ਸਰਹੱਦੀ ਪਿੰਡ ਦੇ ਨਾਲੇ ’ਚੋਂ ਮਿਲੀਆਂ ਵੱਡੀ ਗਿਣਤੀ ’ਚ ਮਰੀਆਂ ਮੱਛੀਆਂ, ਲੋਕਾਂ ’ਚ ਦਹਿਸ਼ਤ ਤੇ ਪ੍ਰਸ਼ਾਸਨ ’ਤੇ ਚੁੱਕੇ ਸਵਾਲ
ਦੱਸਣਯੋਗ ਹੈ ਕਿ ਮਾਜਰਾ ਪਿੰਡ ’ਚ ਸ਼ਿਵਾਲਿਕ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਦੇ ਖ਼ਿਲਾਫ਼ ਪਿਛਲੇ ਤਿੰਨ ਮਹੀਨੇ ਤੋਂ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਹੈ ਅਤੇ ਪਿੰਡ ਦੀਆਂ ਔਰਤਾਂ ਪਲਾਂਟ ਬੰਦ ਕਰਾਉਣ ਲਈ ਧਰਨੇ ’ਤੇ ਬੈਠੀਆਂ ਹਨ। ਇਲਾਕਾ ਨਿਵਾਸੀਆ ਨੇ ਮੌਜੂਦਾ ਸਮੇਂ ’ਚ ਲਗਾਏ ਗਏ ਉਦਯੋਗਿਕ ਪਲਾਂਟ ਅਤੇ ਕੈਮੀਕਲ ਇਕਾਈਆਂ ਤੋਂ ਨਿਕਲ ਰਿਹਾ ਪ੍ਰਦੂਸ਼ਿਤ ਪਾਣੀ ’ਤੇ ਸਵਾਲ ਚੁੱਕੇ ਹਨ।
Publish Date: Thu, 27 Aug 2026 01:19 PM (IST)
Updated Date: Thu, 27 Aug 2026 01:24 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ। ਪੰਜਾਬ ਹਿਮਾਚਲ ਪ੍ਰਦੇਸ਼ ਸਰਹੱਦੀ ਇਲਾਕੇ ਦੇ ਪਿੰਡ ਮਾਜਰਾ ਨਜ਼ਦੀਕ ਇੱਕ ਨਾਲੇ ’ਚੋਂ ਵੱਡੀ ਗਿਣਤੀ ’ਚ ਮਰੀਆਂ ਮੱਛੀਆਂ ਮਿਲਣ ਕਾਰਨ ਸਥਾਨਕ ਇਲਾਕਾ ਨਿਵਾਸੀਆਂ ਦੀ ਚਿੰਤਾ ਹੋਰ ਵੱਧ ਗਈ ਹੈ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਇਸ ਨਾਲੇ ’ਚ ਪਹੁੰਚ ਰਹੇ ਕੈਮੀਕਲ ਯੁਕਤ ਪਾਣੀ ਨਾਲ ਮੱਛੀਆਂ ਦੀ ਮੌਤ ਹੋਈ ਹੈ ਇਹ ਪਾਣੀ ਸਰਸਾ ਨਦੀ ’ਚੋਂ ਹੁੰਦਾ ਹੋਇਆ ਅੱਗੇ ਰੂਪਨਗਰ ਸਰਹੰਦ ਹੈੱਡਵਰਕਸ ’ਤੇ ਪਹੁੰਚਦਾ ਹੈ ਅਤੇ ਸਤਲੁਜ ਦਰਿਆ ’ਚ ਮਿਲਦਾ ਹੈ।
ਦੱਸਣਯੋਗ ਹੈ ਕਿ ਮਾਜਰਾ ਪਿੰਡ ’ਚ ਸ਼ਿਵਾਲਿਕ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਦੇ ਖ਼ਿਲਾਫ਼ ਪਿਛਲੇ ਤਿੰਨ ਮਹੀਨੇ ਤੋਂ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਹੈ ਅਤੇ ਪਿੰਡ ਦੀਆਂ ਔਰਤਾਂ ਪਲਾਂਟ ਬੰਦ ਕਰਾਉਣ ਲਈ ਧਰਨੇ ’ਤੇ ਬੈਠੀਆਂ ਹਨ। ਇਲਾਕਾ ਨਿਵਾਸੀਆ ਨੇ ਮੌਜੂਦਾ ਸਮੇਂ ’ਚ ਲਗਾਏ ਗਏ ਉਦਯੋਗਿਕ ਪਲਾਂਟ ਅਤੇ ਕੈਮੀਕਲ ਇਕਾਈਆਂ ਤੋਂ ਨਿਕਲ ਰਿਹਾ ਪ੍ਰਦੂਸ਼ਿਤ ਪਾਣੀ ’ਤੇ ਸਵਾਲ ਚੁੱਕੇ ਹਨ।
ਸਥਾਨਕ ਨਿਵਾਸੀ ਹਰਦਿਆਲ ਸਿੰਘ ਸੈਣੀ ਸਮੇਤ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹਾਲ ’ਚ ਹੀ ਕਚਰਾ ਪਲਾਂਟ ਤੋਂ ਇਲਾਵਾ ਵੀ ਕਈ ਨਵੀਆਂ ਫੈਕਟਰੀਆਂ ਇਲਾਕੇ ’ਚ ਲੱਗੀਆਂ ਹਨ। ਉਨ੍ਹਾਂ ਕੈਮੀਕਲ ਪਲਾਂਟਾਂ ਤੋਂ ਨਿਕਲ ਰਹੇ ਜ਼ਹਿਰੀਲੇ ਪਾਣੀ ਕਰਨ ਨਾਲੇ ਦਾ ਪਾਣੀ ਦੂਸ਼ਿਤ ਹੋਇਆ ਹੈ, ਇਹ ਸਥਿਤੀ ਦਿਨੋਂ-ਦਿਨ ਵਿਗੜ ਰਹੀ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਦਿਨੀ ਰਾਸ਼ਟਰੀ ਪੰਛੀ ਕਈ ਮੋਰ ਵੀ ਨਾਲੇ ਦਾ ਪਾਣੀ ਪੀਣ ਕਾਰਨ ਮ੍ਰਿਤਕ ਮਿਲੇ ਸਨ ਅਤੇ ਹੁਣ ਵੱਡੀ ਗਿਣਤੀ ’ਚ ਮ੍ਰਿਤਕ ਮੱਛੀਆਂ ਬਰਾਮਦ ਹੋਣ ਨਾਲ ਇਹ ਸਾਫ਼ ਹੋ ਗਿਆ ਹੈ ਕਿ ਇਸ ਦਾ ਅਸਰ ਜਲ ਜੀਵਾਂ, ਵਾਤਾਵਰਨ, ਮਨੁੱਖੀ ਜੀਵਨ ਸਮੇਤ ਪਸ਼ੂ ਪੰਛੀਆਂ ਅਤੇ ਖੇਤੀਬਾੜੀ ’ਤੇ ਭਿਆਨਕ ਅਸਰ ਪੈ ਰਿਹਾ ਹੈ।
ਸਥਾਨਕ ਲੋਕਾਂ ਨੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੂੰ ਦੱਸਿਆ ਕਿ ਜੇਕਰ ਤੁਰੰਤ ਪ੍ਰਭਾਵ ਨਾਲ ਇਨ੍ਹਾਂ ਨੂੰ ਨਾ ਰੋਕਿਆ ਗਿਆ ਤਾਂ ਇਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ ਜਿਸ ਦੀ ਮਾਰ ਪੰਜਾਬ ਦੇ 100 ਕਿਲੋਮੀਟਰ ਏਰੀਆ ਤੱਕ ਪੈ ਸਕਦੀ ਹੈ।
ਉਦਯੋਗਿਕ ਇਕਾਈਆਂ ਦਾ ਕੈਮੀਕਲ ਯੁਕਤ ਕਚਰਾ ਅਤੇ ਪੂਰੇ ਹਿਮਾਚਲ ਦੇ ਹਸਪਤਾਲਾਂ ਦੀ ਗੰਦਗੀ ਲਗਪਗ ਸਾਢੇ ਚਾਰ ਲੱਖ ਮੀਟ੍ਰਿਕ ਟਨ ਕਚਰਾ ਪਲਾਂਟ ’ਚ ਜਮਾ ਹੈ ਅਤੇ ਪਲਾਂਟ ਬਰਸਾਤਾਂ ਦੇ ਦਿਨਾਂ ਵਿੱ’ਚ ਭਿਆਨਕ ਕੈਮੀਕਲ ਨਾਲਿਆਂ ਰਾਹੀਂ ਸਰਸਾ ਨਦੀ ’ਚ ਰੋਡ ਦਿੰਦੇ ਹਨ। ਸਥਾਨਕ ਲੋਕਾਂ ਵੱਲੋਂ ਪਲਾਂਟ ਨੂੰ ਬੰਦ ਕਰਨ ਜਾਂ ਇਸ ਦਾ ਪ੍ਰਦੂਸ਼ਣ ਰਹਿਤ ਸਥਾਈ ਹੱਲ ਕਰਨ ਦੀ ਮੰਗ ਕਰ ਰਹੇ ਹਨ। ਪਿੰਡ ਦੇ ਲੋਕ ਭਿਆਨਕ ਬਿਮਾਰੀਆਂ ਤੋਂ ਪੀੜਤ ਹਨ।
ਇਲਾਕਾ ਨਿਵਾਸੀਆਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਮੋਰਚਾ ਵੱਲੋਂ ਗੌਰਵ ਰਾਣਾ, ਖੁਸ਼ਵਿੰਦਰ ਸਿੰਘ ਜੰਡਪੁਰ, ਭਗਵੰਤ ਸਿੰਘ ਮਟੌਰ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਿੱਚ ਐਡਵੋਕੇਟ ਉਤਾਸ ਮੌਂਗਾ ਰਾਹੀਂ ਪਟੀਸ਼ਨ ਦਾਇਰ ਕੀਤੀ ਗਈ ਹੈ ਅਤੇ ਹਿਮਾਚਲ ਪ੍ਰਸ਼ਾਸਨ ਨੂੰ ਵੀ ਨੋਟਿਸ ਭੇਜ ਕੇ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ ਹੈ।
ਇਸ ਸਬੰਧੀ ਰਾਣਾ ਨੇ ਕਿਹਾ ਕਿ ਸਿਰਫ਼ ਕਾਨੂੰਨੀ ਲੜਾਈ ਨਹੀਂ ਸਗੋਂ ਜ਼ਮੀਨੀ ਪੱਧਰ ’ਤੇ ਵੀ ਸੰਘਰਸ਼ ਜਾਰੀ ਰਹੇਗਾ, ਉਨ੍ਹਾਂ ਕਿਹਾ ਕਿ ਨਾਲੇ ਦੇ ਪਾਣੀ ਦੇ ਸੈਂਪਲ ਨੂੰ ਲੈ ਕੇ ਦੋਸ਼ੀ ਫੈਕਟਰੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਜ਼ਰੂਰੀ ਹੈ। ਸਰਸਾ ਨਦੀ ਦੇ ਰਸਤੇ ਕੈਮੀਕਲ ਯੁਕਤ ਪਾਣੀ ਪੰਜਾਬ ਪਹੁੰਚ ਰਿਹਾ ਹੈ। ਪਿੰਡ ਵਾਸੀਆਂ ਅਨੁਸਾਰ ਜਿਸ ਨਾਲੇ ’ਚ ਮੱਛੀਆਂ ਮ੍ਰਿਤਕ ਮਿਲੀਆਂ ਹਨ, ਉਸ ਦਾ ਪਾਣੀ ਸਰਸਾ ਨਦੀ ਨੂੰ ਜਾਂਦਾ ਹੈ ਅਤੇ ਪੰਜਾਬ ਅੰਦਰ ਰੂਪ ਨਗਰ ਸਰਹੰਦ ਹੈੱਡਵਰਕਸ ਇਲਾਕੇ ਤੋਂ ਪੰਜਾਬ ਨੂੰ ਮਾਰ ਕਰਦਾ ਹੈ।
ਸਰਹੱਦੀ ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਪਾਣੀ ਦੇ ਸੈਂਪਲ ਲੈ ਕੇ ਇਸ ਦੀ ਜਾਂਚ ਕਰਵਾਈ ਜਾਵੇ ਅਤੇ ਦੋਸ਼ੀ ਫੈਕਟਰੀਆਂ ਅਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।