ਰਾਜ ਪੱਧਰੀ ਰੋਇੰਗ ਮੁਕਾਬਲਿਆਂ ’ਚ 21 ਸੋਨੇ ਦੇ ਤਗ਼ਮੇ ਜਿੱਤ ਕੇ ਰੂਪਨਗਰ ਬਣਿਆ ਓਵਰਆਲ ਚੈਂਪੀਅਨ ਰਾਜ ਪੱਧਰੀ ਰੋਇੰਗ ਮੁਕਾਬਲਿਆਂ ਵਿੱਚ 21 ਸੋਨੇ ਦੇ ਤਗ਼ਮੇ ਜਿੱਤ ਕੇ ਰੂਪਨਗਰ ਬਣਿਆ ਓਵਰਆਲ ਚੈਂਪੀਅਨ
Publish Date: Wed, 25 Nov 2026 05:29 PM (IST)
Updated Date: Wed, 25 Nov 2026 05:31 PM (IST)
ਦਿਨੇਸ਼ ਚੱਢਾ ਵੱਲੋਂ ਰੋਇੰਗ ਤੇ ਕੈਕਿੰਗ-ਕਨੋਇੰਗ ਕੇਂਦਰਾਂ ਨੂੰ ਕੌਮਾਂਤਰੀ ਪੱਧਰ ਦਾ ਖੇਡ ਸਾਮਾਨ ਮੁਹੱਈਆ ਕਰਵਾਉਣ ਦਾ ਐਲਾਨ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ,ਰੂਪਨਗਰ: ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਰੂਪਨਗਰ ਵਿਖੇ ਕਰਵਾਏ ਗਏ ਰਾਜ ਪੱਧਰੀ ਰੋਇੰਗ ਮੁਕਾਬਲੇ ਸ਼ਾਨਦਾਰ ਢੰਗ ਨਾਲ ਰਾਜ ਪੱਧਰੀ ਰੋਇੰਗ ਮੁਕਾਬਲੇ ਸੰਪੰਨ ਹੋ ਗਏ। ਸਮਾਪਤੀ ਸਮਾਰੋਹ ਦੌਰਾਨ ਡਿਪਟੀ ਕਮਿਸ਼ਨਰ ਰੂਪਨਗਰ ਕੋਮਲ ਮਿੱਤਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਵੱਖ-ਵੱਖ ਵਰਗਾਂ ਵਿਚ ਜੇਤੂ ਰਹੇ ਖਿਡਾਰੀਆਂ ਨੂੰ ਤਮਗੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਰੋਇੰਗ ਅਕੈਡਮੀ ਦੀਆਂ ਬੁਨਿਆਦੀ ਲੋੜਾਂ ਤੇ ਖੇਡ ਸਹੂਲਤਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਬਿਹਤਰ ਸਿਖਲਾਈ ਤੇ ਅਭਿਆਸ ਦੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਜ਼ਰੂਰੀ ਹੈ ਤਾਂ ਜੋ ਉਹ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਸਕਣ। ਇਸ ਦੌਰਾਨ ਦਿਨੇਸ਼ ਚੱਢਾ ਨੇ ਰੋਇੰਗ ਤੇ ਕੈਕਿੰਗ-ਕਨੋਇੰਗ ਕੇਂਦਰਾਂ ਨੂੰ ਜਲਦ ਹੀ ਕੌਮਾਂਤਰੀ ਪੱਧਰ ਦਾ ਖੇਡ ਸਾਮਾਨ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਲੋੜੀਂਦੀਆਂ ਸਹੂਲਤਾਂ ’ਚ ਹੋਰ ਵਾਧਾ ਕੀਤਾ ਜਾਵੇਗਾ। ਜ਼ਿਲ੍ਹਾ ਖੇਡ ਅਫ਼ਸਰ ਜਗਜੀਵਨ ਸਿੰਘ ਨੇ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੂਪਨਗਰ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 21 ਸੋਨੇ ਦੇ ਤਗ਼ਮੇ ਜਿੱਤ ਕੇ ਓਵਰਆਲ ਪਹਿਲਾ ਸਥਾਨ ਹਾਸਲ ਕੀਤਾ। ਮੋਗਾ ਦੀ ਟੀਮ 18 ਸੋਨੇ ਦੇ ਤਗ਼ਮਿਆਂ ਨਾਲ ਦੂਜੇ ਤੇ ਬਠਿੰਡਾ ਦੀ ਟੀਮ 6 ਸੋਨੇ ਦੇ ਤਗ਼ਮਿਆਂ ਨਾਲ ਤੀਜੇ ਸਥਾਨ ’ਤੇ ਰਹੀ। ਉਨ੍ਹਾਂ ਇਨ੍ਹਾਂ ਮੁਕਾਬਲਿਆਂ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ’ਚ ਸਹਿਯੋਗ ਦੇਣ ਲਈ ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਸਮੂਹ ਉਪ ਮੰਡਲ ਮੈਜਿਸਟ੍ਰੇਟਾਂ, ਸਿੱਖਿਆ ਵਿਭਾਗ, ਨਗਰ ਕੌਂਸਲ, ਜਲ ਸਪਲਾਈ ਵਿਭਾਗ, ਲੋਕ ਨਿਰਮਾਣ ਵਿਭਾਗ ਤੇ ਹੋਰ ਸਹਿਯੋਗੀ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਚੰਦਰਜਯੋਤੀ ਸਿੰਘ , ਵਧੀਕ ਕਮਿਸ਼ਨਰ ਸੀਜੀਐਸਟੀ ਸਮਰਿਤਾ ਕੌਰ ਗਿੱਲ, ਸਹਾਇਕ ਕਮਿਸ਼ਨਰ ਸੀਜੀਐਸਟੀ. ਪ੍ਰੀਤਇੰਦਰ ਸਿੰਘ ਭਾਟੀਆ, ਓਲੰਪੀਅਨ ਸਤਨਾਮ ਸਿੰਘ, ਕੌਮਾਂਤਰੀ ਖਿਡਾਰੀ ਗੁਰਜੀਤ ਸਿੰਘ, ਗੁਰਮੇਲ ਸਿੰਘ, ਜਸਪ੍ਰੀਤ ਸਿੰਘ, ਭਰਪੂਰ ਕੌਰ, ਜਸਵੀਰ ਸਿੰਘ ਗਿੱਲ, ਦਵਿੰਦਰ ਸਿੰਘ ਜਟਾਣਾ, ਕੋਚ ਜੀ.ਐਸ. ਚੀਮਾ, ਪ੍ਰਦੀਪ ਸਿੰਘ, ਜਸ਼ਨਦੀਪ ਕੌਰ, ਰਵਿੰਦਰ ਕੌਰ, ਸੁਨੀਤਾ ਰਾਣੀ, ਕਰਨ ਸੋਈ, ਉਪਕਾਰਦੀਪ ਕੌਰ, ਸੁਖਰਾਜ ਸਿੰਘ ਸਮੇਤ ਸਮੂਹ ਖੇਡ ਅਮਲਾ ਹਾਜ਼ਰ ਸੀ।