ਪਿੰਡ ਦੜੋਲੀ 'ਚ ਤੇਂਦੂਏ ਦੀ ਦਹਿਸ਼ਤ! ਲੰਬੜਦਾਰ ਦੀ ਬੱਕਰੀ ਤੇ ਦੋ ਪਾਲਤੂ ਕੁੱਤਿਆਂ ਨੂੰ ਬਣਾਇਆ ਸ਼ਿਕਾਰ, CCTV 'ਚ ਕੈਦ ਹੋਈ ਸਾਰੀ ਵਾਰਦਾਤ ਕਰੀਬੀ ਪਿੰਡ ਦੜੋਲੀ ਵਿਖੇ ਬੀਤੇ ਕਈ ਦਿਨਾਂ ਤੋਂ ਰਿਹਾਇਸ਼ੀ ਇਲਾਕੇ ਵਿੱਚ ਤੇਂਦੂਏ ਦੀ ਆਮਦ ਕਾਰਨ ਪਿੰਡ ਵਾਸੀਆਂ ਵਿੱਚ ਭਾਰੀ ਸਹਿਮ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਤੇਂਦੂਏ ਵੱਲੋਂ ਪਿੰਡ ਦੇ ਲੰਬੜਦਾਰ ਸ. ਨਿਰਮਲ ਸਿੰਘ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਪਹਿਲਾਂ ਇੱਕ ਬੱਕਰੀ ਅਤੇ ਫਿਰ ਲਗਾਤਾਰ ਦੋ ਪਾਲਤੂ ਕੁੱਤਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਹੈ।
Publish Date: Tue, 24 Nov 2026 12:00 PM (IST)
Updated Date: Tue, 24 Nov 2026 12:01 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਕਰੀਬੀ ਪਿੰਡ ਦੜੋਲੀ ਵਿਖੇ ਬੀਤੇ ਕਈ ਦਿਨਾਂ ਤੋਂ ਰਿਹਾਇਸ਼ੀ ਇਲਾਕੇ ਵਿੱਚ ਤੇਂਦੂਏ ਦੀ ਆਮਦ ਕਾਰਨ ਪਿੰਡ ਵਾਸੀਆਂ ਵਿੱਚ ਭਾਰੀ ਸਹਿਮ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਤੇਂਦੂਏ ਵੱਲੋਂ ਪਿੰਡ ਦੇ ਲੰਬੜਦਾਰ ਸ. ਨਿਰਮਲ ਸਿੰਘ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਪਹਿਲਾਂ ਇੱਕ ਬੱਕਰੀ ਅਤੇ ਫਿਰ ਲਗਾਤਾਰ ਦੋ ਪਾਲਤੂ ਕੁੱਤਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਹੈ। ਕੁੱਤੇ ਨੂੰ ਸ਼ਿਕਾਰ ਕਰਕੇ ਲਿਜਾਣ ਦੀ ਇਹ ਪੂਰੀ ਵਾਰਦਾਤ ਲੰਬੜਦਾਰ ਦੇ ਘਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਸੂਚਨਾ ਮਿਲਣ ਤੋਂ ਬਾਅਦ ਹਰਕਤ ਵਿੱਚ ਆਉਂਦਿਆਂ ਜੰਗਲੀ ਜੀਵ ਵਿਭਾਗ ਦੀ ਟੀਮ ਵੱਲੋਂ ਅੱਜ ਪਿੰਡ ਦੜੋਲੀ ਵਿਖੇ ਤੇਂਦੂਏ ਨੂੰ ਕਾਬੂ ਕਰਨ ਲਈ ਪਿੰਜਰਾ ਲਗਾ ਦਿੱਤਾ ਗਿਆ ਹੈ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਲੰਬੜਦਾਰ ਸ. ਨਿਰਮਲ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਇੱਕ ਬੱਕਰੀ ਗਾਇਬ ਹੋ ਗਈ ਸੀ, ਜਿਸ ਬਾਰੇ ਪਰਿਵਾਰ ਨੇ ਸੋਚਿਆ ਕਿ ਸ਼ਾਇਦ ਆਵਾਰਾ ਕੁੱਤੇ ਚੁੱਕ ਕੇ ਲੈ ਗਏ ਹੋਣਗੇ। ਪਰ ਇਸ ਤੋਂ ਬਾਅਦ ਲਗਾਤਾਰ ਦੋ ਪਾਲਤੂ ਕੁੱਤੇ ਤੇਂਦੂਏ ਦਾ ਸ਼ਿਕਾਰ ਬਣ ਗਏ। ਉਨ੍ਹਾਂ ਦੱਸਿਆ ਕਿ ਘਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਲਾਈਵ ਫੀਡ ਰਾਹੀਂ ਸਾਊਦੀ ਅਰਬ ਬੈਠੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਇਹ ਵਾਰਦਾਤ ਦੇਖ ਲਈ ਅਤੇ ਤੁਰੰਤ ਫੋਨ ਕਰਕੇ ਪਿੰਡ ਸੂਚਿਤ ਕੀਤਾ ਕਿ ਤੇਂਦੂਆ ਕੁੱਤੇ ਦਾ ਸ਼ਿਕਾਰ ਕਰਕੇ ਲੈ ਗਿਆ ਹੈ।
ਲੰਬੜਦਾਰ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਤੋਂ ਬਿਲਕੁਲ ਅੱਗੇ ਪਿੰਡ ਦਾ ਪ੍ਰਾਈਮਰੀ ਸਕੂਲ ਸਥਿਤ ਹੈ, ਜਿੱਥੇ ਰੋਜ਼ਾਨਾ ਛੋਟੇ ਬੱਚੇ ਪੜ੍ਹਨ ਲਈ ਆਉਂਦੇ-ਜਾਂਦੇ ਹਨ। ਰਿਹਾਇਸ਼ੀ ਇਲਾਕੇ ਵਿੱਚ ਤੇਂਦੂਏ ਦੇ ਘੁੰਮਣ ਕਾਰਨ ਸਕੂਲੀ ਬੱਚਿਆਂ ਅਤੇ ਪਾਲਤੂ ਪਸ਼ੂਆਂ ਦੀ ਜਾਨ ਨੂੰ ਹਰ ਵੇਲੇ ਖ਼ਤਰਾ ਬਣਿਆ ਹੋਇਆ ਸੀ। ਕਿਉਂਕਿ ਪਿੰਡ ਵਾਸੀ ਆਪਣੇ ਪੱਧਰ ’ਤੇ ਤੇਂਦੂਏ ਨੂੰ ਕਾਬੂ ਨਹੀਂ ਕਰ ਸਕਦੇ ਸਨ, ਇਸ ਲਈ ਉਨ੍ਹਾਂ ਤੁਰੰਤ ਜੰਗਲੀ ਜੀਵ ਵਿਭਾਗ ਨੂੰ ਸੂਚਿਤ ਕੀਤਾ। ਉਨ੍ਹਾਂ ਵਿਭਾਗ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਪਿੰਜਰਾ ਲਗਾਉਣ ਅਤੇ ਪੂਰਾ ਸਹਿਯੋਗ ਦੇਣ ਲਈ ਧੰਨਵਾਦ ਵੀ ਕੀਤਾ।
ਮੌਕੇ ’ਤੇ ਪੁੱਜੇ ਜੰਗਲੀ ਜੀਵ ਵਿਭਾਗ ਦੇ ਬਲਾਕ ਅਫ਼ਸਰ (ਬੀ.ਓ.) ਨਰਿੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਲੰਬੜਦਾਰ ਸ. ਨਿਰਮਲ ਸਿੰਘ ਵੱਲੋਂ ਫੋਨ ਰਾਹੀਂ ਸੂਚਨਾ ਦਿੱਤੀ ਗਈ ਸੀ, ਜਿਸ ਤੋਂ ਬਾਅਦ ਵਣ ਮੰਡਲ ਅਫ਼ਸਰ ਅਤੇ ਰੇਂਜ ਅਫ਼ਸਰ ਦੇ ਆਦੇਸ਼ਾਂ ਤਹਿਤ ਪਿੰਡ ਵਿੱਚ ਪਿੰਜਰਾ ਲਗਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੀ ਸਰਹੱਦ ਅਤੇ ਨਾਲ ਲੱਗਦੇ ਜੰਗਲੀ ਇਲਾਕੇ ਕਾਰਨ ਤੇਂਦੂਆ ਅਕਸਰ ਸ਼ਿਕਾਰ ਦੀ ਭਾਲ ਵਿੱਚ ਇੱਧਰ ਆ ਜਾਂਦਾ ਹੈ।
ਬੀ.ਓ. ਨਰਿੰਦਰਪ੍ਰੀਤ ਸਿੰਘ ਨੇ ਕਿਹਾ ਕਿ ਪਹਿਲਾਂ ਵੀ ਲੰਬੜਦਾਰ ਨਿਰਮਲ ਸਿੰਘ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇੱਕ ਤੇਂਦੂਆ ਫੜ ਕੇ ਚਿੜੀਆਘਰ ਛੱਡਿਆ ਗਿਆ ਸੀ ਅਤੇ ਜਲਦ ਹੀ ਇਸ ਤੇਂਦੂਏ ਨੂੰ ਵੀ ਕਾਬੂ ਕਰਕੇ ਸੁਰੱਖਿਅਤ ਥਾਂ ’ਤੇ ਛੱਡ ਦਿੱਤਾ ਜਾਵੇਗਾ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਘਬਰਾਉਣ ਦੀ ਬਜਾਏ ਸਾਵਧਾਨੀ ਵਰਤੀ ਜਾਵੇ—ਰਾਤ ਸਮੇਂ ਘਰਾਂ ਦੇ ਬਾਹਰ ਦੀਆਂ ਲਾਈਟਾਂ ਜਗਾ ਕੇ ਰੱਖੀਆਂ ਜਾਣ, ਰਾਤ ਵੇਲੇ ਇਕੱਲੇ ਬਾਹਰ ਨਿਕਲਣ ਦੀ ਥਾਂ ਸਮੂਹ ਵਿੱਚ ਟਾਰਚ ਅਤੇ ਸੋਟੀ ਲੈ ਕੇ ਨਿਕਲਿਆ ਜਾਵੇ ਅਤੇ ਪਸ਼ੂਆਂ ਸਮੇਤ ਖੁਦ ਵੀ ਇਕੱਲੇ ਜੰਗਲ ਵੱਲ ਨਾ ਜਾਇਆ ਜਾਵੇ। ਇਸ ਮੌਕੇ ਵਿਭਾਗ ਦੇ ਹੋਰ ਕਰਮਚਾਰੀ ਅੰਮ੍ਰਿਤ ਲਾਲ , ਪੰਜਾਬ ਸਿੰਘ , ਸੰਜੀਵ ਕੁਮਾਰ ਅਤੇ ਪਿੰਡ ਵਾਸੀ ਮੌਜੂਦ ਸਨ।