ਪ੍ਰਵਾਸੀਆਂ ਦੀ ਵੱਧ ਰਹੀ ਗਿਣਤੀ ’ਤੇ ਇਲਾਕਾ ਨਿਵਾਸੀ ਚਿੰਤਤ ਪ੍ਰਵਾਸੀਆਂ ਦੀ ਵੱਧ ਰਹੀ ਗਿਣਤੀ ’ਤੇ ਇਲਾਕਾ ਨਿਵਾਸੀ ਚਿੰਤਤ
Publish Date: Mon, 17 Aug 2026 06:16 PM (IST)
Updated Date: Mon, 17 Aug 2026 06:18 PM (IST)
ਸਰਕਾਰੀ ਜਮੀਨਾਂ ’ਤੇ ਦਿਨ ਰਾਤ ਹੋ ਰਹੇ ਕਬਜ਼ੇ ਪ੍ਰਸ਼ਾਸਨ ਬੇਬੱਸ: ਬਲਵੀਰ ਸਿੰਘ ਸ਼ਾਹਪੁਰ ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਸ੍ਰੀ ਕੀਰਤਪੁਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਇਲਾਕੇ ਵਿੱਚ ਪ੍ਰਵਾਸੀਆਂ ਦੀ ਵਧ ਰਹੀ ਗਿਣਤੀ ਕਾਰਨ ਇਲਾਕੇ ਦੇ ਲੋਕ ਚਿੰਤਾ ਵਿੱਚ ਹਨ। ਇਹ ਪ੍ਰਵਾਸੀ ਬਿਨਾਂ ਪ੍ਰਸ਼ਾਸਨ ਦੀ ਪਰਵਾਹ ਕੀਤੇ ਸਰਕਾਰੀ ਜਮੀਨਾਂ ’ਤੇ ਕਬਜ਼ੇ ਕਰ ਰਹੇ ਹਨ, ਪਰ ਪ੍ਰਸ਼ਾਸਨ ਇਹਨਾਂ ਨੂੰ ਰੋਕਣ ਲਈ ਬੇਵਸ ਨਜ਼ਰ ਆ ਰਿਹਾ ਹੈ। ਇਸ ਸਬੰਧ ਵਿੱਚ ਸਮਾਜ ਸੇਵੀ ਅਤੇ ਇਲਾਕੇ ਦੇ ਪਤਵੰਤੇ ਸੱਜਣ ਹੁਣ ਇਕੱਠੇ ਹੋ ਰਹੇ ਹਨ ਅਤੇ ਪ੍ਰਵਾਸੀਆਂ ਦੀ ਵੱਧ ਰਹੀ ਅਬਾਦੀ ਨੂੰ ਦੇਖਦੇ ਹੋਏ ਇਲਾਕੇ ਨੂੰ ਬਚਾਉਣ ਲਈ ਆਵਾਜ਼ ਬੁਲੰਦ ਕਰਨ ਲੱਗੇ ਹਨ। ਇਨ੍ਹਾਂ ਪ੍ਰਵਾਸੀਆਂ ਦੀ ਵਧ ਰਹੀ ਗਿਣਤੀ ਕਾਰਨ ਪਿਛਲੇ ਕੱਲ ਸ੍ਰੀ ਅਨੰਦਪੁਰ ਸਾਹਿਬ ਅਤੇ ਅੱਜ ਰੂਪਨਗਰ ਵਿਖੇ ਮੀਟਿੰਗਾਂ ਹੋ ਰਹੀਆਂ ਹਨ। ਇਸ ਸਬੰਧੀ ਗੱਲਬਾਤ ਕਰਦੇ ਹੋਏ ਟਰੱਕ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਬਲਬੀਰ ਸਿੰਘ ਸ਼ਾਹਪੁਰ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਪ੍ਰਵਾਸੀ ਲੋਕ ਜਿਮੀਦਾਰਾਂ ਦੇ ਖੇਤਾਂ ਵਿੱਚ ਕੰਮ ਕਰਨ ਲਈ ਸੀਜਨ ਦੌਰਾਨ ਆਉਂਦੇ ਰਹਿੰਦੇ ਸਨ ਅਤੇ ਖੇਤੀਬਾੜੀ ਦੇ ਸੀਜਨ ਦੌਰਾਨ ਕੰਮ ਖਤਮ ਹੋਣ ਤੋਂ ਬਾਅਦ ਵਾਪਸ ਆਪਣੇ ਦੇਸ਼ ਪਰਤ ਜਾਂਦੇ ਸਨ। ਇਨ੍ਹਾਂ ਪ੍ਰਵਾਸੀਆਂ ਨੂੰ ਜਿਮੀਦਾਰਾਂ ਵੱਲੋਂ ਮੋਟਰਾਂ ’ਤੇ ਰਹਿਣ ਦੀ ਵਿਵਸਥਾ ਕੀਤੀ ਜਾਂਦੀ ਸੀ ਅਤੇ ਇਨ੍ਹਾ ਲਈ ਰਾਸ਼ਨ ਜਿਮੀਦਾਰ ਮੁਹਈਆ ਕਰਵਾ ਦਿੰਦੇ ਸਨ। ਝੋਨੇ ਦੀ ਬਿਜਾਈ ਕਟਾਈ ਅਤੇ ਕਣਕ ਦੀ ਕਟਾਈ ਸਮੇਂ ਇਲਾਕੇ ਵਿੱਚ ਇਹ ਪ੍ਰਵਾਸੀ ਲਗਭਗ ਦੋ ਮਹੀਨੇ ਦੇ ਸੀਜਨ ਤੋਂ ਬਾਅਦ ਇਹ ਆਪਣੇ ਸੂਬੇ ਵਾਪਸ ਚਲੇ ਜਾਂਦੇ ਸਨ, ਪਰ ਹੁਣ ਮਾਹੌਲ ਬਦਲਦਾ ਜਾ ਰਿਹਾ ਹੈ। ਦੱਸਣ ਯੋਗ ਹੈ ਕਿ ਸ਼੍ਰੀ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਇਤਿਹਾਸਕ ਸ਼ਹਿਰ ਹਨ। ਸ੍ਰੀ ਅਨੰਦਪੁਰ ਸਾਹਿਬ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਹੈ ਜਿੱਥੋਂ ਸਿੱਖ ਧਰਮ ਦੀ ਆਰੰਭਤਾ ਹੋਈ ਸੀ ਅਤੇ ਇਸ ਦੇ ਨਾਲ ਹੀ ਇਤਿਹਾਸਿਕ ਗੁਰਦੁਆਰੇ ਵੀ ਸਥਿਤ ਹਨ। ਸ਼੍ਰੀ ਕੀਰਤਪੁਰ ਸਾਹਿਬ ਸਿੱਖ ਧਰਮ ਦੇ ਛੇ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਜਿੱਥੇ ਦੋ ਗੁਰੂ ਸਾਹਿਬਾਨਾਂ ਦਾ ਪ੍ਰਕਾਸ਼ ਹੋਇਆ ਅਤੇ ਸਿੱਖਾਂ ਦੇ ਮਿਨੀ ਹਰਿਦੁਆਰ ਕਹੇ ਜਾਣ ਵਾਲੇ ਗੁਰਦੁਆਰਾ ਪਤਾਲਪੁਰੀ ਸਾਹਿਬ ਸਥਿਤ ਹੈ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਗੁਰਧਾਮਾਂ ਦੇ ਦਰਸ਼ਨਾਂ ਲਈ ਆਉਂਦੀਆਂ ਹਨ। ਇਹ ਪ੍ਰਵਾਸੀ ਲੋਕ ਦਿਨ ਭਰ ਮੰਗਦੇ ਨਸ਼ੇ ਕਰਦੇ ਅਤੇ ਪ੍ਰਸ਼ਾਦਾ ਗੁਰਦੁਆਰਾ ਸਾਹਿਬ ਛਕਦੇ ਹਨ ਇਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈ। ਸ੍ਰੀ ਕੀਰਤਪੁਰ ਸਾਹਿਬ ਦਾਣਾ ਮੰਡੀ ਨਜ਼ਦੀਕ ਪ੍ਰਵਾਸੀਆਂ ਵੱਲੋਂ ਪੂਰਾ ਸ਼ਹਿਰ ਹੀ ਵਸਾਇਆ ਹੋਇਆ ਹੈ। ਇਹਨਾਂ ਪਰਵਾਸੀਆਂ ਵੱਲੋਂ ਦਾਣਾ ਮੰਡੀ ਨਜ਼ਦੀਕ ਪੰਜਾਬ ਮੰਡੀ ਬੋਰਡ ਅਤੇ ਪੁੱਡਾ ਪੰਜਾਬ ਦੀ ਮਹਿੰਗੇ ਭਾਅ ਦੀ ਜਮੀਨ ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ਜੋ ਕੁਝ ਹੀ ਸਮੇਂ ਵਿੱਚ ਕਈ ਗੁਣਾ ਵੱਧ ਗਏ ਹਨ। ਕੁਝ ਸਮਾਂ ਪਹਿਲਾਂ ਦਾਣਾ ਮੰਡੀ ਨਜ਼ਦੀਕ ਬੰਗਾਲਾ ਬਸਤੀ ਬਣੀ ਹੋਈ ਸੀ ਜਿੱਥੇ ਇਹ ਪ੍ਰਵਾਸੀ ਲੋਕ ਝੁੰਗੀਆਂ ਝੋਪੜੀਆਂ ਬਣਾ ਕੇ ਰਹਿ ਰਹੇ ਸਨ ਪਰ ਸਮੇਂ ਦੇ ਨਾਲ ਨਾਲ ਇਹਨਾਂ ਵੱਲੋਂ ਪੱਕੇ ਲੈਂਟਰ ਪਾ ਕੇ ਵਧੀਆ ਰਿਹਾਇਸ਼ਾਂ ਬਣਾ ਲਈਆਂ ਗਈਆਂ ਹਨ। ਸੋਚਣ ਵਾਲੀ ਗੱਲ ਹੈ ਕੀ ਜਦੋਂ ਇਹਨਾਂ ਪ੍ਰਵਾਸੀਆਂ ਵੱਲੋਂ ਪੱਕੇ ਮਕਾਨ ਬਣਾਏ ਜਾ ਰਹੇ ਸਨ ਕੀ ਪ੍ਰਸ਼ਾਸਨ ਦੀ ਨਜ਼ਰ ਇਹਨਾਂ ਤੇ ਨਹੀਂ ਪਈ। ਸ਼ਹਿਰ ਵਿੱਚ ਆਮ ਚਰਚਾ ਚੱਲ ਰਹੀ ਹੈ ਕਿ ਬਿਨਾਂ ਮਿਲੀ ਭੁਗਤ ਤੋਂ ਇਹ ਸੰਭਵ ਨਹੀਂ ਹੈ ਕੁਝ ਸਿਆਸੀ ਵਿਅਕਤੀ ਇਹਨਾਂ ਨੂੰ ਸ਼ੈਅ ਦੇ ਰਹੇ ਹਨ। ਵੋਟਾਂ ਦੇ ਲਾਲਚ ਵਸ ਇਹਨਾਂ ਦੀ ਮਦਦ ਕੀਤੀ ਜਾ ਰਹੀ ਹੈ। ਬਲਬੀਰ ਸਿੰਘ ਨੇ ਦੱਸਿਆ ਕਿ ਇਹਨਾਂ ਪ੍ਰਵਾਸੀਆਂ ਕੋਲ ਨਾ ਤਾਂ ਕੋਈ ਰਿਹਾਇਸ਼ੀ ਸਬੂਤ ਹੈ ਨਾ ਇਹਨਾਂ ਦਾ ਇਹ ਪਤਾ ਹੈ ਕਿ ਇਹ ਕਿਹੜੇ ਸੂਬੇ ਤੋਂ ਹਨ ਇਹਨਾਂ ਵਿੱਚ ਕਈ ਅਪਰਾਧੀ ਕਿਸਮ ਦੇ ਬੰਦੇ ਵੀ ਹੋ ਸਕਦੇ ਹਨ। ਜੇਕਰ ਨਜ਼ਰ ਮਾਰੀ ਜਾਵੇ ਤਾਂ ਬਸ ਅੱਡੇ, ਰੇਲਵੇ ਸਟੇਸ਼ਨ, ਫਲਾਈ ਓਵਰ ਥੱਲੇ ਇਹਨਾਂ ਪ੍ਰਵਾਸੀਆਂ ਦੇ ਝੁੰਡ ਨਸ਼ੇ ਕਰਕੇ ਪਏ ਰਹਿੰਦੇ ਹਨ ਅਤੇ ਸਮਾਂ ਲੱਗਣ ਤੇ ਇਹ ਚੋਰੀਆਂ ਅਤੇ ਲੁੱਟਾਂ ਖੋਹਾਂ ਕਰਦੇ ਹਨ। ਜਦੋਂ ਤੋਂ ਇਹਨਾਂ ਪ੍ਰਵਾਸੀਆਂ ਦੀ ਗਿਣਤੀ ਵਧੀ ਹੈ ਇਲਾਕੇ ਵਿੱਚ ਅਪਰਾਧ ਦਾ ਗਰਾਫ ਵੀ ਵੱਧਦਾ ਜਾ ਰਿਹਾ ਹੈ। ਇਲਾਕੇ ਵਿੱਚ ਹੁਣ ਤਾਂ ਸਥਿਤੀ ਇਹ ਬਣੀ ਹੋਈ ਹੈ ਕਿ ਵੇਲੇ ਕੁਵੇਲੇ ਕੋਈ ਧੀ ਭੈਣ ਇਕੱਲੀ ਘਰ ਤੋਂ ਨਿਕਲ ਸਮੇਂ ਵੀ ਡਰ ਕੇ ਨਿਕਲਦੀ ਹੈ। ਇਲਾਕਾ ਨਿਵਾਸੀਆਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਅਖਬਾਰਾਂ ਅਤੇ ਸੋਸ਼ਲ ਮੀਡੀਆ ਰਾਹੀਂ ਇਹ ਮੁੱਦਾ ਚੁੱਕਿਆ ਜਾ ਰਿਹਾ ਹੈ ਪਰ ਇਹਨਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਕੁਝ ਸਮਾਂ ਇਹ ਪ੍ਰਵਾਸੀ ਬੱਸ ਅੱਡੇ ਰੇਲਵੇ ਸਟੇਸ਼ਨ ਪੁਲਾਂ ਥੱਲੇ ਗੁਜਾਰਨ ਤੋਂ ਬਾਅਦ ਖਾਲੀ ਪਈ ਜਗ੍ਹਾ ਦੇਖ ਕੇ ਝੁੰਗੀ ਝੋਪੜੀ ਬਣਾ ਕੇ ਰਹਿਣ ਲੱਗ ਜਾਂਦੇ ਹਨ ਅਤੇ ਜਦੋਂ ਇਹਨਾਂ ਨੂੰ ਕਿਸੇ ਲੋਕਲ ਵਿਅਕਤੀ ਦੀ ਸ਼ਹਿ ਮਿਲ ਜਾਂਦੀ ਹੈ ਫਿਰ ਇਹ ਪੱਕਾ ਘਰ ਬਣਾਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਪਿਛਲੇ ਸਮੇਂ ਦੌਰਾਨ ਹੋਈਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਇਹਨਾਂ ਵੱਲੋਂ ਆਪਣੇ ਐਮਸੀ ਬਣਾਏ ਗਏ ਹਨ ਉਹ ਵੀ ਸਮਾਂ ਦੂਰ ਨਹੀਂ ਜਦੋਂ ਨਗਰ ਪੰਚਾਇਤ ਦੀ ਪ੍ਰਧਾਨਗੀ ਤੇ ਇਹਨਾਂ ਪ੍ਰਵਾਸੀਆਂ ਦਾ ਕਬਜ਼ਾ ਹੋਵੇਗਾ। ਦਾਣਾ ਮੰਡੀ ਨਜ਼ਦੀਕ ਬਣੀ ਬਸਤੀ ਵਿਖੇ ਇਹਨਾਂ ਨੂੰ ਬਿਜਲੀ ਦੇ ਕਨੈਕਸ਼ਨ ਕਿਵੇਂ ਮਿਲੇ, ਪਾਣੀ ਦੇ ਪੱਕੇ ਕਨੈਕਸ਼ਨ ਲੈਣ ਲਈ ਦਸਤਾਵੇਜ਼ ਕਿੱਥੋਂ ਲਏ। ਜਦੋਂ ਇਹਨਾਂ ਦੇ ਨਾਮ ਜਮੀਨ ਨਹੀਂ ਹੈ ਤਾਂ ਇਹਨਾਂ ਨੂੰ ਸਰਕਾਰੀ ਸਹੂਲਤਾਂਵਾ ਕਿਵੇਂ ਮਿਲੀਆਂ ਇਹ ਸਭ ਮਿਲੀ ਭੁਗਤ ਤੋਂ ਬਿਨਾਂ ਸੰਭਵ ਨਹੀਂ ਹੈ। ਬਲਵੀਰ ਸਿੰਘ ਸ਼ਾਹਪੁਰ ਨੇ ਕਿਹਾ ਕਿ ਹੁਣ ਲੋਕ ਜਾਗਰੂਕ ਹੋ ਰਹੇ ਹਨ ਅਤੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਇਹਨਾਂ ਦੀ ਵੈਰੀਫਿਕੇਸ਼ਨ ਕਰਵਾਈ ਜਾਵੇਗੀ ਅਤੇ ਅਪਰਾਧੀ ਕਿਸਮ ਦੇ ਬੰਦੇ ਪੁਲਿਸ ਹਵਾਲੇ ਕੀਤੇ ਜਾਣਗੇ ਉਹਨਾਂ ਕਿਹਾ ਕਿ ਇਲਾਕੇ ਦੇ ਸਮਾਜ ਸੇਵੀ ਸੰਸਥਾਵਾਂ ਬੁੱਧੀਜੀਵੀਆਂ ਅਤੇ ਸ਼ਹਿਰ ਦੇ ਪਤਵੰਤੇ ਸੱਜਣਾ ਦਾ ਸਹਿਯੋਗ ਲੈ ਕੇ ਪ੍ਰਵਾਸੀਆਂ ਖਿਲਾਫ ਕਾਰਵਾਈ ਵੱਡੇ ਪੱਧਰ ਤੇ ਕਰਵਾਈ ਜਾਵੇਗੀ।