ਲਾਲਪੁਰਾ ਅੱਗ ਹਾਦਸੇ ’ਚ ਪੁੱਤਰ ਗੁਆਉਣ ਵਾਲੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਲਾਲਪੁਰਾ ਅੱਗ ਹਾਦਸੇ ਵਿਚ ਪੁੱਤਰ ਗੁਆਉਣ ਵਾਲੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
Publish Date: Mon, 23 Nov 2026 03:38 PM (IST)
Updated Date: Mon, 23 Nov 2026 03:40 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਭਾਜਪਾ ਜ਼ਿਲ੍ਹਾ ਪ੍ਰਧਾਨ ਰੂਪਨਗਰ ਅਜੈਵੀਰ ਸਿੰਘ ਲਾਲਪੁਰਾ ਨੇ ਪਿੰਡ ਥਲੀ ਖੁਰਦ ਵਿਖੇ ਅਮਰਜੀਤ ਸਿੰਘ ਦੇ ਗ੍ਰਹਿ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਦੀਵਾਲੀ ਵਾਲੇ ਦਿਨ ਇੱਕ ਧਮਾਕੇ ਕਾਰਨ ਲੱਗੀ ਅੱਗ ’ਚ ਅਮਰਜੀਤ ਸਿੰਘ ਦੇ ਪੁੱਤਰ ਦਾ ਦੁਖਦਾਈ ਅਕਾਲ ਚਲਾਣਾ ਹੋ ਗਿਆ ਸੀ। ਇਸ ਮੌਕੇ ਲਾਲਪੁਰਾ ਨੇ ਘਟਨਾ ਵਾਲੀ ਥਾਂ ਦਾ ਮੁਆਇਨਾ ਵੀ ਕੀਤਾ। ਮੌਕੇ ਦੀਆਂ ਤਸਵੀਰਾਂ ਹਾਦਸੇ ਦੀ ਭਿਆਨਕਤਾ ਨੂੰ ਬਿਆਨ ਕਰਦੀਆਂ ਹਨ। ਘਰ ਦੇ ਕੁਝ ਹਿੱਸੇ ਅੱਗ ਨਾਲ ਕਾਲੇ ਹੋਏ ਨਜ਼ਰ ਆਏ, ਵਿਹੜੇ ’ਚ ਖੜ੍ਹੀ ਕਾਰ ਪੂਰੀ ਤਰ੍ਹਾਂ ਸੜ ਚੁੱਕੀ ਸੀ ਤੇ ਕਮਰਿਆਂ ਅੰਦਰ ਸਾਮਾਨ ਸੜਿਆ ਪਿਆ ਸੀ। ਲਾਲਪੁਰਾ ਨੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨਾਲ ਮਿਲ ਕੇ ਹਾਦਸੇ ਬਾਰੇ ਜਾਣਕਾਰੀ ਲਈ ਤੇ ਬਜ਼ੁਰਗਾਂ ਨੂੰ ਹੌਸਲਾ ਦਿੱਤਾ। ਲਾਲਪੁਰਾ ਨੇ ਕਿਹਾ ਕਿ ਜਿਸ ਘਰ ’ਚ ਦੀਵਾਲੀ ਦੀਆਂ ਖ਼ੁਸ਼ੀਆਂ ਅਤੇ ਰੌਣਕਾਂ ਹੋਣੀਆਂ ਸਨ, ਉੱਥੇ ਅੱਜ ਪਸਰਿਆ ਸੋਗ ਦੇਖ ਕੇ ਮਨ ਬੇਹੱਦ ਭਾਵੁਕ ਹੋ ਗਿਆ। ਉਨ੍ਹਾਂ ਕਿਹਾ ਕਿ ਮਾਪਿਆਂ ਲਈ ਆਪਣੇ ਪੁੱਤਰ ਦਾ ਵਿਛੋੜਾ ਅਜਿਹਾ ਅਸਹਿ ਦੁੱਖ ਹੈ, ਜਿਸ ਨੂੰ ਸ਼ਬਦਾਂ ’ਚ ਬਿਆਨ ਕਰਨਾ ਵੀ ਮੁਸ਼ਕਲ ਹੈ ਤੇ ਕੋਈ ਵੀ ਦਿਲਾਸਾ ਇਸ ਘਾਟੇ ਨੂੰ ਪੂਰਾ ਨਹੀਂ ਕਰ ਸਕਦਾ। ਪਰਿਵਾਰ ਨੂੰ ਭਰੋਸਾ ਦਿਵਾਉਂਦਿਆਂ ਉਨ੍ਹਾਂ ਕਿਹਾ, “ਇਸ ਦੁੱਖ ਦੀ ਘੜੀ ’ਚ ਮੈਂ ਪਰਿਵਾਰ ਦੇ ਨਾਲ ਖੜ੍ਹਾ ਹਾਂ।” ਉਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ’ਚ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ’ਚ ਨਿਵਾਸ ਬਖ਼ਸ਼ਣ ਤੇ ਸਮੂਹ ਪਰਿਵਾਰ ਨੂੰ ਇਹ ਅਸਹਿ ਭਾਣਾ ਮੰਨਣ ਦਾ ਬਲ ਤੇ ਹੌਸਲਾ ਪ੍ਰਦਾਨ ਕਰਨ। ਜ਼ਿਕਰਯੋਗ ਹੈ ਕਿ ਤਿਉਹਾਰ ਵਾਲੇ ਦਿਨ ਵਾਪਰੇ ਇਸ ਹਾਦਸੇ ਨੇ ਪੂਰੇ ਪਰਿਵਾਰ ਨੂੰ ਡੂੰਘੇ ਸਦਮੇ ਵਿਚ ਪਾ ਦਿੱਤਾ ਹੈ। ਖ਼ੁਸ਼ੀਆਂ ਦਾ ਤਿਉਹਾਰ ਇਸ ਘਰ ਲਈ ਕਦੇ ਨਾ ਭੁੱਲਣ ਵਾਲਾ ਦੁੱਖ ਬਣ ਗਿਆ। ਅਜਿਹੇ ਸਮੇਂ ’ਚ ਸਮਾਜ ਤੇ ਲੋਕ ਨੁਮਾਇੰਦਿਆਂ ਦਾ ਪੀੜਤ ਪਰਿਵਾਰ ਨਾਲ ਖੜ੍ਹਨਾ ਉਨ੍ਹਾਂ ਨੂੰ ਇਸ ਮੁਸ਼ਕਲ ਘੜੀ ’ਚੋਂ ਨਿਕਲਣ ਦਾ ਹੌਸਲਾ ਦਿੰਦਾ ਹੈ। ਦੁੱਖ ਦੀ ਘੜੀ ’ਚ ਪੀੜਤ ਪਰਿਵਾਰਾਂ ਕੋਲ ਪਹੁੰਚਣਾ ਸਮਾਜਿਕ ਜ਼ਿੰਮੇਵਾਰੀ ਦਾ ਅਹਿਮ ਹਿੱਸਾ ਮੰਨਿਆ ਜਾਂਦਾ ਹੈ। ਇਸ ਮੌਕੇ ਪਿੰਡ ਦੇ ਕਈ ਵਸਨੀਕ ਵੀ ਪਰਿਵਾਰ ਦੇ ਘਰ ਮੌਜੂਦ ਸਨ।