ਮੰਤਰੀ-ਵਿਧਾਇਕ ਦੀ ਸ਼ਹਿ ’ਤੇ ਚੱਲ ਰਿਹੈ ਮਾਫ਼ੀਆ ਰਾਜ : ਅਸ਼ਵਨੀ ਸ਼ਰਮਾ ਮੰਤਰੀ-ਵਿਧਾਇਕ ਦੀ ਸ਼ਹਿ ਤੇ ਚੱਲ ਰਿਹਾ ਹੈ ਮਾਫੀਆ ਰਾਜ - ਅਸ਼ਵਨੀ ਸ਼ਰਮਾ
Publish Date: Tue, 27 Oct 2026 06:25 PM (IST)
Updated Date: Tue, 27 Oct 2026 06:28 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਜ਼ਿਲ੍ਹੇ ’ਚ ਚੱਲ ਰਹੀ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੂਬਾ ਸਰਕਾਰ ਤੇ ਵੱਡਾ ਹਮਲਾ ਬੋਲਿਆ ਹੈ। ਉਨ੍ਹਾਂ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਜ਼ਿਲ੍ਹੇ ’ਚ ਮਾਈਨਿੰਗ ਦੇ ਨਾਮ ’ਤੇ ਪੰਜਾਬ ਦੇ ਸਾਧਨਾਂ ਦੀ ਸਰੇਆਮ ਲੁੱਟ ਹੋ ਰਹੀ ਹੈ ਤੇ ਇਸ ਲੁੱਟ ਲਈ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਸਿੱਧੇ ਤੌਰ ਤੇ ਸਵਾਲਾਂ ਦੇ ਘੇਰੇ ’ਚ ਹਨ। ਉਨ੍ਹਾਂ ਕਿਹਾ ਕਿ ਸਤਲੁਜ ਦਰਿਆ ਅਤੇ ਸਵਾਂ ਨਦੀ ਦੇ ਕੰਢਿਆਂ ਤੇ ਦਿਨ-ਰਾਤ ਵੱਡੀਆਂ ਮਸ਼ੀਨਾਂ ਨਾਲ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਪੰਜਾਬ ਦੇ ਖਜ਼ਾਨੇ ਨੂੰ ਲੱਖਾਂ-ਕਰੋੜਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ। ਸ਼ਰਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਪਹਿਲਾਂ ਵੀ ਇਸ ਮੁੱਦੇ ਤੇ ਮੰਤਰੀ ਅਤੇ ਹਲਕਾ ਵਿਧਾਇਕ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕ ਚੁੱਕੀ ਹੈ। ਪਰ ਸਰਕਾਰ ਨੇ ਮੁੱਦੇ ਨੂੰ ਦਬਾਉਣ ਲਈ ਸਾਡੇ ਬਲਾਕ ਪ੍ਰਧਾਨ ਹਿਮਾਂਸ਼ੂ ਟੰਡਨ ਤੇ ਨਜਾਇਜ਼ ਪਰਚਾ ਦਰਜ ਕਰਕੇ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਇੱਕ ਤਾਜ਼ਾ ਘਟਨਾਕ੍ਰਮ ’ਚ ਇਲਾਕੇ ਦੇ ਨੌਜਵਾਨ ਮਨਜੀਤ ਸਿੰਘ ਉਰਫ ਕਾਲੂ ਤੇ ਕੀਤਾ ਗਿਆ ਨਜਾਇਜ਼ ਤਸ਼ੱਦਦ ਇਸ ਗੱਲ ਦਾ ਪ੍ਰਤੀਕ ਹੈ ਕਿ ਮੰਤਰੀ ਅਤੇ ਹਲਕਾ ਵਿਧਾਇਕ ਲੋਕਾਂ ਦੀ ਆਵਾਜ਼ ਹਰ ਹਾਲ ’ਚ ਦਬਾਉਣਾ ਚਾਹੁੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਮਾਈਨਿੰਗ ਘੁਟਾਲੇ ਦੀ ਸੀਬੀਆਈ ਅਤੇ ਈਡੀ ਤੋਂ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਕਾਂਗਰਸ ਪੂਰੀ ਤਰ੍ਹਾਂ ਪੀੜਤ ਪਰਿਵਾਰ ਨਾਲ ਖੜੀ ਹੈ ਅਤੇ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਸੱਤਾ ਧਿਰ ਦੇ ਦਬਾਅ ਹੇਠ ਕਿਸੇ ਵੀ ਨਿਰਦੋਸ਼ ਬੰਦੇ ਨਾਲ ਨਾਜਾਇਜ਼ ਧੱਕਾ ਨਾ ਕੀਤਾ ਜਾਵੇ।