‘ਪੰਜਾਬ ਕਲਾਈਮੇਟ ਕਨਕਲੇਵ 2026’ ’ਚ ਲਾਲਪੁਰਾ ਨੇ ਕੀਤੀ ਸ਼ਿਰਕਤ ਆਈਆਈਟੀ ਵਿਖੇ ਕਰਵਾਏ ‘ਪੰਜਾਬ ਕਲਾਈਮੇਟ ਕਨਕਲੇਵ 2026’ ਵਿਚ ਲਾਲਪੁਰਾ ਨੇ ਕੀਤੀ ਸ਼ਿਰਕਤ
Publish Date: Sun, 18 Oct 2026 06:05 PM (IST)
Updated Date: Sun, 18 Oct 2026 06:06 PM (IST)
ਵਾਤਾਵਰਣ ਦੀ ਸੰਭਾਲ ਤੇ ਰੋਪੜ ਦੇ ਵਿਕਾਸ ਨਾਲ ਜੁੜੇ ਮੁੱਦਿਆਂ ’ਤੇ ਹੋਈ ਚਰਚਾ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਆਈਆਈਟੀ ਰੂਪਨਗਰ ਵਿਖੇ ਐੱਸਐੱਫਡੀ ਪੰਜਾਬ ਅਤੇ ਥਿੰਕ ਇੰਡੀਆ ਪੰਜਾਬ ਵੱਲੋਂ ਕਰਵਾਏ ਗਏ ‘ਪੰਜਾਬ ਕਲਾਈਮੇਟ ਕਨਕਲੇਵ 2026’ ’ਚ ਭਾਜਪਾ ਦੀ ਸੰਸਦੀ ਬੋਰਡ ਦੇ ਮੈਂਬਰ ਅਤੇ ਸਾਬਕਾ ਚੇਅਰਮੈਨ ਕੌਮੀ ਘੱਟ ਗਿਣਤੀ ਕਮਿਸ਼ਨ ਇਕਬਾਲ ਸਿੰਘ ਲਾਲਪੁਰਾ ਅਤੇ ਭਾਜਪਾ ਰੋਪੜ ਦੇ ਸਰਕਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਨੇ ਸ਼ਿਰਕਤ ਕੀਤੀ। ਇਸ ਮੌਕੇ ਆਈਆਈਟੀ ਰੋਪੜ ਦੇ ਡਾਇਰੈਕਟਰ ਡਾ. ਰਾਜੀਵ ਆਹੂਜਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਕਨਕਲੇਵ ਦਾ ਮੁੱਖ ਵਿਸ਼ਾ ‘ਲਚਕੀਲਾਪਣ, ਜ਼ਿੰਮੇਵਾਰੀ ਅਤੇ ਸੁਧਾਰ’ ਰਿਹਾ, ਜਿਸ ਤਹਿਤ ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ, ਵਾਤਾਵਰਣ ਦੀ ਸੰਭਾਲ ਅਤੇ ਟਿਕਾਊ ਵਿਕਾਸ ਵਰਗੇ ਅਹਿਮ ਵਿਸ਼ਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੰਚ ਦਾ ਉਦੇਸ਼ ਵਾਤਾਵਰਣ ਸਬੰਧੀ ਸਮੱਸਿਆਵਾਂ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਪੰਜਾਬ ਨੂੰ ਹਰਿਆ ਭਰਿਆ ਤੇ ਵਾਤਾਵਰਣ ਪੱਖੋਂ ਮਜ਼ਬੂਤ ਬਣਾਉਣ ਲਈ ਸਾਂਝੇ ਯਤਨਾਂ ਨੂੰ ਉਤਸ਼ਾਹਿਤ ਕਰਨਾ ਸੀ। ਸਮਾਗਮ ਦੌਰਾਨ ਰੋਪੜ ਨਾਲ ਸਬੰਧਤ ਮੁੱਦਿਆਂ ਅਤੇ ਖੇਤਰ ਦੇ ਵਿਕਾਸ ਬਾਰੇ ਵੀ ਚਰਚਾ ਹੋਈ। ਇਸ ਮੌਕੇ ਵਾਤਾਵਰਣ ਦੀ ਸੁਰੱਖਿਆ, ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼ ਸੁਥਰਾ ਵਾਤਾਵਰਣ ਯਕੀਨੀ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਕਨਕਲੇਵ ’ਚ ਸਿੱਖਿਆ ਸੰਸਥਾਵਾਂ, ਨੌਜਵਾਨਾਂ ਅਤੇ ਸਮਾਜ ਦੇ ਵੱਖ ਵੱਖ ਵਰਗਾਂ ਦੀ ਭੂਮਿਕਾ ਨੂੰ ਮਹੱਤਵਪੂਰਨ ਮੰਨਿਆ ਗਿਆ। ਅਜਿਹੇ ਮੰਚ ਵਾਤਾਵਰਣ ਸਬੰਧੀ ਚੁਣੌਤੀਆਂ ਨੂੰ ਸਮਝਣ, ਨਵੇਂ ਵਿਚਾਰ ਸਾਂਝੇ ਕਰਨ ਅਤੇ ਟਿਕਾਊ ਵਿਕਾਸ ਲਈ ਸਹਿਯੋਗ ਦੇ ਮੌਕੇ ਪ੍ਰਦਾਨ ਕਰਦੇ ਹਨ। ਆਈਆਈਟੀ ਰੋਪੜ ਵਿਖੇ ਕਰਵਾਏ ਗਏ ਇਸ ਸਮਾਗਮ ਨੇ ਵਾਤਾਵਰਣ ਦੀ ਜ਼ਿੰਮੇਵਾਰੀ ਅਤੇ ਪੰਜਾਬ ਦੇ ਭਵਿੱਖ ਨਾਲ ਜੁੜੇ ਵਿਸ਼ਿਆਂ ’ਤੇ ਵਿਚਾਰ ਵਟਾਂਦਰੇ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕੀਤਾ।