41ਵਾਂ ਕੌਮੀ ਅੱਖਾਂ ਦਾਨ ਪੰਦਰਵਾੜਾ ਤਹਿਤ ਮੁਹਿੰਮ ਸ਼ੁਰੂ 41ਵਾਂ ਕੌਮੀ ਅੱਖਾਂ ਦਾਨ ਪੰਦਰਵਾੜਾ ਤਹਿਤ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ
Publish Date: Wed, 26 Aug 2026 03:55 PM (IST)
Updated Date: Wed, 26 Aug 2026 03:58 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਰਗਣ, ਰੂਪਨਗਰ : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਰੂਪਨਗਰ ਵਿੱਚ 41ਵਾਂ ਕੌਮੀ ਅੱਖਾਂ ਦਾਨ ਪੰਦਰਵਾੜਾ 25 ਅਗਸਤ ਤੋਂ 8 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸਿਵਲ ਸਰਜਨ ਰੂਪਨਗਰ ਡਾ. ਬੌਬੀ ਗੁਲਾਟੀ ਨੇ ਜਾਗਰੂਕਤਾ ਮੁਹਿੰਮ ਦੀ ਰਸਮੀ ਸ਼ੁਰੂਆਤ ਕਰਦਿਆਂ ਕਿਹਾ ਕਿ ਪੰਦਰਵਾੜੇ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿਚ ਵਿਆਪਕ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਆਮ ਲੋਕਾਂ, ਨੌਜਵਾਨਾਂ, ਸਮਾਜ ਸੇਵੀ ਸੰਸਥਾਵਾਂ ਅਤੇ ਵੱਖ-ਵੱਖ ਭਾਈਚਾਰਿਆਂ ਨੂੰ ਇਸ ਮੁਹਿੰਮ ਨਾਲ ਜੋੜਨ ਲਈ ਸੂਚਨਾ, ਸਿੱਖਿਆ ਅਤੇ ਸੰਚਾਰ ਗਤੀਵਿਧੀਆਂ ਵੀ ਚਲਾਈਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ ਕਾਰਨੀਆ ਦੇ ਟਰਾਂਸਪਲੇਸ਼ਨ ਲਈ ਦਾਨ ਕੀਤੇ ਕਾਰਨੀਆ ਦੀ ਲੋੜ ਹੈ। ਅੱਖ ਦੀ ਪੁਤਲੀ ਦੇ ਸਾਹਮਣੇ ਮੌਜੂਦ ਪਾਰਦਰਸ਼ੀ ਪਰਤ ਨੂੰ ਕਾਰਨੀਆ ਕਿਹਾ ਜਾਂਦਾ ਹੈ। ਬਿਮਾਰੀ, ਸੱਟ ਜਾਂ ਕਿਸੇ ਹੋਰ ਕਾਰਨ ਕਾਰਨੀਆ ਦੇ ਖ਼ਰਾਬ ਹੋਣ ਨਾਲ ਵਿਅਕਤੀ ਦੀ ਨਜ਼ਰ ਜਾ ਸਕਦੀ ਹੈ, ਜਿਸ ਨੂੰ ਕਾਰਨੀਅਲ ਅੰਨ੍ਹਾਪਣ ਕਿਹਾ ਜਾਂਦਾ ਹੈ। ਅਜਿਹੇ ਮਾਮਲਿਆਂ ਵਿਚ ਦਾਨ ਕੀਤੇ ਕਾਰਨੀਆ ਦਾ ਟਰਾਂਸਪਲੇਸ਼ਨ ਨਜ਼ਰ ਵਾਪਸ ਲਿਆਉਣ ਵਿਚ ਸਹਾਇਕ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਮਰਨ ਉਪਰੰਤ ਦਾਨੀ ਤੋਂ ਅੱਖ ਦਾ ਕਾਰਨੀਆ ਪ੍ਰਾਪਤ ਕਰਕੇ ਲੋੜਵੰਦ ਵਿਅਕਤੀ ਵਿਚ ਟਰਾਂਸਪਲੇਸ਼ਨ ਕੀਤਾ ਜਾਂਦਾ ਹੈ। ਇਸ ਡਾਕਟਰੀ ਪ੍ਰਕਿਰਿਆ ਨੂੰ ਕੇਰਾਟੋਪਲਾਸਟੀ ਕਿਹਾ ਜਾਂਦਾ ਹੈ। ਇੱਕ ਵਿਅਕਤੀ ਵੱਲੋਂ ਦਾਨ ਕੀਤੇ ਕਾਰਨੀਆ ਦੋ ਵਿਅਕਤੀਆਂ ਦੀ ਜ਼ਿੰਦਗੀ ਵਿਚ ਰੌਸ਼ਨੀ ਲਿਆਉਣ ਵਿਚ ਸਹਾਇਕ ਹੋ ਸਕਦੇ ਹਨ। ਸੀਐਮਓ ਨੇ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ, ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਆਗੂਆਂ ਅਤੇ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਹਾਨ ਕਾਰਜ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਮੌਤ ਤੋਂ ਬਾਅਦ ਸਰੀਰ ਮਿੱਟੀ ਜਾਂ ਰਾਖ ਬਣ ਜਾਂਦਾ ਹੈ, ਪਰ ਅੱਖਾਂ ਦਾਨ ਕਰਕੇ ਅਸੀਂ ਕਿਸੇ ਹੋਰ ਵਿਅਕਤੀ ਦੀ ਜ਼ਿੰਦਗੀ ਵਿਚ ਰੌਸ਼ਨੀ ਲਿਆ ਸਕਦੇ ਹਾਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਜ਼ਦੀਕੀ ਸਰਕਾਰੀ ਸਿਹਤ ਕੇਂਦਰ ਜਾਂ ਹਸਪਤਾਲ ਨਾਲ ਸੰਪਰਕ ਕਰਕੇ ਅੱਖਾਂ ਦਾਨ ਕਰਨ ਦਾ ਪ੍ਰਣ ਲੈਣ ਅਤੇ ਲੋੜੀਂਦਾ ਫਾਰਮ ਭਰਨ।