰ ਵਿਧਾਇਕ ਡਾ. ਚਰਨਜੀਤ ਸਿੰਘ ਦੇ ਹੱਕ ਵਿਚ ਉੱਠੇ ਅਨੇਕਾਂ ਆਪ ਆਗੂਆਂ ਦੇ ਸੁਰ
Publish Date: Sat, 14 Nov 2026 05:29 PM (IST)
Updated Date: Sat, 14 Nov 2026 05:30 PM (IST)
-ਟਿਕਟ ਕੱਟੇ ਜਾਣ ਤੋਂ ਨਾਰਾਜ਼ ਸਮਰਥਕਾਂ ਨੇ ਦਿੱਤਾ ਸਾਥ ਦੇਣ ਦਾ ਭਰੋਸਾ -ਕਿਹਾ, ਬਣਦਾ ਮਾਣ-ਸਤਿਕਾਰ ਨਾ ਮਿਲਿਆ ਤਾਂ ਲਏ ਜਾ ਸਕਦੇ ਹਨ ਵੱਡੇ ਫ਼ੈਸਲੇ ਅਮਰਜੀਤ ਧੀਮਾਨ, ਪੰਜਾਬੀ ਜਾਗਰਣ,ਮੋਰਿੰਡਾ: ਆਮ ਆਦਮੀ ਪਾਰਟੀ ਵੱਲੋਂ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਮੌਜੂਦਾ ਵਿਧਾਇਕ ਡਾ. ਚਰਨਜੀਤ ਸਿੰਘ ਦੀ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਟਿਕਟ ਕੱਟ ਕੇ ਜਸਵੀਰ ਸਿੰਘ ਗੜ੍ਹੀ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਪਾਰਟੀ ਅੰਦਰ ਵਿਰੋਧ ਦੇ ਸੁਰ ਤੇਜ਼ ਹੋਣ ਲੱਗੇ ਹਨ। ਡਾ. ਚਰਨਜੀਤ ਸਿੰਘ ਦੇ ਹੱਕ ’ਚ ਵਲੰਟੀਅਰਾਂ, ਪੰਚਾਂ-ਸਰਪੰਚਾਂ ਤੇ ਪਾਰਟੀ ਦੇ ਹੋਰ ਅਹੁਦੇਦਾਰਾਂ ਵੱਲੋਂ ਇਕਜੁੱਟਤਾ ਦਿਖਾਉਂਦਿਆਂ ਹਾਈਕਮਾਂਡ ਦੇ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਹੋਈ ਇੱਕ ਅਹਿਮ ਮੀਟਿੰਗ ’ਚ ਹਾਜ਼ਰ ਕੋਰ ਕਮੇਟੀ ਦੇ ਮੈਂਬਰਾਂ, ਵਲੰਟੀਅਰਾਂ, ਪੰਚਾਂ, ਸਰਪੰਚਾਂ ਤੇ ਬਲਾਕ ਸੰਮਤੀ ਤੇ ਨਗਰ ਕੌਂਸਲ ਮੋਰਿੰਡਾ ਤੇ ਘੜੂੰਆ ਦੇ ਕੌਸਲਰਾਂ ਨੇ ਡਾ. ਚਰਨਜੀਤ ਸਿੰਘ ਦੀ ਅਗਵਾਈ ’ਚ ਪੂਰਾ ਭਰੋਸਾ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਉਹ ਡਾ. ਚਰਨਜੀਤ ਸਿੰਘ ਦੇ ਨਾਲ ਚਟਾਨ ਵਾਂਗ ਖੜ੍ਹੇ ਹਨ ਤੇ ਭਵਿੱਖ ’ਚ ਉਨ੍ਹਾਂ ਵੱਲੋਂ ਲਏ ਜਾਣ ਵਾਲੇ ਹਰ ਫ਼ੈਸਲੇ ਦਾ ਸਮਰਥਨ ਕਰਨਗੇ। ਮੀਟਿੰਗ ਦੌਰਾਨ ਪਾਰਟੀ ਹਾਈਕਮਾਂਡ ਨੂੰ ਅਪੀਲ ਕੀਤੀ ਗਈ ਕਿ ਉਹ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਆਗੂਆਂ ਤੇ ਵਲੰਟੀਅਰਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਆਪਣੇ ਫ਼ੈਸਲੇ ’ਤੇ ਮੁੜ ਗੌਰ ਕਰੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਡਾ. ਚਰਨਜੀਤ ਸਿੰਘ ਨੇ ਆਪਣੇ ਪਿਛਲੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਹਲਕੇ ’ਚ ਕਰਵਾਏ ਵਿਕਾਸ ਕਾਰਜਾਂ ਦਾ ਵੇਰਵਾ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਹਲਕੇ ਦੇ 100 ਤੋਂ 150 ਤੋਂ ਵੱਧ ਪਿੰਡਾਂ ’ਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਹਲਕੇ ਦੇ ਲੋਕਾਂ ਦੀਆਂ ਲੋੜਾਂ ਤੇ ਵਿਕਾਸ ਕਾਰਜਾਂ ਨੂੰ ਪਹਿਲ ਦਿੱਤੀ ਹੈ ਤੇ ਕਦੇ ਵੀ ਆਪਣੇ ਨਿੱਜੀ ਹਿੱਤਾਂ ਲਈ ਮੁੱਖ ਮੰਤਰੀ ਜਾਂ ਪਾਰਟੀ ਹਾਈਕਮਾਂਡ ਕੋਲ ਕੋਈ ਮੰਗ ਨਹੀਂ ਰੱਖੀ। ਟਿਕਟ ਕੱਟੇ ਜਾਣ ’ਤੇ ਸਵਾਲ ਉਠਾਉਂਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਲਈ ਦਿਨ-ਰਾਤ ਮਿਹਨਤ ਕਰਨ ਤੇ ਹਲਕੇ ’ਚ ਵਿਕਾਸ ਕਾਰਜ ਕਰਵਾਉਣ ਦੇ ਬਾਵਜੂਦ ਉਨ੍ਹਾਂ ਨੂੰ ਇਸ ਫ਼ੈਸਲੇ ਦਾ ਸਾਹਮਣਾ ਕਿਉਂ ਕਰਨਾ ਪਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਹਮੇਸ਼ਾ ਹਲਕੇ ਦੇ ਵਿਕਾਸ ਨਾਲ ਸਬੰਧਤ ਰਹੀਆਂ ਹਨ, ਨਾ ਕਿ ਕਿਸੇ ਨਿੱਜੀ ਲਾਭ ਨਾਲ। ਉਨ੍ਹਾਂ ਨੇ ਕਿਹਾ ਕਿ ਵਲੰਟੀਅਰਾਂ ਤੇ ਅਹੁਦੇਦਾਰਾਂ ਵੱਲੋਂ ਜੋ ਫ਼ੈਸਲਾ ਲਿਆ ਗਿਆ ਹੈ, ਉਹ ਉਸ ਦੇ ਨਾਲ ਖੜ੍ਹੇ ਹਨ। ਪਾਰਟੀ ਹਾਈਕਮਾਂਡ ਨੂੰ ਉਨ੍ਹਾਂ ਦਾ ਪੱਖ ਤੇ ਵਲੰਟੀਅਰਾਂ ਦੀਆਂ ਭਾਵਨਾਵਾਂ ਗੰਭੀਰਤਾ ਨਾਲ ਸਮਝਣੀਆਂ ਚਾਹੀਦੀਆਂ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਹ ਚੋਣ ਮੈਦਾਨ ’ਚ ਡਟੇ ਰਹਿਣਗੇ ਤੇ ਅੱਗੇ ਦੀ ਰਣਨੀਤੀ ਵਲੰਟੀਅਰਾਂ ਤੇ ਸਮਰਥਕਾਂ ਨਾਲ ਵਿਚਾਰ-ਵਟਾਂਦਰਾ ਕਰਕੇ ਹੀ ਤੈਅ ਕੀਤੀ ਜਾਵੇਗੀ। ਮੀਟਿੰਗ ’ਚ ਮੌਜੂਦ ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਹਾਈਕਮਾਂਡ ਨੇ ਇਸ ਮਾਮਲੇ ’ਚ ਕੋਈ ਠੋਸ ਕਦਮ ਨਾ ਚੁੱਕਿਆ ਤੇ ਡਾ. ਚਰਨਜੀਤ ਸਿੰਘ ਨੂੰ ਉਨ੍ਹਾਂ ਦੀਆਂ ਸੇਵਾਵਾਂ ਅਨੁਸਾਰ ਬਣਦਾ ਮਾਣ-ਸਤਿਕਾਰ ਨਾ ਦਿੱਤਾ ਤਾਂ ਵਲੰਟੀਅਰਾਂ ਵੱਲੋਂ ਆਉਣ ਵਾਲੇ ਦਿਨਾਂ ’ਚ ਹੋਰ ਸਖ਼ਤ ਫ਼ੈਸਲੇ ਵੀ ਲਏ ਜਾ ਸਕਦੇ ਹਨ। ਇਸ ਘਟਨਾਕ੍ਰਮ ਨੇ ਸ੍ਰੀ ਚਮਕੌਰ ਸਾਹਿਬ ਹਲਕੇ ਦੀ ਸਿਆਸਤ ’ਚ ਨਵੀਂ ਚਰਚਾ ਛੇੜ ਦਿੱਤੀ ਹੈ। ਹੁਣ ਦੇਖਣਾ ਹੋਵੇਗਾ ਕਿ ਪਾਰਟੀ ਹਾਈਕਮਾਂਡ ਇਸ ਵਧ ਰਹੀ ਨਾਰਾਜ਼ਗੀ ਨੂੰ ਦੂਰ ਕਰਨ ਲਈ ਕੀ ਕਦਮ ਚੁੱਕਦੀ ਹੈ ਤੇ ਕੀ ਡਾ. ਚਰਨਜੀਤ ਸਿੰਘ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਮਨਾਉਣ ’ਚ ਸਫ਼ਲ ਹੋ ਪਾਉਂਦੀ ਹੈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮਾਰਕੀਟ ਕਮੇਟੀ ਮੋਰਿੰਡਾ ਦੇ ਚੇਅਰਮੈਨ ਕੇਸਰ ਸਿੰਘ ਸਮਾਣਾ, ਸ਼ੂਗਰ ਮਿੱਲ ਮੋਰਿੰਡਾ ਦੇ ਵਾਈਸ ਚੇਅਰਮੈਨ ਸੁਰਿੰਦਰ ਸਿੰਘ ਬੁੱਗਾ ਚੈੜੀਆਂ, ਮਾਰਕੀਟ ਕਮੇਟੀ ਸ੍ਰੀ ਚਮਕੌਰ ਸਾਹਿਬ ਦੇ ਸਾਬਕਾ ਚੇਅਰਮੈਨ ਸਿਕੰਦਰ ਸਿੰਘ ਸਹੇੜੀ, ਵਾਈਸ ਚੇਅਰਮੈਨ ਨਿਰਪਾਲ ਸਿੰਘ ਮੰਡੇਰ, ਨਗਰ ਕੌਂਸਲ ਘੜੂੰਆਂ ਦੇ ਕੌਂਸਲਰ ਨਰਿੰਦਰ ਸਿੰਘ ਸ਼ੁਕਰੁੱਲਾਪੁਰ, ਨਗਰ ਕੌਂਸਲ ਮੋਰਿੰਡਾ ਦੇ ਕੌਂਸਲਰ ਅੰਮ੍ਰਿਤਪਾਲ ਸਿੰਘ ਖਟੜਾ, ਕੌਂਸਲਰ ਹਰਜੀਤ ਸਿੰਘ ਸੋਢੀ, ਕੌਂਸਲਰ ਹਰਜਿੰਦਰ ਸਿੰਘ ਛਿੱਬਰ, ਨੰਬਰਦਾਰ ਰੁਪਿੰਦਰ ਸਿੰਘ ਭਿਚਰਾ, ਵਰਿੰਦਰ ਸਿੰਘ, ਵਾਈਸ ਚੇਅਰਮੈਨ ਨਿਰਪਾਲ ਸਿੰਘ ਮੰਡੇਰ, ਦਲਜੀਤ ਸਿੰਘ, ਤੇਜਿੰਦਰ ਸਿੰਘ ਬਿੱਲੂ ਕਲਾਰਾਂ, ਅਮਰਜੀਤ ਸਿੰਘ ਬਾਲਸੰਢਾ, ਗਿੱਲ ਮੋਰਿੰਡਾ, ਜਸਵੀਰ ਕੌਰ ਧੜਾਕ, ਡਾ. ਦਲਜੀਤ ਕੌਰ, ਮਨਜੀਤ ਕੌਰ ਰਾਏ, ਸਿਆਸੀ ਸਲਾਹਕਾਰ ਜਗਤਾਰ ਸਿੰਘ ਘੜੂੰਆਂ, ਸਰਪੰਚ ਬਲਰਾਮ ਸਿੰਘ ਤੇ ਇਲਾਕੇ ਦੇ ਹੋਰ ਪੰਚ ਸਰਪੰਚ ਵੀ ਸ਼ਾਮਲ ਸਨ।