ਆਰਬੀਯੂ ਵਿਖੇ ਨੌਜਵਾਨ ਉੱਦਮੀਆਂ ਨਾਲ ਰੂ-ਬ-ਰੂ ਹੋਏ ਮਨੀਸ਼ ਸਿਸੋਦੀਆ ਆਰਬੀਯੂ ਵਿਖੇ ਨੌਜਵਾਨ ਉੱਦਮੀਆਂ ਨਾਲ ਰੂ-ਬ-ਰੂ ਹੋਏ ਮਨੀਸ਼ ਸਿਸੋਦੀਆ
Publish Date: Mon, 24 Aug 2026 05:49 PM (IST)
Updated Date: Mon, 24 Aug 2026 05:51 PM (IST)
ਨੌਜਵਾਨਾਂ ਨੂੰ ਉੱਦਮਤਾ ਅਤੇ ਸਫਲਤਾ ਲਈ ਦ੍ਰਿੜਤਾ, ਨਵੀਨਤਾ ਤੇ ਮਿਹਨਤ ਦਾ ਸੰਦੇਸ਼ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਰਿਆਤ ਬਾਹਰਾ ਯੂਨੀਵਰਸਿਟੀ (ਆਰਬੀਯੂ) ਵਿਖੇ ਨੌਜਵਾਨ ਉੱਦਮੀਆਂ ਅਤੇ ਕਾਰੋਬਾਰੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਇਹ ਵਿਸ਼ੇਸ਼ ਸੰਵਾਦ ਯੂਨੀਵਰਸਿਟੀ ਦੇ ਉੱਦਮਤਾ ਸੈੱਲ ਵੱਲੋਂ ਕਰਵਾਇਆ ਗਿਆ। ਇਸ ਮੌਕੇ ਡਾਇਰੈਕਟਰ ਉੱਦਮਤਾ ਸੈੱਲ ਡਾ.ਸਿੰਮੀ ਪ੍ਰਕਾਸ਼ ਨੇ ਦੱਸਿਆ ਕਿ ਇਸ ਸੰਵਾਦ ਦਾ ਉਦੇਸ਼ ਨੌਜਵਾਨਾਂ ਨੂੰ ਉੱਦਮਤਾ, ਨਵੀਨਤਾ ਅਤੇ ਲੀਡਰਸ਼ਿਪ ਦੇ ਖੇਤਰਾਂ ਵਿਚ ਪ੍ਰੇਰਿਤ ਕਰਨਾ ਸੀ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦੌਰਾਨ ਨੌਜਵਾਨ ਉੱਦਮੀਆਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਅਤੇ ਕਾਰੋਬਾਰੀ ਉੱਦਮ ਸਥਾਪਤ ਕਰਨ ਤੇ ਉਨ੍ਹਾਂ ਨੂੰ ਸਫਲਤਾਪੂਰਵਕ ਅੱਗੇ ਵਧਾਉਣ ਦੌਰਾਨ ਦਰਪੇਸ਼ ਚੁਣੌਤੀਆਂ ਸਬੰਧੀ ਅਹਿਮ ਜਾਣਕਾਰੀ ਅਤੇ ਮਾਰਗਦਰਸ਼ਨ ਪ੍ਰਾਪਤ ਕਰਨ ਦਾ ਮੌਕਾ ਮਿਲਿਆ। ਇਸ ਮੌਕੇ ਮਨੀਸ਼ ਸਿਸੋਦੀਆ ਨੇ ਨੌਜਵਾਨਾਂ ਵਿਚ ਉੱਦਮੀ ਮਾਨਸਿਕਤਾ ਵਿਕਸਿਤ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਵਿਚਾਰਾਂ ਨੂੰ ਹਕੀਕਤ ਵਿਚ ਬਦਲਣ ਲਈ ਦ੍ਰਿੜ੍ਹਤਾ, ਨਵੀਨਤਾ ਅਤੇ ਉਦੇਸ਼ ਪ੍ਰਤੀ ਮਜ਼ਬੂਤ ਵਚਨਬੱਧਤਾ ਨਾਲ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਸਿਰਜਣਾਤਮਕ ਸਮਰੱਥਾ ਨੂੰ ਸਹੀ ਦਿਸ਼ਾ ਦੇਣ ਲਈ ਅਜਿਹਾ ਮਾਹੌਲ ਸਿਰਜਣ ਦੀ ਲੋੜ ਹੈ, ਜੋ ਹੁਨਰ ਵਿਕਾਸ, ਨਵੀਨਤਾਕਾਰੀ ਸੋਚ ਅਤੇ ਨਵੇਂ ਮੌਕਿਆਂ ਨੂੰ ਉਤਸ਼ਾਹਿਤ ਕਰੇ। ਉਨ੍ਹਾਂ ਕਿਹਾ ਕਿ ਉੱਦਮਤਾ ਸਿਰਫ਼ ਕਾਰੋਬਾਰ ਸਥਾਪਤ ਕਰਨ ਤੱਕ ਹੀ ਸੀਮਿਤ ਨਹੀਂ ਹੈ, ਸਗੋਂ ਇਸ ਦਾ ਮਕਸਦ ਸਮੱਸਿਆਵਾਂ ਦੀ ਪਛਾਣ ਕਰਨਾ, ਉਨ੍ਹਾਂ ਦੇ ਨਵੀਨਤਾਕਾਰੀ ਹੱਲ੍ਹ ਲੱਭਣਾ ਵੀ ਹੈ । ਰਿਆਤ ਬਾਹਰਾ ਯੂਨੀਵਰਸਿਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਵੀ ਇਸ ਮੌਕੇ ਮੌਜੂਦ ਸਨ। ਉਨ੍ਹਾਂ ਨੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਸਸ਼ਕਤ ਬਣਾਉਣ ਵਿੱਚ ਯੂਨੀਵਰਸਿਟੀਆਂ ਦੀ ਅਹਿਮ ਭੂਮਿਕਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਆਰਬੀਯੂ ਦੇ ਵਾਈਸ ਚਾਂਸਲਰ ਪ੍ਰੋ.ਡਾ.ਸੰਜੇ ਕੁਮਾਰ ਨੇ ਮਨੀਸ਼ ਸਿਸੋਦੀਆ ਦਾ ਸਵਾਗਤ ਕਰਦਿਆਂ ਉੱਦਮਤਾ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਵਾਈਸ-ਚੇਅਰਮੈਨ ਗੁਰਿੰਦਰ ਸਿੰਘ ਬਾਹਰਾ ਵੀ ਮੌਜੂਦ ਸਨ। ਇਸ ਸੰਵਾਦ ਦੌਰਾਨ ਨੌਜਵਾਨ ਉੱਦਮੀਆਂ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਮਨੀਸ਼ ਸਿਸੋਦੀਆ ਨਾਲ ਵੱਖ-ਵੱਖ ਮੁੱਦਿਆਂ ’ਤੇ ਸਵਾਲ-ਜਵਾਬ ਕੀਤੇ ਅਤੇ ਆਪਣੇ ਅਨੁਭਵ ਸਾਂਝੇ ਕੀਤੇ।