ਅਕਾਲੀ-ਭਾਜਪਾ ਗੱਠਜੋੜ ਦੀ ਖੁਸ਼ੀ ’ਚ ਕਸਬਾ ਬੇਲਾ ’ਚ ਵੰਡੇ ਗਏ ਲੱਡੂ ਅਕਾਲੀ-ਭਾਜਪਾ ਗੱਠਜੋੜ ਹੋਣ ਦੀ ਖੁਸ਼ੀ ਵਿਚ ਕਸਬਾ ਬੇਲਾ ਵਿਖੇ ਵਰਕਰਾਂ ਵੱਲੋਂ ਵੰਡੇ ਗਏ ਲੱਡੂ
Publish Date: Thu, 26 Nov 2026 04:03 PM (IST)
Updated Date: Thu, 26 Nov 2026 04:04 PM (IST)
ਅਸ਼ੋਕ ਚੇਤਲ, ਪੰਜਾਬੀ ਜਾਗਰਣ, ਬੇਲਾ : ਪੰਜਾਬ ’ਚ 2027 ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ੍ਰੋਮਣੀ ਅਕਾਲੀ ਦਲ ਬਾਦਲ ਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਮੁੜ ਗੱਠਜੋੜ ਹੋਣ ਦੀ ਖੁਸ਼ੀ ’ਚ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਅਕਾਲੀ-ਭਾਜਪਾ ਆਗੂਆਂ ਤੇ ਵਰਕਰਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਸਬੰਧੀ ਸਰਕਲ ਬੇਲਾ ਤੇ ਬਹਿਰਾਮਪੁਰ ਬੇਟ ਦੇ ਅਹੁਦੇਦਾਰਾਂ ਤੇ ਵਰਕਰਾਂ ਵੱਲੋਂ ਕਸਬਾ ਬੇਲਾ ਵਿਖੇ ਸ੍ਰੋਮਣੀ ਅਕਾਲੀ ਦਲ ਦੇ ਬੀਸੀ. ਵਿੰਗ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ ਰਾਏਪੁਰ ਤੇ ਐੱਸਸੀ. ਵਿੰਗ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਮੱਕੋਵਾਲ ਦੀ ਅਗਵਾਈ ਹੇਠ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਬੀ.ਸੀ. ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ ਰਾਏਪੁਰ ਨੇ ਕਿਹਾ ਕਿ ਜਦੋਂ ਦਿਲਾਂ ’ਚ ਪੰਜਾਬ ਪ੍ਰਤੀ ਦਰਦ ਤੇ ਪਿਆਰ ਹੋਵੇ, ਤਾਂ ਏਕਤਾ ਦੀ ਹਰ ਰਾਹ ਤਰੱਕੀ ਵੱਲ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ, ਖੁਸ਼ਹਾਲੀ ਤੇ ਸੁਨਹਿਰੇ ਭਵਿੱਖ ਲਈ ਅਕਾਲੀ ਦਲ ਤੇ ਭਾਜਪਾ ਵੱਲੋਂ ਮੁੜ ਇਕੱਠੇ ਹੋ ਕੇ ਏਕਤਾ ਤੇ ਭਰੋਸੇ ਦਾ ਇਹ ਨਵਾਂ ਸਫ਼ਰ ਸ਼ੁਰੂ ਕੀਤਾ ਗਿਆ ਹੈ। ਇਸ ਦੌਰਾਨ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਮੱਕੋਵਾਲ ਨੇ ਸੂਬੇ ਦੀ ਮੌਜੂਦਾ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਸੂਬੇ ਦੇ ਲੋਕਾਂ ਨਾਲ ਨਸ਼ਿਆਂ ਦੇ ਖਾਤਮੇ ਤੇ ਬੇਅਦਬੀ ਮਾਮਲਿਆਂ ’ਚ ਇਨਸਾਫ਼ ਦਿਵਾਉਣ ਦੇ ਵਾਅਦੇ ਕਰਕੇ ਸੱਤਾ ’ਚ ਆਈ ਸੀ, ਪਰੰਤੂ ਆਪਣੇ ਕਾਰਜਕਾਲ ਦੌਰਾਨ ਨਾ ਤਾਂ ਬੇਅਦਬੀ ਦਾ ਇਨਸਾਫ਼ ਮਿਲਿਆ ਤੇ ਨਾ ਹੀ ਨਸ਼ੇ ਖ਼ਤਮ ਹੋਏ। ਇਸ ਮੌਕੇ ਸੀਨੀਅਰ ਅਕਾਲੀ ਨੇਤਾ ਕੁਲਬੀਰ ਸੈਣੀ ਨੇ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਇੱਕੋ ਸਿੱਕੇ ਦੇ ਦੋ ਪਹਿਲੂ ਹਨ, ਜਿਨ੍ਹਾਂ ਨੇ ਪੰਜਾਬ ਨੂੰ ਆਰਥਿਕ ਪੱਖੋਂ ਕੰਗਾਲ ਕਰਨ ’ਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਪੰਜਾਬ ਵਿੱਚੋਂ ਨਸ਼ਿਆਂ ਤੇ ਗੈਂਗਸਟਰਵਾਦ ਦਾ ਮੁਕੰਮਲ ਖਾਤਮਾ ਕਰਕੇ ਸੂਬੇ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣ ਲਈ ਪੂਰੀ ਤਰ੍ਹਾਂ ਤਤਪਰ ਹੈ। ਇਸ ਖੁਸ਼ੀ ਦੇ ਮੌਕੇ ’ਤੇ ਚਰਨਜੀਤ ਸਿੰਘ ਸਾਬਕਾ ਸਰਪੰਚ ਸਿਲੋਮਾਸਕੋ, ਗੁਰਜੀਤ ਸਿੰਘ ਆੜਤੀ ਫਿਰੋਜ਼ਪੁਰ, ਅਮਰੀਕ ਸਿੰਘ ਅਸਰਪੁਰ, ਦਲਵੀਰ ਸਿੰਘ, ਹਰਬੰਸ ਸਿੰਘ ਮੱਕੋਵਾਲ, ਅਮਰਿੰਦਰ ਸਿੰਘ ਬਿੰਦਰਾ ਜੰਡ ਸਾਹਿਬ, ਸੁਖਵਿੰਦਰ ਸਿੰਘ ਰੁੜਕੀ ਹੀਰਾਂ, ਸੰਦੀਪ ਸਿੰਘ, ਬਾਜ ਮਹਿਤੋਤ, ਗੁਲਸ਼ਨ ਸਿੰਘ, ਤਰਲੋਚਨ ਸਿੰਘ ਅਸਰਪੁਰ, ਦਰਸ਼ਨ ਸਿੰਘ ਬਹਿਰਾਮਪੁਰ ਬੇਟ, ਕਿਰਪਾਲ ਸਿੰਘ ਬੇਲਾ, ਮਹਿੰਦਰ ਸਿੰਘ ਬੇਲਾ, ਜਸਵਿੰਦਰ ਸਿੰਘ ਮਹਿਤੋਤ, ਕਮਲ ਪ੍ਰਿੰਟਰ ਤੇ ਸੰਨੀ ਰਾਮਗੜ੍ਹੀਆ ਤੋਂ ਇਲਾਵਾ ਵੱਡੀ ਗਿਣਤੀ ’ਚ ਅਕਾਲੀ-ਭਾਜਪਾ ਵਰਕਰ ਹਾਜ਼ਰ ਸਨ।