ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਤਹਿਤ ਜ਼ਿਲ੍ਹਾ ਪੱਧਰੀ ਵਰਕਸ਼ਾਪ ਕਰਵਾਈ ਮਰੀਜ਼ਾਂ ਦੇ ਸਿਹਤ ਰਿਕਾਰਡ ਨੂੰ ਸੰਭਾਲਣ ਅਤੇ ਮਿਆਰੀ ਸਿਹਤ ਸੇਵਾਵਾਂ ਲਈ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਸ਼ੁਰੂਆਤ
Publish Date: Tue, 13 Oct 2026 05:46 PM (IST)
Updated Date: Tue, 13 Oct 2026 05:47 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ,ਰੂਪਨਗਰ: ਸਿਹਤ ਸੇਵਾਵਾਂ ਨੂੰ ਡਿਜੀਟਲ ਤਕਨੀਕ ਨਾਲ ਜੋੜਨ, ਮਰੀਜ਼ਾਂ ਦੇ ਸਿਹਤ ਰਿਕਾਰਡ ਨੂੰ ਸੁਚਾਰੂ ਢੰਗ ਨਾਲ ਸੰਭਾਲਣ ਅਤੇ ਸਿਹਤ ਸੇਵਾਵਾਂ ਦੀ ਕਾਰਜਕੁਸ਼ਲਤਾ ਤੇ ਪਾਰਦਰਸ਼ਤਾ ਵਧਾਉਣ ਦੇ ਉਦੇਸ਼ ਨਾਲ ਸਿਵਲ ਸਰਜਨ ਰੂਪਨਗਰ ਡਾ. ਵਿਵੇਕ ਕੁਮਾਰ ਦੀ ਪ੍ਰਧਾਨਗੀ ਹੇਠ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐਮ) ਤਹਿਤ ਜ਼ਿਲ੍ਹਾ ਪੱਧਰੀ ਵਰਕਸ਼ਾਪ ਕਰਵਾਈ ਗਈ। ਇਸ ਵਿਚ ਰਾਜ ਪੱਧਰ ਤੋਂ ਪਹੁੰਚੇ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਭਾਗੀਦਾਰਾਂ ਨੂੰ ਮਿਸ਼ਨ ਦੇ ਉਦੇਸ਼ਾਂ, ਕਾਰਜਪ੍ਰਣਾਲੀ ਅਤੇ ਡਿਜੀਟਲ ਸਿਹਤ ਪ੍ਰਣਾਲੀ ਨਾਲ ਜੁੜਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਵਰਕਸ਼ਾਪ ਵਿਚ ਜ਼ਿਲ੍ਹੇ ਦੀਆਂ ਵੱਖ-ਵੱਖ ਸਰਕਾਰੀ ਅਤੇ ਨਿੱਜੀ ਸਿਹਤ ਸੰਸਥਾਵਾਂ, ਹਸਪਤਾਲਾਂ, ਪ੍ਰਯੋਗਸ਼ਾਲਾਵਾਂ, ਨਰਸਿੰਗ ਹੋਮਾਂ ਅਤੇ ਅਲਟਰਾਸਾਊਂਡ ਸਕੈਨ ਕੇਂਦਰਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ। ਇਸ ਦਾ ਮੁੱਖ ਉਦੇਸ਼ ਸਿਹਤ ਸੰਸਥਾਵਾਂ ਨੂੰ ਡਿਜੀਟਲ ਸਿਹਤ ਪ੍ਰਣਾਲੀ ਦੇ ਲਾਭਾਂ ਬਾਰੇ ਜਾਗਰੂਕ ਕਰਨਾ ਅਤੇ ਇਸ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਨਾ ਸੀ। ਇਸ ਮੌਕੇ ਸਿਵਲ ਸਰਜਨ ਡਾ. ਵਿਵੇਕ ਕੁਮਾਰ ਨੇ ਕਿਹਾ ਕਿ ਮੌਜੂਦਾ ਡਿਜੀਟਲ ਯੁੱਗ ’ਚ ਸਿਹਤ ਸੇਵਾਵਾਂ ਨੂੰ ਆਧੁਨਿਕ ਤਕਨੀਕ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ। ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦਾ ਉਦੇਸ਼ ਦੇਸ਼ ਵਿਚ ਇੱਕ ਮਜ਼ਬੂਤ ਡਿਜੀਟਲ ਸਿਹਤ ਢਾਂਚਾ ਵਿਕਸਿਤ ਕਰਨਾ ਹੈ, ਜਿਸ ਨਾਲ ਮਰੀਜ਼ਾਂ ਅਤੇ ਸਿਹਤ ਸੇਵਾ ਪ੍ਰਦਾਤਾਵਾਂ ਵਿਚਕਾਰ ਤਾਲਮੇਲ ਬਿਹਤਰ ਬਣਾਇਆ ਜਾ ਸਕੇ। ਇਸ ਨਾਲ ਸਿਹਤ ਸੇਵਾਵਾਂ ਦੀ ਪਹੁੰਚ, ਗੁਣਵੱਤਾ ਅਤੇ ਕਾਰਜਕੁਸ਼ਲਤਾ ਵਿਚ ਸੁਧਾਰ ਲਿਆਉਣ ’ਚ ਮਦਦ ਮਿਲੇਗੀ। ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਕਮ ਨੋਡਲ ਅਫ਼ਸਰ ਏਬੀਡੀਐਮ ਡਾ. ਅੰਜਲੀ ਚੌਧਰੀ ਨੇ ਦੱਸਿਆ ਕਿ ਡਿਜੀਟਲ ਸਿਹਤ ਪ੍ਰਣਾਲੀ ਰਾਹੀਂ ਮਰੀਜ਼ਾਂ ਦੇ ਸਿਹਤ ਰਿਕਾਰਡ ਇਲੈਕਟ੍ਰਾਨਿਕ ਰੂਪ ਵਿਚ ਸੰਭਾਲੇ ਜਾ ਸਕਦੇ ਹਨ ਅਤੇ ਲੋੜ ਪੈਣ ’ਤੇ ਉਨ੍ਹਾਂ ਤੱਕ ਆਸਾਨੀ ਨਾਲ ਪਹੁੰਚ ਬਣਾਈ ਜਾ ਸਕਦੀ ਹੈ। ਇਸ ਨਾਲ ਮਰੀਜ਼ਾਂ ਨੂੰ ਵਾਰ-ਵਾਰ ਪੁਰਾਣੀਆਂ ਮੈਡੀਕਲ ਰਿਪੋਰਟਾਂ ਅਤੇ ਜਾਂਚਾਂ ਨਾਲ ਸਬੰਧਤ ਦਸਤਾਵੇਜ਼ ਨਾਲ ਲਿਜਾਣ ਦੀ ਪਰੇਸ਼ਾਨੀ ਘਟੇਗੀ ਅਤੇ ਇਲਾਜ ਦੌਰਾਨ ਸਿਹਤ ਸੇਵਾ ਪ੍ਰਦਾਤਾਵਾਂ ਨੂੰ ਲੋੜੀਂਦੀ ਜਾਣਕਾਰੀ ਪ੍ਰਾਪਤ ਕਰਨ ’ਚ ਸਹੂਲਤ ਮਿਲੇਗੀ। ਉਨ੍ਹਾਂ ਸਿਹਤ ਸੰਸਥਾਵਾਂ ਨੂੰ ਮਿਸ਼ਨ ਦੀਆਂ ਪ੍ਰਕਿਰਿਆਵਾਂ ਨੂੰ ਸਮਝਣ ਅਤੇ ਡਿਜੀਟਲ ਸਿਹਤ ਸੇਵਾਵਾਂ ਨੂੰ ਉਤਸ਼ਾਹਿਤ ਕਰਨ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਵਰਕਸ਼ਾਪ ਦੌਰਾਨ ਰਾਜ ਪੱਧਰ ਤੋਂ ਪਹੁੰਚੇ ਜੁਆਇੰਟ ਡਾਇਰੈਕਟਰ ਏਬੀਡੀਐਮ ਵਸੁੰਧਰਾ, ਗਗਨ ਸਿੱਧੂ ਅਤੇ ਅਕਸ਼ੇ ਕੁਮਾਰ ਨੇ ਮਿਸ਼ਨ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਭਾਗੀਦਾਰਾਂ ਨੂੰ ਆਭਾ ਨੰਬਰ, ਡਿਜੀਟਲ ਸਿਹਤ ਰਿਕਾਰਡ, ਸਿਹਤ ਸੰਸਥਾਵਾਂ ਦੀ ਡਿਜੀਟਲ ਪ੍ਰਣਾਲੀ ’ਚ ਰਜਿਸਟ੍ਰੇਸ਼ਨ ਅਤੇ ਮਿਸ਼ਨ ਅਧੀਨ ਉਪਲਬਧ ਸਹੂਲਤਾਂ ਬਾਰੇ ਜਾਣੂ ਕਰਵਾਇਆ ਗਿਆ। ਐਚਐਮਆਈਐਸ ਕੋਆਰਡੀਨੇਟਰ ਮੋਹਿਤ ਕੁਮਾਰ ਅਤੇ ਨਿਗਰਾਨੀ ਤੇ ਮੁਲਾਂਕਣ ਅਫ਼ਸਰ ਲਖਵੀਰ ਸਿੰਘ ਨੇ ਦੱਸਿਆ ਕਿ ਆਭਾ ਨੰਬਰ ਵਿਅਕਤੀ ਦੀ ਵਿਲੱਖਣ ਡਿਜੀਟਲ ਸਿਹਤ ਪਛਾਣ ਹੈ, ਜਿਸ ਰਾਹੀਂ ਉਹ ਆਪਣੇ ਸਿਹਤ ਰਿਕਾਰਡ ਨੂੰ ਡਿਜੀਟਲ ਰੂਪ ’ਚ ਜੋੜ ਅਤੇ ਸੰਭਾਲ ਸਕਦਾ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਦੇ ਸਿਹਤ ਰਿਕਾਰਡ ਤੱਕ ਪਹੁੰਚ ਉਸ ਦੀ ਸਹਿਮਤੀ ਅਤੇ ਲਾਗੂ ਨਿਯਮਾਂ ਅਨੁਸਾਰ ਹੀ ਹੋਣੀ ਚਾਹੀਦੀ ਹੈ। ਡਿਜੀਟਲ ਸਿਹਤ ਸੇਵਾਵਾਂ ਦੀ ਵਰਤੋਂ ਦੌਰਾਨ ਮਰੀਜ਼ਾਂ ਦੀ ਨਿੱਜਤਾ, ਡਾਟਾ ਸੁਰੱਖਿਆ ਅਤੇ ਗੁਪਤਤਾ ਯਕੀਨੀ ਬਣਾਉਣਾ ਵੀ ਬੇਹੱਦ ਜ਼ਰੂਰੀ ਹੈ। ਇਸ ਮੌਕੇ ਨੋਡਲ ਅਫ਼ਸਰ ਈ-ਗਵਰਨੈਂਸ, ਪੀਐਚਐਸਸੀ ਮਨਜੋਤ ਸਿੰਘ ਅਤੇ ਪ੍ਰੋਜੈਕਟ ਇੰਚਾਰਜ ਈ-ਸੁਸ਼ਰਤ ਸੌਰਵ ਕੁਮਾਰ ਨੇ ਵੀ ਸਰਕਾਰੀ ਅਤੇ ਨਿੱਜੀ ਸਿਹਤ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਆਪਣੇ ਅਦਾਰਿਆਂ ਵਿਚ ਡਿਜੀਟਲ ਸਿਹਤ ਪ੍ਰਣਾਲੀ ਸਬੰਧੀ ਜਾਗਰੂਕਤਾ ਵਧਾਉਣ ਅਤੇ ਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋੜੀਂਦੇ ਕਦਮ ਚੁੱਕਣ ਦੀ ਅਪੀਲ ਕੀਤੀ। ਵਰਕਸ਼ਾਪ ਦੇ ਅੰਤ ਵਿਚ ਭਾਗੀਦਾਰਾਂ ਨੂੰ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਮਹੱਤਤਾ ਨੂੰ ਸਮਝਦਿਆਂ ਇਸ ਨੂੰ ਜ਼ਮੀਨੀ ਪੱਧਰ ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਿਚ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ ਗਿਆ। ਉਮੀਦ ਪ੍ਰਗਟਾਈ ਗਈ ਕਿ ਡਿਜੀਟਲ ਸਿਹਤ ਸੇਵਾਵਾਂ ਦੇ ਵਿਸਥਾਰ ਨਾਲ ਜ਼ਿਲ੍ਹਾ ਰੂਪਨਗਰ ਵਿਚ ਸਿਹਤ ਸੇਵਾਵਾਂ ਦੀ ਕਾਰਜਪ੍ਰਣਾਲੀ ਹੋਰ ਸੁਚਾਰੂ ਬਣੇਗੀ ਅਤੇ ਮਰੀਜ਼ਾਂ ਨੂੰ ਆਧੁਨਿਕ ਸਿਹਤ ਸਹੂਲਤਾਂ ਦਾ ਵਧੇਰੇ ਲਾਭ ਮਿਲੇਗਾ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਉਰਮਿਲ, ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਸਿਵਲ ਹਸਪਤਾਲ ਰੂਪਨਗਰ ਡਾ. ਲਵਲੀਨ ਕੌਰ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਰਵਿੰਦਰ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਰਿਤੂ ਅਤੇ ਬੀਸੀਸੀ ਕੋਆਰਡੀਨੇਟਰ ਸੁਖਜੀਤ ਕੰਬੋਜ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।