ਪੁਨਰ ਸੁਰਜੀਤ ਅਕਾਲੀ ਦਲ ਨੂੰ ਵੱਡਾ ਝਟਕਾ ਪੁਨਰ ਸੁਰਜੀਤ ਅਕਾਲੀ ਦਲ ਨੂੰ ਵੱਡਾ ਝਟਕਾ
Publish Date: Thu, 05 Nov 2026 05:16 PM (IST)
Updated Date: Thu, 05 Nov 2026 05:17 PM (IST)
ਕਈ ਆਗੂਆਂ ਨੇ ਦਿੱਤੇ ਅਸਤੀਫ਼ੇ ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ’ਚ ਡਟਣ ਦਾ ਕੀਤਾ ਐਲਾਨ ਸ੍ਰੀ ਅਨੰਦਪੁਰ ਸਾਹਿਬ, ਪੁਨਰ ਸੁਰਜੀਤ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਸਿਆਸੀ ਝਟਕਾ ਲੱਗਾ ਜਦੋਂ ਪਾਰਟੀ ਦੇ ਕਈ ਅਹੁਦੇਦਾਰਾਂ ਤੇ ਵਰਕਰਾਂ ਨੇ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰਦਿਆਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਨਾਲ ਖੜ੍ਹਨ ਦਾ ਫੈਸਲਾ ਕੀਤਾ। ਇਸ ਸਬੰਧੀ ਇੰਦਰਜੀਤ ਸਿੰਘ ਬੇਦੀ ਜ਼ਿਲ੍ਹਾ ਡੈਲੀਗੇਟ, ਸੁਰਜੀਤ ਸਿੰਘ ਚਹੜ ਮਜਾਰਾ ਜ਼ਿਲ੍ਹਾ ਡੈਲੀਗੇਟ ਤੇ ਪਰਮਜੀਤ ਸਿੰਘ ਪੰਮਾ ਸਰਕਲ ਪ੍ਰਧਾਨ ਸ੍ਰੀ ਅਨੰਦਪੁਰ ਸਾਹਿਬ ਨੇ ਕਿਹਾ ਕਿ ਉਹ ਅੱਜ ਪੁਨਰ ਸੁਰਜੀਤ ਅਕਾਲੀ ਦਲ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਇਹ ਹੱਕ ਦਿੰਦੇ ਹਨ ਕਿ ਉਹ ਪੰਜਾਬ ਦੀ ਭਲਾਈ ਤੇ ਪੰਥਕ ਏਕਤਾ ਲਈ ਜੋ ਵੀ ਫੈਸਲਾ ਲੈਣਗੇ, ਉਹ ਉਸ ਫੈਸਲੇ ’ਚ ਉਨ੍ਹਾਂ ਦੇ ਨਾਲ ਡਟ ਕੇ ਖੜ੍ਹੇ ਰਹਿਣਗੇ। ਇਸ ਮੌਕੇ ਪ੍ਰੋਫੈਸਰ ਹਰਦੀਪ ਸਿੰਘ ਜ਼ਿਲ੍ਹਾ ਡੈਲੀਗੇਟ, ਜਸਵਿੰਦਰ ਸਿੰਘ ਸੋਨੂ ਜ਼ਿਲ੍ਹਾ ਡੈਲੀਗੇਟ, ਅਜੀਤ ਸਿੰਘ ਡੈਲੀਗੇਟ, ਹਰਭਜਨ ਸਿੰਘ ਸਿਆਣੀ ਡੈਲੀਗੇਟ ਸਮੇਤ ਹੋਰ ਕਈ ਵਰਕਰਾਂ ਨੇ ਵੀ ਪਾਰਟੀ ਨੂੰ ਅਲਵਿਦਾ ਕਹਿਣ ਦਾ ਐਲਾਨ ਕੀਤਾ। ਇੰਦਰਜੀਤ ਸਿੰਘ ਬੇਦੀ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਦੌਰਾਨ ਕਾਂਗਰਸ ਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਦੇ ਕਾਰਜਕਾਲ ’ਚ ਪੰਜਾਬ ਨਸ਼ਿਆਂ ਤੇ ਕਰਜ਼ੇ ਦੀ ਦਲਦਲ ’ਚ ਫਸਦਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਕਾਸ ਦੇ ਨਾਂ ਉੱਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਜਦਕਿ ਬੇਰੁਜ਼ਗਾਰੀ, ਗੈਂਗਸਟਰਵਾਦ, ਕਿਸਾਨੀ ਸੰਕਟ ਤੇ ਵਪਾਰਕ ਮੰਦਹਾਲੀ ਵਰਗੀਆਂ ਸਮੱਸਿਆਵਾਂ ਗੰਭੀਰ ਰੂਪ ਧਾਰਨ ਕਰ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਇੱਕ ਮਜ਼ਬੂਤ ਖੇਤਰੀ ਪਾਰਟੀ ਤੋਂ ਹੀ ਵੱਡੀਆਂ ਉਮੀਦਾਂ ਹਨ ਤੇ ਇਸ ਮਕਸਦ ਦੀ ਪੂਰਤੀ ਲਈ ਪੰਥਕ ਏਕਤਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦਾ ਬਿਗਲ ਕਿਸੇ ਵੀ ਸਮੇਂ ਵੱਜ ਸਕਦਾ ਹੈ, ਪਰ ਪੰਥਕ ਧਿਰਾਂ ਵੱਖ-ਵੱਖ ਪਾਰਟੀਆਂ ਬਣਾ ਕੇ ਆਪਣੀ-ਆਪਣੀ ਸਿਆਸੀ ਸਰਗਰਮੀ ਚਲਾ ਰਹੀਆਂ ਹਨ। ਇਸ ਕਾਰਨ ਲੋਕਾਂ ਦਾ ਵਿਸ਼ਵਾਸ ਵੀ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਸਮੂਹ ਪੰਥਕ ਜਥੇਬੰਦੀਆਂ ਤੇ ਆਗੂਆਂ ਨੂੰ ਇਕ ਮੰਚ ਉੱਤੇ ਇਕੱਠੇ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਤੇ ਕੌਮ ਦੀ ਚੜ੍ਹਦੀ ਕਲਾ ਲਈ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ ਤੇ ਉਹ ਪ੍ਰੋਫੈਸਰ ਚੰਦੂਮਾਜਰਾ ਦੇ ਹਰ ਉਸ ਫੈਸਲੇ ਨਾਲ ਖੜ੍ਹੇ ਰਹਿਣਗੇ, ਜੋ ਪੰਜਾਬ ਦੀ ਭਲਾਈ ਤੇ ਪੰਥਕ ਏਕਤਾ ਦੇ ਹਿੱਤ ’ਚ ਹੋਵੇਗਾ।