ਨਸ਼ਿਆਂ ਵਿਰੁੱਧ ਕੀਰਤਪੁਰ ਸਾਹਿਬ ਪੁਲਿਸ ਦਾ ਕਾਸੋ ਆਪਰੇਸ਼ਨ ਨਸ਼ਿਆਂ ਵਿਰੁੱਧ ਕੀਰਤਪੁਰ ਸਾਹਿਬ ਪੁਲਿਸ ਦਾ ਕਾਸੋ ਆਪਰੇਸ਼ਨ
Publish Date: Sun, 04 Oct 2026 06:42 PM (IST)
Updated Date: Sun, 04 Oct 2026 06:44 PM (IST)
ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਪੰਜਾਬ ਸਰਕਾਰ ਵੱਲੋਂ ਚਲਾਈ ਗਈ ਨਸ਼ਿਆਂ ਵਿਰੁੱਧ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਐੱਸਐੱਸਪੀ ਮਨਿੰਦਰ ਸਿੰਘ ਆਈਪੀਐੱਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਸ਼ਨਦੀਪ ਸਿੰਘ ਡੀਐੱਸਪੀ ਸ੍ਰੀ ਅਨੰਦਪੁਰ ਸਾਹਿਬ ਦੀ ਅਗਵਾਈ ’ਚ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸਐੱਚਓ ਇੰਸਪੈਕਟਰ ਰਾਹੁਲ ਸ਼ਰਮਾ ਵੱਲੋਂ ਵਿਸ਼ੇਸ਼ ਕਾਸੋ ਆਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਹਿਮਾਚਲ-ਪੰਜਾਬ ਸਰਹੱਦ ਨਾਲ ਲੱਗਦੀ ਫੈਕਟਰੀ ਦੀ ਪਾਰਕਿੰਗ, ਦੇਹਣੀ ਟਰੱਕ ਯੂਨੀਅਨ ਸਮੇਤ ਕਈ ਥਾਵਾਂ ’ਤੇ ਪੁਲਿਸ ਵੱਲੋਂ ਚੈਕਿੰਗ ਕੀਤੀ ਗਈ। ਥਾਣਾ ਮੁਖੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵੱਖ-ਵੱਖ ਥਾਣਿਆਂ ’ਚ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਾਸੋ ਆਪਰੇਸ਼ਨ ਚਲਾਏ ਜਾ ਰਹੇ ਹਨ, ਉਸਦੇ ਚਲਦਿਆਂ ਵਿਸ਼ੇਸ਼ ਆਪਰੇਸ਼ਨ ’ਚ ਕੀਰਤਪੁਰ ਸਾਹਿਬ ਪੁਲਿਸ ਤੋਂ ਇਲਾਵਾ ਚੌਕੀ ਇੰਚਾਰਜ ਭਰਤਗੜ੍ਹ, ਚੌਕੀ ਇੰਚਾਰਜ ਹਰੀਪੁਰ ਅਤੇ ਥਾਣਾ ਨੂਰਪੁਰ ਬੇਦੀ ਤੋਂ ਪੁਲਿਸ ਫੋਰਸ ਵੀ ਪਹੁੰਚੀ ਹੋਈ ਸੀ। ਵੱਖ-ਵੱਖ ਪੁਲਿਸ ਟੀਮਾਂ ਦੀ ਮਦਦ ਨਾਲ ਸੰਵੇਦਨਸ਼ੀਲ ਥਾਵਾਂ ’ਤੇ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਕਾਸੋ ਆਪਰੇਸ਼ਨ ਦਾ ਮੁੱਖ ਮਕਸਦ ਨਸ਼ਾ ਵੇਚਣ ਅਤੇ ਸਪਲਾਈ ਕਰਨ ਵਾਲੇ ਵਿਅਕਤੀਆਂ, ਖ਼ਾਸ ਕਰਕੇ ਡਰੱਗ ਪੈਡਲਰਾਂ ’ਤੇ ਸ਼ਿਕੰਜਾ ਕੱਸਣਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਵਿਰੁੱਧ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਪਰੇਸ਼ਨ ਦੌਰਾਨ ਸਾਹਮਣੇ ਆਉਣ ਵਾਲੇ ਮਾਮਲਿਆਂ ਸਬੰਧੀ ਅਗਲੀ ਕਾਰਵਾਈ ਵੀ ਕੀਤੀ ਜਾਵੇਗੀ। ------------ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਇਸ ਮੌਕੇ ਥਾਣਾ ਮੁਖੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੇ ਪਰਿਵਾਰ ਦਾ ਸਾਥ ਦੇਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ਾ ਕਰਦਾ ਹੈ ਅਤੇ ਆਪਣੀ ਨਸ਼ੇ ਦੀ ਆਦਤ ਛੱਡਣਾ ਚਾਹੁੰਦਾ ਹੈ ਤਾਂ ਉਹ ਪੁਲਿਸ ਨਾਲ ਸੰਪਰਕ ਕਰੇ। ਉਨ੍ਹਾਂ ਦੱਸਿਆ ਕਿ ਧਾਰਾ 64-ਏ ਤਹਿਤ ਨਿਰਧਾਰਤ ਕਾਰਵਾਈ ਅਨੁਸਾਰ ਨਸ਼ਾ ਛੱਡਣ ਦੇ ਇੱਛੁਕ ਵਿਅਕਤੀ ਨੂੰ ਨਸ਼ਾ ਮੁਕਤੀ ਲਈ ਸਹਾਇਤਾ ਦਿਵਾਈ ਜਾਵੇਗੀ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਵੱਲੋਂ ਨਸ਼ਾ ਵੇਚਣ ਜਾਂ ਨਸ਼ਾ ਸਪਲਾਈ ਕਰਨ ਸਬੰਧੀ ਕੋਈ ਜਾਣਕਾਰੀ ਹੈ ਤਾਂ ਉਹ ਪੁਲਿਸ ਨੂੰ ਦਿੱਤੀ ਜਾਵੇ। ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਬਿਲਕੁਲ ਗੁਪਤ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ।