ਐਂਟੀ ਮਨੀ ਲਾਂਡਰਿੰਗ ਸੁਸਾਇਟੀ ਵੱਲੋਂ ਮੁਫ਼ਤ ਮੈਮੋਗ੍ਰਾਫੀ ਤੇ ਜਨਰਲ ਚੈੱਕਅਪ ਕੈਂਪ ਐਂਟੀ ਮਨੀ ਲਾਂਡਰਿੰਗ ਸੁਸਾਇਟੀ ਵੱਲੋਂ ਸੋਹਾਣਾ ਹਸਪਤਾਲ ਦੇ ਸਹਿਯੋਗ ਨਾਲ ਮੁਫ਼ਤ ਮੈਮੋਗ੍ਰਾਫੀ ਅਤੇ ਜਨਰਲ ਚੈੱਕਅਪ ਕੈਂਪ
Publish Date: Sun, 18 Oct 2026 03:36 PM (IST)
Updated Date: Sun, 18 Oct 2026 03:39 PM (IST)
ਔਰਤਾਂ ਨੂੰ ਛਾਤੀ ਦੇ ਕੈਂਸਰ ਪ੍ਰਤੀ ਜਾਗਰੂਕ ਕਰਨਾ ਮੁੱਖ ਉਦੇਸ਼ : ਡਾ. ਦੀਪਕ ਸਿੰਗਲਾ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ,ਰੂਪਨਗਰ : ਐਂਟੀ ਮਨੀ ਲਾਂਡਰਿੰਗ ਸੁਸਾਇਟੀ ਵੱਲੋਂ ਚੇਅਰਮੈਨ ਡਾ. ਦੀਪਕ ਸਿੰਗਲਾ ਦੀ ਅਗਵਾਈ ਹੇਠ ਸੋਹਾਣਾ ਹਸਪਤਾਲ ਦੇ ਸਹਿਯੋਗ ਨਾਲ ਔਰਤਾਂ ਦੀ ਸਿਹਤ ਨੂੰ ਸਮਰਪਿਤ ਮੁਫ਼ਤ ਮੈਮੋਗ੍ਰਾਫੀ ਅਤੇ ਜਨਰਲ ਹੈਲਥ ਚੈੱਕਅਪ ਕੈਂਪ ਦਾ ਉਪਰਾਲਾ ਕੀਤਾ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਔਰਤਾਂ ਨੂੰ ਛਾਤੀ ਦੇ ਕੈਂਸਰ ਪ੍ਰਤੀ ਜਾਗਰੂਕ ਕਰਨਾ ਅਤੇ ਸਮੇਂ ਸਿਰ ਜਾਂਚ ਕਰਵਾਉਣ ਲਈ ਪ੍ਰੇਰਿਤ ਕਰਨਾ ਹੈ। ਇਸ ਸਿਹਤ ਮੁਹਿੰਮ ਨਾਲ ਡਾ. ਮੀਨਾਕਸ਼ੀ ਬਾਂਸਲ ਅਤੇ ਡਾ. ਮੁਕੁਲ ਪਵਾਰ ਵੀ ਯੋਗਦਾਨ ਪਾ ਰਹੇ ਹਨ। ਇਸ ਮੌਕੇ ਚੇਅਰਮੈਨ ਡਾ. ਦੀਪਕ ਸਿੰਗਲਾ ਨੇ ਕਿਹਾ ਕਿ ਅੱਜ ਦੇ ਸਮੇਂ ’ਚ ਔਰਤਾਂ ਲਈ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ। ਛਾਤੀ ਦੇ ਕੈਂਸਰ ਦੇ ਸ਼ੁਰੂਆਤੀ ਪੜਾਅ ’ਚ ਪਛਾਣ ਹੋਣ ਨਾਲ ਇਲਾਜ ਦੀ ਸਫਲਤਾ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ। ਮੈਮੋਗ੍ਰਾਫੀ ਇੱਕ ਮਹੱਤਵਪੂਰਨ ਜਾਂਚ ਹੈ, ਜੋ ਛਾਤੀ ਦੇ ਕੈਂਸਰ ਦੀ ਸਮੇਂ ਸਿਰ ਪਛਾਣ ਕਰਨ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸੋਹਾਣਾ ਹਸਪਤਾਲ ਵਰਗੀਆਂ ਸਿਹਤ ਸੰਸਥਾਵਾਂ ਦੇ ਸਹਿਯੋਗ ਨਾਲ ਅਜਿਹੇ ਉਪਰਾਲੇ ਸਮਾਜ ਲਈ ਬਹੁਤ ਲਾਹੇਵੰਦ ਹਨ। ਐਂਟੀ ਮਨੀ ਲਾਂਡਰਿੰਗ ਸੁਸਾਇਟੀ ਦਾ ਮਕਸਦ ਸਮਾਜ ਸੇਵਾ ਦੇ ਨਾਲ-ਨਾਲ ਲੋਕਾਂ ਨੂੰ ਸਿਹਤ, ਸਿੱਖਿਆ ਅਤੇ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਕਰਨਾ ਵੀ ਹੈ। ਡਾ. ਦੀਪਕ ਸਿੰਗਲਾ ਨੇ ਸਮੂਹ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਿਹਤ ਨੂੰ ਪਹਿਲ ਦੇਣ ਅਤੇ ਡਾਕਟਰੀ ਸਲਾਹ ਅਨੁਸਾਰ ਸਮੇਂ-ਸਮੇਂ ’ਤੇ ਲੋੜੀਂਦੀ ਜਾਂਚ ਜ਼ਰੂਰ ਕਰਵਾਉਣ। ਉਨ੍ਹਾਂ ਨੇ ਸੋਹਾਣਾ ਹਸਪਤਾਲ ਅਤੇ ਸਿਹਤ ਸੇਵਾਵਾਂ ਨਾਲ ਜੁੜੇ ਡਾਕਟਰਾਂ ਦੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਵਿੱਖ ’ਚ ਵੀ ਸਮਾਜ ਦੀ ਭਲਾਈ ਲਈ ਅਜਿਹੇ ਸਿਹਤ ਜਾਗਰੂਕਤਾ ਉਪਰਾਲਿਆਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ।