1 ਸਤੰਬਰ ਚੰਡੀਗੜ੍ਹ ਮੋਰਚੇ ਲਈ ਕਿਰਤੀ ਕਿਸਾਨ ਮੋਰਚੇ ਦੀ ਬੈਠਕ 1 ਸਤੰਬਰ ਚੰਡੀਗੜ੍ਹ ਮੋਰਚੇ ਦੀਆਂ ਤਿਆਰੀਆਂ ਲਈ ਕਿਰਤੀ ਕਿਸਾਨ ਮੋਰਚੇ ਦੀ ਮੀਟਿੰਗ
Publish Date: Tue, 18 Aug 2026 05:10 PM (IST)
Updated Date: Tue, 18 Aug 2026 05:12 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਕਿਰਤੀ ਕਿਸਾਨ ਮੋਰਚਾ ਵੱਲੋਂ ਇੱਕ ਸਤੰਬਰ ਨੂੰ ਪੰਜਾਬ ਦੀਆਂ ਹੱਕੀ ਮੰਗਾਂ ਲਈ ਚੰਡੀਗੜ੍ਹ ਵਿਖੇ ਲੱਗ ਰਹੇ ਪੱਕੇ ਮੋਰਚੇ ਦੀ ਤਿਆਰੀ ਲਈ ਰਘਵੀਰ ਸਿੰਘ ਹਰੀਵਾਲ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਮੀਟਿੰਗ ਵਿੱਚ ਇਕ ਸਤੰਬਰ ਦੇ ਚੰਡੀਗੜ੍ਹ ਮੋਰਚੇ ਦੀ ਤਿਆਰੀ ਲਈ ਕਮੇਟੀਆਂ ਦਾ ਗਠਨ ਕੀਤਾ ਗਿਆ। ਇਕ ਸਤੰਬਰ ਨੂੰ ਵੱਡੀ ਗਿਣਤੀ ਵਿੱਚ ਚੰਡੀਗੜ੍ਹ ਜਾਣ ਲਈ ਪਿੰਡਾਂ ਵਿੱਚ ਮੀਟਿੰਗਾਂ ਕਰਨ ਦਾ ਫੈਸਲਾ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਪੰਜਾਬ ਦੀਆਂ ਭੱਖਦੀਆਂ ਮੰਗਾਂ ਜਿਵੇਂ ਕਿ ਪਾਣੀਆਂ ਬਾਰੇ ਪਿਛਲੇ ਸਾਰੇ ਸਮਝੌਤੇ ਪੰਜਾਬ ਅਸੈਂਬਲੀ ਦਾ ਸੈਸ਼ਨ ਬੁਲਾ ਕੇ ਰੱਦ ਕੀਤੇ ਜਾਣ, ਬੀ ਬੀ ਐਮ ਬੀ ਵਿੱਚ ਪੰਜਾਬ ਦੀ ਹਿੱਸੇਦਾਰੀ ਬਹਾਲ ਕੀਤੀ ਜਾਵੇ, ਡੈਮ ਸੇਫਟੀ ਐਕਟ ਰੱਦ ਕੀਤਾ ਜਾਵੇ, ਆਫਤ ਪ੍ਰਬੰਧਨ ਕਾਨੂੰਨ 2024 ਨੂੰ ਵਾਪਸ ਲਿਆ ਜਾਵੇ, ਡਾਕਟਰ ਸਵਾਮੀ ਨਾਥਨ ਫਾਰਮਰ ਕਮਿਸ਼ਨ ਦੀਆਂ ਸਿਫਾਰਿਸ਼ਾਂ ਅਨੁਸਾਰ ਸਾਰੀਆਂ ਫਸਲਾਂ ਦੀ ਕਾਨੂੰਨੀ ਖਰੀਦ ਗਰੰਟੀ ਲਾਗੂ ਕੀਤੀ ਜਾਵੇ,ਫਸਲੀ ਵਿਭਿੰਨਤਾ ਨੂੰ ਉਤਸ਼ਾਹਤ ਕਰਨ ਲਈ ਸਾਰੀਆਂ ਫਸਲਾਂ ਦੀ ਖਰੀਦ ਕੀਤੀ ਜਾਵੇ ਤਾਂ ਕਿ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਿਆ ਜਾ ਸਕੇ, ਸਾਰੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕੀਤਾ ਜਾਵੇ,ਕਿਸਾਨਾਂ ਮਜ਼ਦੂਰਾਂ ਅਤੇ ਪੇਂਡੂ ਦਸਤਕਾਰਾਂ ਨੂੰ 10 ਹਜਾਰ ਰੁਪਏ ਮਹੀਨਾ ਬੁਢਾਪਾ ਪੈਨਸ਼ਨ ਦਿੱਤੀ ਜਾਵੇ, ਲੈਂਡ ਪੂਲਿੰਗ ਪਾਲਿਸੀ ਨੂੰ ਪੱਕੇ ਤੌਰ ’ਤੇ ਖਤਮ ਕੀਤਾ ਜਾਵੇ, ਜੇਕਰ ਕਿਸੇ ਪਬਲਿਕ ਅਦਾਰੇ ਲਈ ਕਿਸਾਨਾਂ ਦੀ ਜਮੀਨ ਅਕਵਾਇਰ ਕਰਨਾ ਜਰੂਰੀ ਹੋਵੇ ਤਾਂ ਇਹ ਭੂਮੀ ਅਧਿਗ੍ਰਹਿਨ ਕਾਨੂੰਨ 2013 ਅਨੁਸਾਰ ਕੀਤੀ ਜਾਵੇ, ਅੰਤਰਰਾਸ਼ਟਰੀ ਵਪਾਰਕ ਲਾਂਘੇ ਖੋਲੇ ਜਾਣ ਤਾਂ ਕਿ ਇਹਨਾਂ ਦੁਆਰਾ ਖੇਤੀ ਅਤੇ ਆਮ ਕਿਸਾਨੀ ਨੂੰ ਲਾਭ ਹੋ ਸਕੇ, ਬਿਜਲੀ ਬਿੱਲ 2025 ਅਤੇ ਬੀਜ ਬਿੱਲ 25 ਵਾਪਸ ਲਿਆ ਜਾਵੇ ਅਮਰੀਕਾ ਤੇ ਹੋਰ ਯੂਰਪੀ ਮੁਲਕਾਂ ਨਾਲ ਕੀਤੇ ਜਾ ਰਹੇ ਸਾਰੇ ਮੁਕਤ ਵਪਾਰ ਸਮਝੌਤੇ ਵਾਪਸ ਲਏ ਜਾਣ, ਗੰਨੇ ਦਾ ਰੇਟ 500 ਰੁਪਏ ਕੁਇੰਟਲ ਕੀਤਾ ਜਾਵੇ ਅਤੇ ਸਹਿਕਾਰੀ ਖੰਡ ਮਿੱਲਾਂ ਵਾਂਗ ਪ੍ਰਾਈਵੇਟ ਖੰਡ ਮਿੱਲਾਂ ਦੀ ਪੇਮੈਂਟ ਵੀ ਇੱਕ ਕਾਊਂਟਰ ’ਤੇ ਕੀਤੀ ਜਾਵੇ ਆਦਿ ਮੰਗਾਂ ਨੂੰ ਪੂਰਾ ਕਰਾਉਣ ਲਈ ਇਕ ਸਤੰਬਰ ਨੂੰ ਚੰਡੀਗੜ੍ਹ ਲਾਏ ਜਾ ਰਹੇ ਮੋਰਚੇ ਵਿੱਚ ਹੁਮ ਹੁਮਾ ਕੇ ਪਹੁੰਚਣ ਤਾਂ ਕਿ ਉਪਰੋਕਤ ਮੰਗਾ ਨੂੰ ਪੂਰਾ ਕਰਾਉਣ ਲਈ ਪੰਜਾਬ ਅਤੇ ਕੇਂਦਰ ਸਰਕਾਰ ਉੱਪਰ ਦਬਾਅ ਬਣਾਇਆ ਜਾ ਸਕੇ। ਮੀਟਿੰਗ ਵਿੱਚ ਮੁਲਾਜ਼ਮਾਂ ਦੁਆਰਾ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਲਈ 27 ਅਗਸਤ ਅਤੇ ਕੌਮੀ ਇਨਸਾਫ਼ ਮੋਰਚੇ ਵੱਲੋਂ 21 ਅਗਸਤ ਨੂੰ ਕੀਤੇ ਜਾ ਰਹੇ ਬੰਦ ਦੀ ਪੁਰਜੋਰ ਹਮਾਇਤ ਦਾ ਐਲਾਨ ਵੀ ਕੀਤਾ । ਇਸ ਮੌਕੇ ਵੀਰ ਸਿੰਘ ਬੜਵਾ,ਮੇਜਰ ਸਿੰਘ ਅਸਮਾਨ ਪਰ, ਅਵਤਾਰ ਸਿੰਘ ਦਿਆਲ ਬੜਵਾ, ਮਾਸਟਰ ਰਾਮਪਾਲ ਅਸਾਲਤਪੁਰ ,ਅਵਤਾਰ ਸਿੰਘ ਅਸਾਲਤਪੁਰ, ਮੋਹਨ ਸਿੰਘ ਅਸਮਾਨ ਪੁਰ ,ਪ੍ਰੀਤਮ ਸਿੰਘ ਰਾਏਪੁਰ,ਅਮਰਜੀਤ ਸਿੰਘ ਬੈਂਸ, ਕੇਵਲ ਸਿੰਘ ਬਾਹਮਣ ਮਾਜਰਾ, ਬਿੰਦੂ ਭੈਣੀ, ਭਜਨ ਸਿੰਘ ਕੁਮਾ ਮਾਸਕੀ ਅਤੇ ਹੋਰ ਵੀ ਕਿਸਾਨ ਆਗੂ ਮੌਜੂਦ ਸਨ।