ਖ਼ਾਲਸਾ ਰਾਜ ਦੀ ਇਤਿਹਾਸਕ ਹੱਦ ਨੇੜੇ ਬਣੇਗਾ ‘ਮਹਾਰਾਜਾ ਰਣਜੀਤ ਸਿੰਘ ਗੇਟ’ ਖਾਲਸਾ ਰਾਜ ਦੀ ਇਤਿਹਾਸਕ ਹੱਦ ਨੇੜੇ ਬਣੇਗਾ ‘ਮਹਾਰਾਜਾ ਰਣਜੀਤ ਸਿੰਘ ਗੇਟ’
Publish Date: Wed, 23 Sep 2026 05:03 PM (IST)
Updated Date: Wed, 23 Sep 2026 05:06 PM (IST)
ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ: ਸਤਲੁੱਜ ਦਰਿਆਂ ਦੇ ਕੰਢੇ ਖਾਲਸਾ ਰਾਜ ਦੀ ਵਿਰਾਸਤੀ ਚੌਕੀ ਦੀ ਹੱਦ ਨੇੜੇ ‘ਮਹਾਰਾਜਾ ਰਣਜੀਤ ਸਿੰਘ ਗੇਟ’ ਦਾ ਨਿਰਮਾਣ ਕੀਤਾ ਜਾਵੇਗਾ, ਜਿਸ ਦੇ ਸਬੰਧ ਵਿਚ ਬੁੱਧਵਾਰ ਨੂੰ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਮੌਕੇ ’ਤੇ ਪਹੁੰਚ ਕੇ ਗੇਟ ਦੀ ਉਸਾਰੀ ਸਬੰਧੀ ਵਿਸਥਾਰਪੂਰਵਕ ਵਿਉਂਤਬੰਦੀ ਕੀਤੀ। ਇਸ ਮੌਕੇ ਵਿਧਾਇਕ ਚੱਢਾ ਨੇ ਕਿਹਾ ਕਿ ਰੂਪਨਗਰ ਅਤੇ ਆਸ-ਪਾਸ ਦਾ ਇਲਾਕਾ ਇਤਿਹਾਸਕ ਪੱਖੋਂ ਬੇਹੱਦ ਮਹੱਤਵਪੂਰਨ ਹੈ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਖ਼ਾਲਸਾ ਰਾਜ ਨਾਲ ਜੁੜੀਆਂ ਇਤਿਹਾਸਕ ਨਿਸ਼ਾਨੀਆਂ ਸਾਡੀ ਵਿਰਾਸਤੀ ਧਰੋਹਰ ਹਨ। ਇਨ੍ਹਾਂ ਇਤਿਹਾਸਕ ਸਥਾਨਾਂ ਨੂੰ ਲੋਕਾਂ ਨਾਲ ਜੋੜਨ ਅਤੇ ਇਲਾਕੇ ਦੀ ਇਤਿਹਾਸਕ ਮਹੱਤਤਾ ਨੂੰ ਉਜਾਗਰ ਕਰਨ ਲਈ ਲੋੜੀਂਦੇ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸੰਗਤਾਂ ਦੇ ਉੱਪਰ ਇਤਿਹਾਸਕ ਚੌਂਕੀ ਤੇ ਜਾਣ ਲਈ ਪੌੜੀਆਂ ਬਣਾਈਆਂ ਗਈਆਂ ਤਾਂ ਜੋਂ ਦੂਰ ਦੂਰਾਡਿਓ ਆਉਣ ਵਾਲੀ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ। ਵਿਧਾਇਕ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਗੇਟ ਦੀ ਉਸਾਰੀ ਸਬੰਧੀ ਲੋੜੀਂਦੀ ਵਿਉਂਤਬੰਦੀ, ਸਥਾਨ ਦੀ ਯੋਗਤਾ, ਪਹੁੰਚ ਮਾਰਗ ਅਤੇ ਹੋਰ ਤਕਨੀਕੀ ਪਹਿਲੂਆਂ ਨੂੰ ਧਿਆਨ ਵਿਚ ਰੱਖਦਿਆਂ ਕਾਰਵਾਈ ਅੱਗੇ ਵਧਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਇਤਿਹਾਸਕ ਸਥਾਨਾਂ ਦੇ ਵਿਕਾਸ ਕਾਰਜਾਂ ਵਿਚ ਗੁਣਵੱਤਾ ਅਤੇ ਸੁਚੱਜੀ ਯੋਜਨਾਬੰਦੀ ਨੂੰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਤਿਹਾਸਕ ਵਿਰਾਸਤ ਸਿਰਫ਼ ਬੀਤੇ ਸਮੇਂ ਦੀ ਯਾਦ ਨਹੀਂ ਹੁੰਦੀ, ਸਗੋਂ ਇਹ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸ ਅਤੇ ਵਿਰਸੇ ਨਾਲ ਜੋੜਨ ਦਾ ਮਹੱਤਵਪੂਰਨ ਸਾਧਨ ਵੀ ਹੁੰਦੀ ਹੈ। ਇਸ ਲਈ ਇਲਾਕੇ ਵਿੱਚ ਮੌਜੂਦ ਇਤਿਹਾਸਕ ਸਥਾਨਾਂ ਦੀ ਸੰਭਾਲ, ਪਹੁੰਚ ਅਤੇ ਸੁੰਦਰੀਕਰਨ ਲਈ ਲੋੜੀਂਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਐਸਐਸ. ਭੁੱਲਰ, ਜੇਈ ਸੰਦੀਪ ਰਾਏ, ਜ਼ਿਲ੍ਹਾ ਪਰਿਸ਼ਦ ਮੈਂਬਰ ਜਰਨੈਲ ਸਿੰਘ ਲਾਲੀ, ਜ਼ਿਲ੍ਹਾ ਪਰਿਸ਼ਦ ਵਾਈਸ ਚੇਅਰਮੈਨ ਦੇਸ਼ਰਾਜ ਸੈਣੀ, ਐਡਵੋਕੇਟ ਗੁਰਪ੍ਰੀਤ ਸਿੰਘ, ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ, ਰਕੇਸ਼ ਚੌਧਰੀ, ਜਸਵੀਰ ਸਿੰਘ ਨਲੋਟੀ ਅਤੇ ਬਲਬੀਰ ਸਿੰਘ ਟੇਡੇਵਾਲ ਸਮੇਤ ਹੋਰ ਪਤਵੰਤੇ ਹਾਜ਼ਰ ਸਨ।