ਵਿਵਾਦਾਂ ਵਿੱਚ ਰਹਿਣ ਵਾਲੇ ਗਰਾਂ ਮੋੜਾ ਟੋਲ ਪਲਾਜ਼ਾ ’ਤੇ ਲੋਕਲ ਕਰਮਚਾਰੀਆਂ ਵੱਲੋਂ ਧਰਨਾ
ਵਿਵਾਦਾਂ ਵਿੱਚ ਰਹਿਣ ਵਾਲੇ ਗਰਾਂ ਮੋੜਾ ਟੋਲ ਪਲਾਜ਼ਾ ’ਤੇ ਲੋਕਲ ਕਰਮਚਾਰੀਆਂ ਵੱਲੋਂ ਧਰਨਾ
Publish Date: Thu, 04 Jun 2026 06:14 PM (IST)
Updated Date: Fri, 05 Jun 2026 03:35 PM (IST)

ਹੜਤਾਲ ’ਤੇ ਬੈਠੇ ਕਰਮਚਾਰੀ, ਟੋਲ ਪ੍ਰਬੰਧਕਾਂ ’ਤੇ ਧੱਕੇਸ਼ਾਹੀ ਦੇ ਦੋਸ਼, ਸਾਢੇ ਪੰਜ ਘੰਟੇ ਟੋਲ ਮੁਕਤ ਲੰਘੇ ਵਾਹਨ ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ:ਸ੍ਰੀ ਕੀਰਤਪੁਰ ਸਾਹਿਬ ਮੰਡੀ ਮੁੱਖ ਮਾਰਗ ’ਤੇ ਟੋਲ ਪਲਾਜ਼ਾ ਗਰਾਂ ਮੋੜਾ ਹਮੇਸ਼ਾ ਵਿਵਾਦਾਂ ਵਿੱਚ ਰਹਿੰਦਾ ਹੈ, ਪਹਿਲਾਂ ਵੀ ਕਈ ਵਾਰ ਟੋਲ ਪ੍ਰਬੰਧਕਾਂ ਵੱਲੋਂ ਟਰੱਕ ਡਰਾਈਵਰਾਂ ਅਤੇ ਹੋਰ ਵਾਹਨ ਚਾਲਕਾਂ ਦੀ ਕੁੱਟਮਾਰ ਅਤੇ ਧੱਕੇਸ਼ਾਹੀ ਕਰਨ ਸਬੰਧੀ ਗਰਾਂ ਮੋੜਾ ਟੋਲ ਪਲਾਜ਼ਾ ਸੁਰਖੀਆਂ ਵਿੱਚ ਰਿਹਾ ਹੈ, ਪਰ ਅੱਜ ਟੋਲ ਪਲਾਜਾ ’ਤੇ ਕੰਮ ਕਰਦੇ ਲੋਕਲ ਕਰਮਚਾਰੀਆਂ ਵੱਲੋਂ ਟੋਲ ਪ੍ਰਬੰਧਕਾਂ ’ਤੇ ਗਾਲੀ ਗਲੋਚ ਵਿੱਤਕਰਾ ਕੁੱਟ ਮਾਰ ਅਤੇ ਦੁਰਵਿਵਹਾਰ ਕਰਕੇ ਇਕ ਨੌਜਵਾਨ ਨੂੰ ਨੌਕਰੀ ਤੋਂ ਕੱਢਣ ਦੇ ਇਲਜ਼ਾਮ ਲੱਗੇ ਹਨ। ਟੋਲ ਪਲਾਜਾ ’ਤੇ ਕੰਮ ਕਰਨ ਵਾਲੇ ਲੋਕਲ ਨੌਜਵਾਨ ਮੁੰਡੇ ਕੁੜੀਆਂ ਵਲੋਂ ਟੋਲ ਪ੍ਰਬੰਧਕਾਂ ’ਤੇ ਇਲਜ਼ਾਮ ਲਗਾਇਆ ਗਿਆ ਕਿ ਬੀਤੀ ਰਾਤ ਨਜ਼ਦੀਕੀ ਪਿੰਡ ਦਬੂੜ ਦੇ ਨੌਜਵਾਨ ਗੁਰਪ੍ਰੀਤ ਸਿੰਘ ਨਾਲ ਗਾਲੀ ਗਲੋਚ ਕੀਤੀ ਗਈ ਅਤੇ ਉਸ ਨੂੰ ਜਲੀਲ ਕਰਕੇ ਨੌਕਰੀ ਤੋਂ ਬਾਹਰ ਕੱਢ ਦਿੱਤਾ, ਜਦੋਂ ਸਵੇਰੇ ਉਕਤ ਨੌਜਵਾਨ ਡਿਊਟੀ ’ਤੇ ਪਹੁੰਚਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਨਾਮ ਰੋਸਟਰ ਵਿੱਚੋਂ ਕੱਟਿਆ ਜਾ ਚੁੱਕਿਆ ਹੈ। ਇਸ ਦਾ ਪਤਾ ਚੱਲਦਾ ਇਹ ਲੋਕਲ ਕਰਮਚਾਰੀਆਂ ਵਿੱਚ ਗੁੱਸਾ ਭੜਕ ਗਿਆ ਅਤੇ ਉਸ ਦੇ ਸਮਰਥਨ ਵਿੱਚ ਸਾਰੇ ਲੋਕਲ ਕਰਮਚਾਰੀਆਂ ਨੇ ਕੰਮ ਛੱਡ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਟੋਲ ਪ੍ਰਬੰਧਕਾਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਇਸ ਦੌਰਾਨ ਟੋਲ ਪਲਾਜੇ ਤੋ ਆਉਣ ਜਾਣ ਵਾਲੇ ਵਾਹਨ ਟੋਲ ਮੁਕਤ ਲੰਘਦੇ ਰਹੇ। ਇਨ੍ਹਾਂ ਦਾ ਕਹਿਣਾ ਹੈ ਕਿ ਦੂਜੇ ਸੂਬਿਆਂ ਤੋਂ ਰੱਖੇ ਹੋਏ ਵੱਡੇ ਕਰਮਚਾਰੀ ਲੋਕਲ ਕਰਮਚਾਰੀਆਂ ਨਾਲ ਦੁਰਵਿਹਾਰ ਕਰਦੇ ਹਨ ਅਤੇ ਬਿਨ੍ਹਾਂ ਦੋਸ਼ ਤੋਂ ਕੰਮ ਕਰ ਰਹੇ ਨੌਜਵਾਨ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਇਸ ਸਬੰਧੀ ਨਜ਼ਦੀਕੀ ਪਿੰਡ ਦੇ ਮੋਹਤਬਰ ਅਤੇ ਪੰਚਾਇਤਾਂ ਸਮੇਤ ਟਰੱਕ ਯੂਨੀਅਨ ਮੱਸੇਵਾਲ ਦੇ ਕਾਰਜਕਾਰੀ ਪ੍ਰਧਾਨ ਬਲਬੀਰ ਸਿੰਘ ਸ਼ਾਹਪੁਰ ਟੋਲ ਪਲਾਜਾ ’ਤੇ ਪਹੁੰਚੇ ਅਤੇ ਸੜਕ ਵਿਚਕਾਰ ਕਰਮਚਾਰੀਆਂ ਨਾਲ ਧਰਨੇ ’ਤੇ ਬੈਠ ਗਏ। ਇਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਦੋਸ਼ੀ ਅਧਿਕਾਰੀ ਮੁਆਫੀ ਮੰਗ ਕੇ ਉਕਤ ਨੌਜਵਾਨ ਨੂੰ ਦੁਬਾਰਾ ਨੌਕਰੀ ਤੋਂ ਨਹੀਂ ਰੱਖਦੇ ਉਦੋਂ ਤੱਕ ਧਰਨਾ ਜਾਰੀ ਰਹੇਗਾ। ਨਜ਼ਦੀਕੀ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਕੀਮਤੀ ਜਮੀਨਾਂ ਐਕਵਾਇਰ ਕੀਤੀਆਂ ਗਈਆਂ ਜਿਸ ’ਤੇ ਸੜਕ ਬਣੀ ਅਤੇ ਟੋਲ ਪਲਾਜ਼ਾ ਲੱਗਿਆ ਹੈ । ਇੱਥੇ ਕੰਮ ਕਰਨ ਦਾ ਅਧਿਕਾਰ ਲੋਕਲ ਪਿੰਡਾਂ ਦੇ ਨੌਜਵਾਨਾ ਦਾ ਹੈ, ਪਰ ਦੂਜੇ ਸੂਬਿਆਂ ਤੋਂ ਆਏ ਉਹ ਅਧਿਕਾਰੀ ਲੋਕ ਵਿਅਕਤੀਆਂ ਨਾਲ ਵਿਤਕਰਾ ਕਰਦੇ ਹਨ ਜੋ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੱਸਣ ਯੋਗ ਹੈ ਕਿ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਹਰ ਸਾਲ ਟੋਲ ਪਲਾਜ਼ਾ ਠੇਕੇ ਤੇ ਦਿੱਤਾ ਜਾਂਦਾ ਹੈ ਅਤੇ ਠੇਕੇਦਾਰ ਵੱਲੋਂ ਸੜਕ ਦਾ ਰੱਖ ਰਖਾਓ ਕਰਨਾ ਹੁੰਦਾ ਹੈ। ਇਸ ਸਾਲ ਇਹ ਟੋਲ ਪਲਾਜਾ ਇੱਕ ਗਾਜ਼ੀਆਬਾਦ ਦੀ ਕੰਪਨੀ ਵੱਲੋਂ ਲਿਆ ਗਿਆ ਹੈ। ਲਗਭਗ ਸਵੇਰੇ 10 ਵਜੇ ਤੋਂ ਟੋਲ ਪਲਾਜੇ ’ਤੇ ਸੜਕ ਵਿਚਕਾਰ ਬੈਠੇ ਧਰਨਾਕਾਰੀਆਂ ਨੂੰ ਵੱਖ ਵੱਖ ਸਮਾਜ ਸੇਵੀਆਂ ਵੱਲੋਂ ਸਮਰਥਨ ਪ੍ਰਾਪਤ ਹੋ ਰਿਹਾ ਸੀ ਜਿਵੇਂ ਜਿਵੇਂ ਸ਼ੋਸ਼ਲ ਮੀਡੀਆ ’ਤੇ ਗੱਲ ਫੈਲ ਰਹੀ ਸੀ ਲੋਕ ਧਰਨੇ ’ਤੇ ਪਹੁੰਚ ਰਹੇ ਸਨ। ਉਧਰ ਟੋਲ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਬੀਤੀ ਰਾਤ ਉਕਤ ਨੌਜਵਾਨ ਨੇ ਕੰਪਨੀ ਦੇ ਅਕਾਊਂਟੈਂਟ ਨਾਲ ਕੁੱਟਮਾਰ ਕੀਤੀ ਹੈ ਜਿਸ ਸਬੰਧੀ ਕੰਪਨੀ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਲੋਕਲ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੰਪਨੀ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ’ਤੇ ਕਾਰਵਾਈ ਕੀਤੀ ਜਾਵੇਗੀ ਜਿਸ ਸਬੰਧੀ ਉਹ ਅਧਿਕਾਰੀ ਫੈਸਲਾ ਲੈਣਗੇ। ਇਸ ਦੌਰਾਨ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ ਸੀ। ਕਰੀਬ 3:30 ਵਜੇ ਤੱਕ ਧਰਨਾ ਜਾਰੀ ਰਿਹਾ ਉਦੋਂ ਤੱਕ ਹਿਮਾਚਲ ਨੂੰ ਆਉਣ ਅਤੇ ਜਾਣ ਵਾਲੇ ਵਾਹਨ ਟੋਲ ਮੁਕਤ ਲੰਘਦੇ ਰਹੇ ਥਾਣਾ ਮੁੱਖੀ ਰਾਹੂਲ ਸ਼ਰਮਾ ਵੱਲੋਂ ਦੋਵੇਂ ਧਿਰਾਂ ਨਾਲ ਗੱਲਬਾਤ ਕਰਕੇ ਸ਼ਾਂਤ ਕੀਤਾ ਗਿਆ ਅਤੇ ਧਰਨੇ ਨੂੰ ਸਮਾਪਤ ਕੀਤਾ ਗਿਆ ਟੋਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਬੰਧੀ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੂੰ ਮੇਲ ਜਾ ਚੁੱਕੀ ਹੈ ਹੁਣ ਜੋ ਵੀ ਫੈਸਲਾ ਕਰਨਾ ਹੈ ਉਹ ਉੱਚ ਅਧਿਕਾਰੀ ਕਰਨਗੇ, ਪਰ 10 ਵਜੇ ਤੋਂ 3,30 ਵਜੇ ਤੱਕ ਟੋਲ ਪਲਾਜ਼ਾ ਨੂੰ ਕਾਫੀ ਮਾਲੀ ਨੁਕਸਾਨ ਹੋ ਚੁੱਕਾ ਹੈ। ਅਗਲਾ ਫੈਸਲਾ ਉੱਚ ਅਧਿਕਾਰੀ ਕਰਨਗੇ। ਇਸ ਦੌਰਾਨ ਬਲਵੀਰ ਸਿੰਘ ਸ਼ਾਹਪੁਰ, ਬੀਡੀਸੀ ਮੈਂਬਰ ਸਰਵਣ ਸਿੰਘ ਮੌੜਾ, ਚੌਧਰੀ ਦੇਸਰਾਜ, ਬਾਬਾ ਸੁਖਵਿੰਦਰ ਸਿੰਘ ਤਰਨਾ ਦਲ, ਗੁਰਚਰਨ ਸਿੰਘ ਸ਼ਾਦੀ, ਜਰਨੈਲ ਸਿੰਘ, ਸੁਭਾਸ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।