ਪੁਲਵਾਮਾ ਸ਼ਹੀਦ ਕੁਲਵਿੰਦਰ ਸਿੰਘ ਰੋਲੀ ਦਾ ਆਦਮ ਕੱਦ ਬੁੱਤ ਲੋਕ ਅਰਪਣ, ਇਲਾਕੇ ‘ਚ ਭਾਵੁਕ ਮਾਹੌਲ
ਪੁਲਵਾਮਾ ਸ਼ਹੀਦ ਕੁਲਵਿੰਦਰ ਸਿੰਘ ਰੋਲੀ ਦਾ ਆਦਮ ਕੱਦ ਬੁੱਤ ਲੋਕ ਅਰਪਣ, ਇਲਾਕੇ ‘ਚ ਭਾਵੁਕ ਮਾਹੌਲ
Publish Date: Sat, 14 Feb 2026 04:56 PM (IST)
Updated Date: Sat, 14 Feb 2026 05:00 PM (IST)

ਵੱਖ-ਵੱਖ ਰਾਜਨੀਤਿਕ ਧਾਰਮਿਕ ਅਤੇ ਸਮਾਜਿਕ ਆਗੂਆਂ ਨੇ ਭੇਟ ਕੀਤੀ ਸ਼ਹੀਦ ਨੂੰ ਸ਼ਰਧਾਂਜਲੀ ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਬੀਤੇ ਸਾਲ 2019 ਦੇ ਦਰਦਨਾਕ ਪੁਲਵਾਮਾ ਹਮਲੇ ਦੌਰਾਨ ਦੇਸ਼ ਲਈ ਸ਼ਹਾਦਤ ਦੇਣ ਵਾਲੇ ਸ਼ਹੀਦ ਕੁਲਵਿੰਦਰ ਸਿੰਘ ਰੋਲੀ ਦੀ ਯਾਦ ਵਿਚ ਉਹਨਾਂ ਦੇ ਜੱਦੀ ਪਿੰਡ ਰੋਲੀ ਵਿਖੇ ਆਦਮ ਕੱਦ ਬੁੱਤ ਤਿਆਰ ਕਰਕੇ ਲੋਕ ਅਰਪਣ ਕੀਤਾ ਗਿਆ। ਇਹ ਸਮਾਗਮ ਸ਼ਹੀਦ ਦੀ ਬਰਸੀ ਮੌਕੇ ਪੂਰੀ ਸ਼ਰਧਾ ਅਤੇ ਗੰਭੀਰਤਾ ਨਾਲ ਆਯੋਜਿਤ ਕੀਤਾ ਗਿਆ, ਜਿਸ ਦੌਰਾਨ ਇਲਾਕੇ ਵਿਚ ਦੇਸ਼ ਭਗਤੀ ਅਤੇ ਗੌਰਵ ਦਾ ਮਾਹੌਲ ਬਣਿਆ ਰਿਹਾ। ਬੁੱਤ ਦਾ ਲੋਕ ਅਰਪਣ ਸ਼ਹੀਦ ਦੇ ਪਿਤਾ ਦਰਸ਼ਨ ਸਿੰਘ ਅਤੇ ਰੂਪਨਗਰ ਤੋਂ ਹਲਕਾ ਵਿਧਾਇਕ ਦਿਨੇਸ਼ ਚੱਢਾ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਵਾਸੀ, ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧੀ ਅਤੇ ਨੌਜਵਾਨ ਹਾਜ਼ਰ ਰਹੇ। ਇਸ ਮੌਕੇ ਗੱਲ ਕਰਦਿਆਂ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ, “ਸ਼ਹੀਦ ਕੁਲਵਿੰਦਰ ਸਿੰਘ ਨੇ ਦੇਸ਼ ਦੀ ਸੁਰੱਖਿਆ ਲਈ ਆਪਣੀ ਜਾਨ ਨਿਛਾਵਰ ਕਰਕੇ ਸਾਰੇ ਪੰਜਾਬ ਅਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਅਸੀਂ ਉਹਨਾਂ ਦੇ ਪਰਿਵਾਰ ਦੇ ਸਦੀਵੀ ਕਰਜ਼ਦਾਰ ਹਾਂ। ਇਹ ਆਦਮ ਕੱਦ ਬੁੱਤ ਨਵੀਂ ਪੀੜ੍ਹੀ ਨੂੰ ਦੇਸ਼ ਪ੍ਰੇਮ ਅਤੇ ਕੁਰਬਾਨੀ ਦੀ ਪ੍ਰੇਰਣਾ ਦੇਵੇਗਾ। ਸਰਕਾਰ ਵੱਲੋਂ ਵੀ ਸ਼ਹੀਦ ਪਰਿਵਾਰਾਂ ਦੀ ਭਲਾਈ ਲਈ ਹਰ ਸੰਭਵ ਸਹਾਇਤਾ ਯਕੀਨੀ ਬਣਾਈ ਜਾ ਰਹੀ ਹੈ।”\ ਸ਼ਹੀਦ ਦੇ ਪਿਤਾ ਦਰਸ਼ਨ ਸਿੰਘ ਨੇ ਭਾਵੁਕ ਹੋ ਕੇ ਕਿਹਾ, “ਮੇਰਾ ਪੁੱਤ ਦੇਸ਼ ਲਈ ਸ਼ਹੀਦ ਹੋਇਆ, ਇਸ ਤੋਂ ਵੱਡਾ ਮਾਣ ਸਾਡੇ ਪਰਿਵਾਰ ਲਈ ਹੋਰ ਕੁਝ ਨਹੀਂ ਹੋ ਸਕਦਾ। ਅਸੀਂ ਚਾਹੁੰਦੇ ਹਾਂ ਕਿ ਪਿੰਡ ਦੇ ਬੱਚੇ ਇਸ ਬੁੱਤ ਨੂੰ ਵੇਖ ਕੇ ਦੇਸ਼ ਸੇਵਾ ਦਾ ਜਜ਼ਬਾ ਆਪਣੇ ਅੰਦਰ ਪੈਦਾ ਕਰਨ। ਸਰਕਾਰ ਅਤੇ ਇਲਾਕੇ ਦੇ ਲੋਕਾਂ ਵੱਲੋਂ ਮਿਲ ਰਹੇ ਸਨਮਾਨ ਲਈ ਅਸੀਂ ਹਮੇਸ਼ਾ ਅਭਾਰੀ ਰਹਾਂਗੇ।” ਇਸੇ ਦੌਰਾਨ ਸ਼ਹੀਦ ਦੀ ਬਰਸੀ ਸਬੰਧੀ ਆਯੋਜਿਤ ਕੀਤੇ ਗਏ ਸਮਾਗਮ ’ਚ ਵੀ ਵਿਧਾਇਕ ਚੱਢਾ ਨੇ ਸ਼ਿਰਕਤ ਕਰ ਦੀਆਂ ਸ਼ਹੀਦ ਕੁਲਵਿੰਦਰ ਸਿੰਘ ਰੋਲੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਮਾਗਮ ਦੇ ਅੰਤ ਵਿਚ ਦੇਸ਼ ਭਗਤੀ ਨਾਰਿਆਂ ਨਾਲ ਪੂਰਾ ਮਾਹੌਲ ਗੂੰਜ ਉਠਿਆ ਅਤੇ ਸਾਰੇ ਹਾਜ਼ਰ ਲੋਕਾਂ ਨੇ ਸ਼ਹੀਦ ਨੂੰ ਸ਼ਤ-ਸ਼ਤ ਨਮਨ ਕੀਤਾ। ਇਸ ਸਮਾਗਮ ਦੌਰਾਨ ਜ਼ਿਲ੍ਹਾ ਪਰਿਸ਼ਦ ਮੈਂਬਰ ਜਰਨੈਲ ਸਿੰਘ ਲਾਲੀ, ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ, ਪਰਮਿੰਦਰ ਸਿੰਘ ਬਾਲਾ, ਡਾਕਟਰ ਦਵਿੰਦਰ ਬਜਾੜ, ਕਿਸਾਨ ਆਗੂ ਧਰਮਪਾਲ ਸੈਣੀਮਾਜਰਾ ਨੇ ਵੀ ਸ਼ਹੀਦ ਕੁਲਵਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ।