- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੰਗਲ ਤੋਂ ਸ੍ਰੀ ਆਨੰਦਪੁਰ ਸਾਹਿਬ ਮੁੱਖ ਮਾਰਗ ’ਤੇ ਸਥਿਤ ਪਿੰਡ ਦੜੋਲੀ ਗੇਟ ਦੇ ਨੇੜੇ ਇੱਕ ਸੜਕ ਹਾਦਸਾ ਵਾਪਰਿਆ ਹੈ। ਹਿਮਾਚਲ ਪ੍ਰਦੇਸ਼ ਦੇ ਊਨਾ ਵਿਖੇ ਸਥਿਤ ਪ੍ਰਸਿੱਧ ਧਾਰਮਿਕ ਸਥਾਨ ਪੀਰ ਨਿਗਾਹਾ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਸ਼ਰਧਾਲੂਆਂ ਨਾਲ ਭਰੀ ਇੱਕ ਮਹਿੰਦਰਾ ਪਿਕਅੱਪ ਗੱਡੀ ਅਚਾਨਕ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਉਤਰ ਕੇ ਨਾਲੇ ਵਿੱਚ ਜਾ ਪਲਟੀ।

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਨੰਗਲ ਤੋਂ ਸ੍ਰੀ ਆਨੰਦਪੁਰ ਸਾਹਿਬ ਮੁੱਖ ਮਾਰਗ ’ਤੇ ਸਥਿਤ ਪਿੰਡ ਦੜੋਲੀ ਗੇਟ ਦੇ ਨੇੜੇ ਇੱਕ ਸੜਕ ਹਾਦਸਾ ਵਾਪਰਿਆ ਹੈ। ਹਿਮਾਚਲ ਪ੍ਰਦੇਸ਼ ਦੇ ਊਨਾ ਵਿਖੇ ਸਥਿਤ ਪ੍ਰਸਿੱਧ ਧਾਰਮਿਕ ਸਥਾਨ ਪੀਰ ਨਿਗਾਹਾ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਸ਼ਰਧਾਲੂਆਂ ਨਾਲ ਭਰੀ ਇੱਕ ਮਹਿੰਦਰਾ ਪਿਕਅੱਪ ਗੱਡੀ ਅਚਾਨਕ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਉਤਰ ਕੇ ਨਾਲੇ ਵਿੱਚ ਜਾ ਪਲਟੀ। ਇਸ ਹਾਦਸੇ ਵਿੱਚ ਗੱਡੀ ਸਵਾਰ ਕਰੀਬ 17-18 ਸ਼ਰਧਾਲੂ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚ ਬੱਚੇ, ਔਰਤਾਂ ਅਤੇ ਮਰਦ ਸ਼ਾਮਲ ਹਨ। ਇਹ ਸਾਰੇ ਸ਼ਰਧਾਲੂ ਨੂਰਪੁਰ ਬੇਦੀ ਦੇ ਪਿੰਡ ਹਯਾਤਪੁਰ ਬਾੜੇ ਦੇ ਰਹਿਣ ਵਾਲੇ ਹਨ ਅਤੇ ਆਪਸ ਵਿੱਚ ਰਿਸ਼ਤੇਦਾਰ ਦੱਸੇ ਜਾ ਰਹੇ ਹਨ।
ਪੁਲਿਸ ਅਤੇ ਮੌਕੇ ’ਤੇ ਪਹੁੰਚੇ ਐਂਬੂਲੈਂਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ, ਹਾਦਸਾ ਉਸ ਵੇਲੇ ਵਾਪਰਿਆ ਜਦੋਂ ਗੱਡੀ ਦੇ ਡਰਾਈਵਰ ਨੂੰ ਅਚਾਨਕ ਨੀਂਦ ਆ ਗਈ। ਨੀਂਦ ਆਉਣ ਕਾਰਨ ਡਰਾਈਵਰ ਤੋਂ ਗੱਡੀ ਬੇਕਾਬੂ ਹੋ ਗਈ ਤੇ ਸਿੱਧੀ ਨਾਲੇ ਵਿੱਚ ਜਾ ਡਿੱਗੀ । ਗੱਡੀ ਵਿੱਚ ਸਵਾਰ ਇੱਕ ਸ਼ਰਧਾਲੂ ਨੇ ਦੱਸਿਆ ਕਿ ਪਿਕਅੱਪ ਦੇ ਡਾਲੇ ਵਿੱਚ ਕਰੀਬ 15-16 ਲੋਕ ਸਵਾਰ ਸਨ ਅਤੇ ਉਹ ਸਾਰੇ ਮੱਥਾ ਟੇਕ ਕੇ ਆਪਣੇ ਪਿੰਡ ਵਾਪਸ ਆ ਰਹੇ ਸਨ, ਜਦੋਂ ਅਚਾਨਕ ਇਹ ਭਾਣਾ ਵਰਤ ਗਿਆ। ਹਾਦਸਾ ਹੁੰਦਿਆਂ ਹੀ ਆਸ-ਪਾਸ ਦੇ ਸਥਾਨਕ ਲੋਕ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਗੱਡੀ ਵਿੱਚ ਫਸੇ ਸ਼ਰਧਾਲੂਆਂ ਨੂੰ ਬਾਹਰ ਕੱਢਿਆ। ਘਟਨਾ ਦੀ ਸੂਚਨਾ ਮਿਲਦੇ ਹੀ 112 ਨੰਬਰ ਦੀ ਕਾਲ ’ਤੇ ਪੁਲਿਸ ਪ੍ਰਸ਼ਾਸਨ, ਸੜਕ ਸੁਰੱਖਿਆ ਫੋਰਸ (ਐਸਐਸਐਫ) ਅਤੇ 108 ਐਂਬੂਲੈਂਸ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ। ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਨਜ਼ਦੀਕੀ ਸਿਵਲ ਹਸਪਤਾਲ ਨੰਗਲ ਵਿਖੇ ਦਾਖ਼ਲ ਕਰਵਾਇਆ ਗਿਆ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਿੱਚ ਜ਼ਖ਼ਮੀ ਹੋਏ 17-18 ਲੋਕਾਂ ਵਿੱਚੋਂ ਦੋ ਗੰਭੀਰ ਜ਼ਖ਼ਮੀਆਂ ਨੂੰ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਰੈਫਰ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਚਾਰ ਸ਼ਰਧਾਲੂਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਦੇ ਸੀ.ਟੀ. ਸਕੈਨ ਅਤੇ ਅਗਲੇ ਇਲਾਜ ਲਈ ਸੈਕਟਰ-32 ਹਸਪਤਾਲ (ਚੰਡੀਗੜ੍ਹ) ਰੈਫਰ ਕੀਤਾ ਗਿਆ ਹੈ। ਬਾਕੀ ਸਾਰੇ ਸ਼ਰਧਾਲੂਆਂ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਮੌਕੇ ਦਾ ਜਾਇਜ਼ਾ ਲੈ ਕੇ ਮਾਮਲੇ ਦੀ ਅਗਲੇਰੀ ਕਾਰਵਾਈ ਅਤੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।